Thursday, December 8, 2011

Aqal Liv

   "ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥ {ਪੰਨਾ 1392}"

ਅਕਲ ਇੱਕ ਥਾਂ ਜੁੜੀ ਰਹਿੰਦੀ ਹੈ, ਅਕਲ ਬਹੁਤਾ ਏਧਰ-ਓਧਰ ਨਹੀਂ ਭੱਜਦੀ । ਲਿਵ ਕੀਹਦੀ ਲੱਗਣੀ ਐ ? ਅਕਲ ਦੀ ਹੀ ਲਿਵ ਲੱਗਣੀ ਹੈ । ਅਕਲ ਹੀ ਦੁਖੀ ਕਰਦੀ ਹੈ । ਜਿਹੜਾ 'ਬਿਕਲ' ਲਫਜ ਹੈ, ਜੀਹਨੂੰ ਅਸੀਂ ਬੇ-ਅਕਲ ਕਹਿੰਦੇ ਹਾਂ, ਉਸਦਾ ਵਿਆਕੁਲ ਦੇ ਨਾਲ ਬਹੁਤ ਗਹਿਰਾ ਸੰਬੰਧ ਹੈ । ਜਿਹੜਾ ਬੁੱਧੀ ਹੀਣ ਹੈ ਉਹ ਵਿਆਕੁਲ ਰਹਿੰਦਾ ਹੈ, ਕਿਉਂਕਿ ਉਹਦੀ ਬੁੱਧੀ ਇੱਕ ਥਾਂ ਟਿਕਦੀ/ਖੜਦੀ ਨਹੀਂ ਹੈ । ਬੁੱਧੀ ਡੋਲਦੀ ਹੈ ਜਾਂ ਮਨ ਡੋਲਦਾ ਹੈ, ਇੱਕੋ ਹੀ ਗੱਲ ਹੈ, ਮਨ ਅਰ ਬੁੱਧੀ ਦੋ ਨਹੀਂ ਹਨ । ਅਸਲ 'ਚ ਗੱਲ ਇਹ ਕਹਿਣੀ ਚਾਹੁੰਦਾ ਹੈ ਕਿ ਮਨ ਦੀ ਲਿਵ ਨਹੀਂ ਹੁੰਦੀ, ਅਕਲ ਦੀ ਲਿਵ ਹੁੰਦੀ ਹੈ । ਜਦ ਅਸੀਂ ਮਨ ਦੀ ਲਿਵ ਕਹਿੰਦੇ ਹਾਂ ਤਾਂ ਸਾਨੂੰ ਇਹ ਭੁਲੇਖਾ ਜਿਹਾ ਹੁੰਦਾ ਹੈ ਕਿ ਮਨ ਨੀ ਕਾਬੂ ਆਉਂਦਾ, ਅਸਲ 'ਚ ਅਕਲ ਦਾ ਆਪਣੇ ਆਪ 'ਤੇ ਕਾਬੂ ਨਹੀਂ ਹੈ । ਜਦ ਅਸੀਂ ਕਹਿੰਦੇ ਹਾਂ ਕਿ ਸਾਡਾ ਆਪਣੇ ਆਪ 'ਤੇ ਕਾਬੂ ਨਹੀਂ ਹੈ, ਅਕਲ ਦਾ ਆਪਣੇ ਆਪ 'ਤੇ ਕਾਬੂ ਨਹੀਂ ਹੈ । ਅਕਲ ਦਾ ਸੰਤੁਲਣ ਵਿਗੜਿਆ ਹੋਇਆ ਹੈ, ਸਾਡੀ ਸੋਚ ਸੰਤੁਲਿਤ ਨਹੀਂ ਹੈ, ਇੱਕ ਤਰਫੀ ਸੋਚ ਹੈ । ਸੋਚ ਮਾਇਆ ਵੱਲ ਜਿਆਦਾ inclined/ਝੁਕੀ ਹੋਈ ਹੈ, ਬਹੁਤੀ ਹੀ ਝੁਕੀ ਹੋਈ ਹੈ, ਦੂਜੇ ਪਾਸੇ ਦਾ ਪੱਲੜਾ ਉੱਤੇ ਟੰਗਿਆ ਹੋਇਆ ਹੈ ।
