ਕਮਛ੍ਯਾ/ਕਮਖਿਆ :
"ਕਲੀ ਕਾਰਣੀ ਕਰਮ ਕਰਤਾ ਕਮਛ੍ਯਾ ॥
ਪਰੀ ਪਦਮਿਨੀ ਪੂਰਣੀ ਸਰਬ ਇਛ੍ਯਾ ॥ {ਚੰਡੀ ਚਰਿਤ੍ਰ ੨ ਅ. ੭ - ੨੫੦ - ਸ੍ਰੀ ਦਸਮ ਗ੍ਰੰਥ ਸਾਹਿਬ}"
"ਕਲੀ ਕਾਰਣੀ ਕਰਮ ਕਰਤਾ ਕਮਛ੍ਯਾ ॥" ਇੱਕ 'ਕਮਖਿਆ' ਦੇਵੀ ਹੈ ਇਹਨਾਂ(ਹਿੰਦੂਆਂ) ਦੀ, ਆਸਾਮ 'ਚ ਉਸਦੀ ਪੂਜਾ ਹੁੰਦੀ ਹੈ । 'ਕਮਖਿਆ' ਕੀ ਹੈ ਉਹਦੇ ਬਾਰੇ ਦੱਸਦੇ ਹਨ, ਉਹਨਾਂ ਦੀਆਂ ਦੇਵੀਆਂ ਦੀ ਪੂਜਾ ਨਹੀਂ ਕਰ ਰਹੇ ਸਗੋਂ ਉਹਨਾਂ ਦਾ ਖੰਡਨ ਕਰ ਰਹੇ ਹਨ ਕਿ ਇਧਰ ਧਿਆਨ ਨਹੀਂ ਕਰਨਾ, ਨਹੀਂ ਤਾਂ ਅਸੀਂ(ਭਾਵ ਖਾਲਸਾ) ਵੀ ਉਹਨਾਂ ਸਾਰੀਆਂ ਨਾਲ ਜੁੜ ਜਾਂਦੇ ਜੇ ਉਹਨਾਂ ਨੂੰ ਮੰਨ ਲੈਂਦੇ । ਉਹਨਾਂ ਸਾਰੀਆਂ ਦਾ ਤਾਂ ਖੰਡਨ ਹੋ ਰਿਹਾ ਹੈ, ਪਰ 'ਟੀਕਾਕਾਰ ਪੰਡਿਤ ਨਰਾਇਣ ਸਿੰਘ' ਇਹਨਾਂ ਸਾਰੀਆਂ ਦੀ ਮਾਨਤਾ ਕਰ ਰਿਹਾ ਹੈ ਇਥੇ । ਸਾਡੇ ਵਿਦਵਾਨਾਂ ਨੂੰ ਵੀ ਇਹਨਾਂ ਅਰਥਾਂ ਕਰਕੇ ਹੀ ਅਲਰਜੀ ਹੈ, ਉਹ ਕਹਿੰਦੇ ਹਨ ਕਿ ਸਾਨੂੰ ਤਾਂ ਸਾਰੀਆਂ ਦੇਵੀਆਂ ਨਾਲ ਜੋੜ ਦਿਤਾ । ਉਹਨਾਂ ਨੂੰ ਇਹ ਸਮਝ ਨਹੀਂ ਕਿ ਅਰਥ ਗਲਤ ਹਨ, ਦਫ਼ਾ-ਹੋਣਿਆਂ ਨੇ ਇੰਝ ਨਹੀਂ ਸੋਚਿਆ ਕਿ ਅਰਥ ਵੇਖੀਏ ਏਹਦੇ, ਪੰਡਿਤ 'ਤੇ ਸ਼ੱਕ ਤਾਂ ਕੀਤਾ ਨਹੀਂ ਕਿ ਪੰਡਿਤ ਨੇ ਅਰਥ ਗਲਤ ਕਰ ਦਿੱਤੇ । ਜਾਂ ਤਾਂ ਇਹਨਾਂ ਕੋਲ ਬੁਧੀ ਹੀ ਨਹੀਂ ਹੈ, ਅਰਥ ਕਰਨ ਜੋਗੀ ਅਕਾਲ ਹੀ ਨਹੀਂ ਹੈ ।
ਕਮਖਿਆ ਦੇਵੀ ਕੀ ਹੈ, ਕੀ ਕਰਦੀ ਹੈ ਉਹੋ, ਕੀ ਵਰਦਾਨ ਦਿੰਦੀ ਹੈ, ਉਹਦੇ ਦਾਇਰੇ 'ਚ ਕੀ ਆਉਂਦਾ ਹੈ ? "ਕਲੀ ਕਾਰਣੀ ਕਰਮ ਕਰਤਾ ਕਮਛ੍ਯਾ ॥" 'ਕਲੀ ਕਾਰਣੀ' ਕਲੀ ਕਹਿੰਦੇ ਹਨ 'ਕਲਪਨਾ' ਨੂੰ, 'ਕਲਪਨਾ ਦਾ ਕਾਰਣ' ਹੈ ਕਮਖਿਆ, ਇਹ ਤਾਂ ਕਾਲ ਪੈਦਾ ਕਰਦੀ ਹੈ ਥੋਡੇ ਵਾਸਤੇ, {ਕਿਉਂਕਿ ਕਬੀਰ ਜੀ ਕਹਿੰਦੇ ਹਨ ਕਿ "ਕਾਲ ਕਲਪਨਾ ਕਦੇ ਨ ਖਾਇ ॥ {ਪੰਨਾ 343}" ਭਾਵ 'ਕਲਪਨਾ' ਹੀ ਸਾਡਾ ਕਾਲ ਹੈ} 'ਕਮਖਿਆ ਦੇਵੀ' ਤਾਂ ਕਾਲ ਦੇ ਜਾਲ 'ਚ ਫਸਾਉਣ ਵਾਲੀ ਹੈ, ਇਹਦੇ ਨੇੜੇ ਨਾ ਜਾਇਉ । "ਕਰਮ ਕਰਤਾ ਕਮਛ੍ਯਾ" ਇਹੀ ਕਰਮ ਕਰਦੀ ਹੈ, ਜੇ ਕੁਛ ਕਰਦੀ ਹੈ ਤਾਂ ਆਹ ਕਰਦੀ ਹੈ "ਕਰਮ ਕਰਤਾ", ਇਹ ਕਮਖਿਆ ਦੇਵੀ ਹੈ ।
ਕਮਖਿਆ ਕੀ ਹੈ ? ਇੱਕ 'ਨੈਣਾ ਦੇਵੀ' ਹੈ ਇੱਕ 'ਕਮਖਿਆ' ਹੈ, ਕਮਖਿਆ(ਕਮ+ਅੱਖੀਆਂ) ਉਹ ਹੈ ਜਿਸ ਦੀਆਂ ਅੱਖਾਂ ਫੁੱਟੀਆਂ ਹੋਈਆਂ ਹਨ, ਐਵੇਂ ਮਾੜਾ-ਮੋਟਾ ਹੀ ਦਿਸਦਾ ਹੈ ਉਹਨੂੰ, ਉਹਦੇ 'ਚ ਗਿਆਨ ਨਹੀਂ ਹੁੰਦਾ । ਗਿਆਨ ਦੀ ਰੌਸ਼ਨੀ ਘਟਾਉਣ ਵਾਲੀ ਹੈ 'ਕਮਖਿਆ', ਇਹ ਬੁਧਿ ਦਾ ਨਾਸ਼ ਕਰਨ ਵਾਲੀ ਹੈ ਕਮਖਿਆ, ਵੱਡੀਆਂ-੨ ਅੱਖਾਂ ਤੋਂ ਛੋਟੀਆਂ-੨ ਕਰ ਦਿੰਦੀ ਹੈ ਏਹੇ, ਜੇ ਕੀੜੀ ਜਿੰਨੀ ਅੱਖ ਰਹਿ ਜਾਵੇ ਤਾਂ ਆਦਮੀ ਦੱਸੋ ਕੀ ਕਰੂ ਵਿਚਾਰਾ ? ਇਹ ਕਮਖਿਆ ਹੈ, ਅੱਖਾਂ ਦੀ ਲਾਇਟ ਨਹੀਂ ਰਹਿਣ ਦਿੰਦੀ ਏਹੇ ਭਾਵ ਇਹ ਬੁਧੀ ਵਿਚ ਗਿਆਨ ਨਹੀਂ ਰਹਿਣ ਦਿੰਦੀ । ਇਹ ਤਾਂ 'ਕਲੀ ਕਾਰਣੀ' ਹੈ, ਕਲਪਨਾ ਪੈਦਾ ਕਰਦੀ ਹੈ, ਛੂਟ ਦਿੰਦੀ ਹੈ ਕਲਪਨਾ ਕਰਨ ਦੀ, ਇਹ ਕਮਖਿਆ ਦੇਵੀ ਹੈ ।
"ਪਰੀ ਪਦਮਿਨੀ ਪੂਰਣੀ ਸਰਬ ਇਛ੍ਯਾ ॥" ਆਹ ਦੇਖੋ ! ਜਿਹੜੀ ਗੁਰਮਤਿ ਹੈ ਉਹ ਕੀ ਹੈ ? 'ਪਰੀ' । ਸ਼ੁਰੂ ਤੋਂ ਲੈ ਕੇ 'ਪਰੀ' ਹੈ ਮਾਇਆ ਤੋਂ ਪਰ੍ਹੇ ਹੈ, ਉਹ 'ਪਦਮਨੀ' ਹੈ, ਉਹਦੇ ਪੈਰਾਂ 'ਚ ਮਣੀਆਂ ਜੜੀਆਂ ਹੋਈਆਂ ਹਨ "ਮਤਿ ਵਿਚਿ ਰਤਨ ਜਵਾਹਰ ਮਾਣਿਕ {ਪੰਨਾ 2}" 'ਪਦਮਿਨੀ' ਪਦ ਹੁੰਦਾ ਹੈ ਪੈਰ । ਮਣੀਆਂ ਦੇ ਹੀ ਪੈਰ ਹਨ ਉਹਦੇ, ਗੁਣ ਹੀ ਗੁਣ ਹਨ ਸਾਰੇ, ਜਿਹੜੇ ਉਹਦੇ ਚਰਨ ਹਨ ਉਹ ਗੁਣ ਹਨ ਸਾਰੇ ਹੀ "ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥ {ਪੰਨਾ 920}" ਉਹ 'ਪਰੀ' ਹੈ ਭਾਵ ਮਾਇਆ ਤੋਂ ਪਰ੍ਹੇ ਦੀ ਹੈ, ਸਾਰੇ ਉਹਦੇ ਹੀਰੇ ਜੜੇ ਹੋਏ ਹਨ । "ਪੂਰਣੀ ਸਰਬ ਇਛ੍ਯਾ" ਸਾਰੀਆਂ ਇਛਾ ਪੂਰੀਆਂ ਕਰਨ ਵਾਲੀ 'ਉਹੋ' ਹੈ, 'ਕਮਖਿਆ' ਤਾਂ ਇਛਾ ਪੈਦਾ ਕਰਨ ਵਾਲੀ ਹੈ, ਪੂਰੀਆਂ ਕਰਨ ਵਾਲੀ ਨਹੀਂ ਹੈ । ਕਮਖਿਆ 'ਇਛਾ' ਨੂੰ ਪੈਦਾ ਕਰਨ ਦੀ ਤਾਂ ਛੂਟ ਦਿੰਦੀ ਹੈ ਪਰ ਪੂਰੀਆਂ ਨਹੀਂ ਕਰਦੀ, ਪੂਰੀਆਂ ਕਰਨ ਵਾਲੀ 'ਗੁਰਮਤਿ' ਹੈ, 'ਦੋਹਾਂ' ਦਾ ਫਰਕ ਦੱਸ ਦਿੱਤਾ । ਇਹਨਾਂ(ਹਿੰਦੂਆਂ) ਨੇ ਕਮਖਿਆ ਦੇ ਅਰਥ ਲਾ ਲਏ 'ਇਛਾ ਪੂਰੀਆਂ ਕਰਨ ਵਾਲੀ', ਦਸਮ ਪਾਤਸ਼ਾਹ ਕਹਿੰਦੇ ਇਹ ਨਹੀਂ ਹੈ ਕਮਖਿਆ, ਇਹ ਇਛਾ ਪੈਦਾ ਕਰਦੀ ਹੈ ਪੂਰੀਆਂ ਨਹੀਂ ਕਰਦੀ, ਪੂਰੀਆਂ ਕਰਨ ਵਾਲੀ ਤਾਂ 'ਗੁਰਮਤਿ' ਹੈ, ਦੋਹਾਂ ਦਾ ਫਰਕ ਸਮਝਾਇਆ ਹੋਇਆ ਹੈ ।
http://gurmukhisabadkosh.blogspot.in/2011/06/kamachhya-kamakhya.html
No comments:
Post a Comment
Note: Only a member of this blog may post a comment.