                                                     ਸੋਚ ਐਨੀ ਸੰਤੁਲਿਤ ਬਣਾ ਦੇਣੀ ਹੈ, ਜੋਗੀਆਂ ਨੇ ਕੀ ਕੀਤਾ ਕਿ ਮਾਇਆ ਵੱਲੋਂ ਬਿਲਕੁੱਲ ਹੀ ਉੱਤੇ ਚੁੱਕਤੀ, ਉਹ ਵੀ ਗਲਤ ਹੈ । ਇਹ ਵੀ ਨਹੀਂ ਹੋ ਸਕਦਾ ਕਿ ਅਸੀਂ ਮਾਇਆ (ਬਾਹਰਲੇ ਸਰੀਰ) ਦੀ ਅਣਦੇਖੀ ਕਰ ਦੇਈਏ, ਇਹ ਵੀ ਨਹੀਂ ਹੋ ਸਕਦਾ ਕਿ ਬਾਹਰਲੇ ਸਰੀਰ ਦੀ ਦੇਖ-ਰੇਖ ਦੇ ਵਿੱਚ ਅੰਦਰਲੇ ਸਰੀਰ ਦੀ ਅਣਦੇਖੀ ਕਰ ਦੇਈਏ । ਇਹ ਸੰਤੁਲਿਤ ਸੋਚ ਹੈ । ਜਿੰਨੀ ਲੋੜ ਹੈ ਉਨੀ ਬਾਹਰਲੇ ਸਰੀਰ ਦੀ ਦੇਖ-ਰੇਖ ਜਰੂਰੀ ਹੈ, ਲੋੜ ਤੋਂ ਵੱਧ ਗਲਤ ਹੈ । ਅੰਦਰਲੀ ਲੋੜ ਪੂਰੀ ਹੋ ਜਾਵੇ ਇਸ ਜਨਮ ਦੇ ਵਿੱਚ, ਇਹ ਬੜੀ ਔਖੀ ਗੱਲ ਹੈ, ਇਸ ਕਰਕੇ ਉੱਥੇ ਧਿਆਨ maximum/ਜਿਆਦਾ ਚਾਹੀਦਾ ਹੈ । ਜਿੰਨਾ ਕੰਮ ਹੋ ਜਾਵੇ ਉਨਾ ਹੀ ਚੰਗਾ ਹੈ, "ਕਾਲਿ ਕਰੰਤਾ ਅਬਹਿ ਕਰੁ" ਤਾਂ ਹੀ ਕਹਿਆ ਹੋਇਆ ਹੈ, "ਅਬ ਕਰਤਾ ਸੁਇ ਤਾਲ ॥ {ਪੰਨਾ 1371}" ਇਹ ਹੈ ਅਕਲ ਲਿਵ । ਅਕਲ ਲਿਵ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਥਾਂ 'ਤੇ ਟਿਕਾ ਲਉ ਤੇ ਸੋਚਣਾ ਹੀ ਬੰਦ ਕਰ ਦਿਉ ।
                               ਅਕਲ ਨੂੰ ਸੰਤੁਲਿਤ ਰੱਖ ਕੇ ਜਾਗ੍ਰਿਤ ਅਵਸਥਾ ਵਿੱਚ (Aware) ਰਹੋ । ਜਾਗ੍ਰਿਤ/ਸਹਿਜ ਅਵਸਥਾ ਵਿੱਚ ਰਹੋ,"ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥ {ਪੰਨਾ 478}" ਸਹਿਜ ਅਵਸਥਾ ਵਿੱਚ ਰਹਿਣਾ, ਜੋ ਕੰਮ ਕਰਨ ਆਏ ਹਾਂ, Present ਵਿੱਚ ਰਹੋ । ਨਾ future 'ਚ ਜਾਉ, ਨਾ past ਵਿੱਚ, ਜੋ ਹੋ ਚੁੱਕਿਆ ਹੈ ਉਹ ਨਾ ਮਹਿਸੂਸ ਕਰੋ । future or past ਦੀ ਲੋੜ ਨਹੀਂ, ਜੋ ਹੋ ਗਿਆ ਉਹ ਹੋ ਹੀ ਗਿਆ ਹੁਣ, ਉਹਤੋਂ ਸਿੱਖਿਆ ਲਉ 'ਗਾਹਾਂ ਨੂੰ ਉਹੋ ਜਿਹਾ ਨਾ ਹੋਵੇ, ਸਿੱਖਿਆ ਤਾਂ ਅੰਦਰ ਲਈ ਹੋਈ ਹੈ ਉਹਤੋਂ । 'ਗਾਹਾਂ ਨੂੰ ਕੀ ਹੋਊ ਕੀ ਨਾ ਹੋਊ ਆਪਾਂ ਨੂੰ ਕੋਈ ਪਤਾ ਨਹੀਂ । Present ਦਾ maximum (ਵੱਧ ਤੋਂ ਵੱਧ) ਲਾਭ ਉਠਾਉ । ਇਹ ਅਕਲ ਲਿਵ ਹੈ । ਲਿਵ ਦਾ ਇਹ ਨਹੀਂ ਹੈ ਕਿ ਇੱਕ ਥਾਂ ਧਿਆਨ ਟਿਕਾ ਕੇ ਸੋਚਣਾ ਹੀ ਬੰਦ ਕਰ ਦੇਣੈ, ਉਹ ਤਾਂ ਬੁੱਧੀਹੀਨ ਹੋ ਗਿਆ, ਬੁੱਧੀ ਤੋਂ ਕੰਮ ਲੈਣਾ ਹੀ ਬੰਦ ਕਰਤਾ । ਅਕਲ ਲਿਵ ਦਾ ਮਤਲਬ ਬੁੱਧੀਹੀਨ ਹੋਣਾ ਨਹੀਂ ਹੈ, ਬਲਕਿ ਬੁੱਧੀ ਤੋਂ ਸੰਤੁਲਿਤ ਤਰੀਕੇ ਨਾਲ ਕੰਮ ਲੈਣਾ ਹੈ ।
                                                   ਬੁੱਧੀ ਤੋਂ ਕੰਮ ਲੈਣੈ "ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ {ਪੰਨਾ 1245}" ਅਕਲ ਇਹ ਨਹੀਂ ਹੈ ਕਿ ਵਾਦ-ਵਿਵਾਦ ਲੋਕਾਂ ਨਾਲ ਕਰੀ ਜਾਈਏ ਅਤੇ ਸਾਰੀ ਅਕਲ ਗਵਾ ਲਈਏ, ਇਹਨੂੰ ਅਕਲ ਨਹੀਂ ਕਹਿੰਦੇ । ਗੁਰਬਾਣੀ ਤਾਂ ਇਹਨੂੰ ਅਕਲ ਮੰਨਦੀ ਨਹੀਂ, ਪਰ ਵਿਦਵਾਨ ਏਸੇ ਕੰਮ 'ਚ ਲੱਗੇ ਹੋਏ ਹਨ । ਪਹਿਲਾਂ ਪੰਡਿਤ ਵੀ ਲੱਗੇ ਹੋਏ ਸਨ, ਅੱਜ ਸਾਡੇ ਸਿੱਖ ਵਿਦਵਾਨ ਵੀ ਲੱਗੇ ਹੋਏ ਹਨ । ਵਿਦਵਾਨ ਏਥੇ ਤੱਕ ਹੀ ਸੀਮਤ ਹੁੰਦੇ ਹਨ, "ਅਕਲਿ ਗਵਾਈਐ ਬਾਦਿ" ਤੱਕ । ਜਿਹੜੇ ਆਪਣੀ ਅਕਲ ਨੂੰ ਵਾਦ-ਵਿਵਾਦ 'ਚ ਪਾ ਕੇ ਰੱਖਦੇ ਹਨ, ਉਹ ਵਿਦਵਾਨ ਹੁੰਦੇ ਨੇ, ਸਿੱਖ ਨਹੀਂ ਹੁੰਦੇ, ਕਿਉਂਕਿ ਗੁਰਬਾਣੀ ਦੱਸਦੀ ਹੈ ਇਹ ਗੱਲ । ਜੀਹਨੇ ਪੜ੍ਹ ਕੇ ਬੁੱਝਿਆ ਹੈ ਉਹ ਅਕਲ ਹੈ, ਅਸਲ 'ਚ ਅਕਲ ਓਹੋ ਹੀ ਹੈ ਜਿਹੜੀ ਪੜ੍ਹ ਕੇ ਬੁੱਝਦੀ ਹੈ ਕੁਝ । "ਅਕਲੀ ਪਾਈਐ ਮਾਨੁ"ਤਾਂ ਹੀ ਮਾਣ ਪ੍ਰਾਪਤ ਹੋਊ ਜੇ ਪੜ੍ਹ ਕੇ ਬੁੱਝਾਂਗੇ ।
                                                    "ਅਕਲੀ ਸਾਹਿਬੁ ਸੇਵੀਐ" ਸਾਹਿਬ ਦੀ ਜਿਹੜੀ ਸੇਵਾ ਹੈ, ਇਹ ਵੀ ਅਕਲ ਨਾਲ ਕਰਨੀ ਹੈ, ਸਰੀਰ ਨਾਲ ਨੀ ਕਰਨੀ ਬਾਹਰਲੇ ਨਾਲ, ਅਕਲ ਨਾਲ ਕਰਨੀ ਹੈ । ਬਾਹਰਲੇ ਸਰੀਰ ਦੀ ਸੇਵਾ, ਸੇਵਾ ਨਹੀਂ ਹੈ, ਉੱਦਮ ਹੈ ਓਹੋ । ਅਕਲ ਨਾਲ ਸੇਵਾ ਕਰਨੀ ਹੈ ਬੱਸ । ਕਾਰ-ਸੇਵਾ ਵਾਲੀ ਸੇਵਾ, ਅਕਲ ਦੀ ਨਹੀਂ ਹੈ, ਉਹ ਸਰੀਰ ਨਾਲ ਹੋ ਰਹੀ ਹੈ । ਜੋ ਸਰੀਰ ਨਾਲ ਹੋ ਰਹੀ ਹੈ, ਉਹ ਅਕਲ ਦੀ ਸੇਵਾ ਨਹੀਂ ਹੈ, ਅਕਲ ਦੀ ਸੇਵਾ ਅਲੱਗ ਗੱਲ ਹੈ । ਅਕਲ ਦੀ ਸੇਵਾ ਦਰਗਾਹ ਵਿੱਚ ਕੰਮ ਆਉਂਦੀ ਹੈ, ਸਰੀਰ ਦੀ ਸੇਵਾ ਦਰਗਾਹ 'ਚ ਕੰਮ ਨੀ ਆਉਂਦੀ, ਇਹ ਤਾਂ ਅਕਲ ਦੀ ਸੇਵਾ ਨੂੰ ਸਮਝਣ ਤੱਕ ਹੀ ਕੰਮ ਆਉਂਦੀ ਹੈ । ਜੇ ਆਉਂਦੀ ਹੈ ਕੰਮ ਤਾਂ ਫੁੱਲ ਤੱਕ ਹੀ ਲੈ ਕੇ ਜਾਂਦੀ ਹੈ, ਫਲ ਨਹੀਂ ਹੈ । ਫਲ ਕਿਹੜੀ ਸੇਵਾ ਨੂੰ ਲੱਗਦਾ ਹੈ ? ਅਕਲ ਵਾਲੀ ਸੇਵਾ ਨੂੰ ਫਲ ਲੱਗਦਾ ਹੈ । ਫਲ ਕੀ ਹੈ ? ਫਲ ਹੈ 'ਮਾਣ', ਮਾਨਤਾ ਪ੍ਰਾਪਤ ਦਰਗਾਹ 'ਚ ।
                                                              ਪੜ੍ਹ ਕੇ ਜਿਹੜਾ ਬੁੱਝਣਾ "ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ {ਪੰਨਾ 1245}" ਅਸਲ ਤਾਂ ਰਾਹ ਏਹੇ ਹੈ, ਬਾਕੀ ਤਾਂ ਸਭ ਸ਼ੈਤਾਨ ਨੇ ਜਿਹੜੇ ਗੱਲਾਂ ਕਰ ਰਹੇ ਨੇ । ਜੋ ਪ੍ਰਚਾਰ ਅੱਜ ਸਿੱਖ ਪ੍ਰਚਾਰਕ ਕਰ ਰਹੇ ਨੇ, ਸਭਨਾਂ ਦਾ ਮਨ 'ਸ਼ੈਤਾਨ', ਆਹ ਦਿਮਾਗ 'ਚ ਬੈਠਾ ਹੈ । ਜਿਹੜੇ ਦਿਮਾਗ ਨੂੰ ਮੰਨਦੇ ਨੇ 'ਦਸਮ ਦੁਆਰ' ਉਹ ਸਭ ਸ਼ੈਤਾਨ ਦੇ ਘਰ 'ਚ ਬੈਠੇ ਹਨ । 'ਰਾਜ ਕਰੇਗਾ ਖਾਲਸਾ' ਸ਼ੈਤਾਨ ਦਾ ਘਰ ਹੈ, ਸਿੱਖ ਇੱਕ ਕੌਮ ਹੈ, ਇਤਿਹਾਸ ਬਿਨਾਂ ਕੌਮਾਂ ਨਹੀਂ ਰਹਿੰਦੀਆਂ, ਇਹ ਸਭ ਸ਼ੈਤਾਨ ਦੀਆਂ ਗੱਲਾਂ ਨੇ, ਗੁਰਬਾਣੀ ਦੀ ਗੱਲ ਨਹੀਂ ਹੈ । ਜੋ ਗੁਰਬਾਣੀ ਵਿੱਚ ਗੱਲ ਲਿਖੀ ਹੋਈ ਹੈ, ਇਹ ਸ਼ੈਤਾਨ ਨੂੰ ਕਾਬੂ ਕਰਨ ਦੀ ਗੱਲ ਹੈ, 'ਮਨ' ਸ਼ੈਤਾਨ ਹੈ । ਗੁਰਬਾਣੀ ਤਾਂ ਮਨ ਨੂੰ ਕਾਬੂ ਕਰਦੀ ਹੈ । ਦੂਜੀ ਤਾਂ ਸਾਰੀ ਸ਼ੈਤਾਨ ਦੀ ਸਿੱਖਿਆ ਹੈ, ਸ਼ੈਤਾਨ ਦੀ ਸਿੱਖਿਆ ਨੇ ਹੀ ਸਾਨੂੰ ਸਿੱਖੀ ਤੋਂ ਦੂਰ ਕਰ ਦਿੱਤਾ । ਗੁਰਬਾਣੀ ਤਾਂ ਸ਼ੈਤਾਨ ਨੂੰ 'ਮਨ' ਨੂੰ ਕਾਬੂ ਕਰਨ ਵਾਲੀ ਚੀਜ ਹੈ, ਪਰ 'ਮਨ' ਕਾਬੂ ਕਿਸੇ ਦੇ ਹੋਣਾ ਚਾਹੁੰਦਾ ਨਹੀਂ । ਮਨ ਕਦੋਂ ਚਾਹੁੰਦਾ ? ਮੈਂ ਕਿਸੇ ਦੇ ਕਾਬੂ ਆਵਾਂ, ਮੈਨੂੰ ਕੋਈ ਕਾਬੂ ਕਰੇ ?

            ਇਹ ਤਾਂ ਸ਼ੈਤਾਨਾਂ ਨੇ ਕਹਿ ਦਿੱਤਾ ਕਿ ਭਗਤਾਂ ਨੇ ਭਗਵਾਨ ਨੂੰ ਵੱਸ 'ਚ ਕਰ ਲਿਆ ਪ੍ਰੇਮ ਦੀਆਂ ਪਾ ਕੇ ਡੋਰੀਆਂ । "ਤੂ ਭਗਤਾ ਕੈ ਵਸਿ" {ਪੰਨਾ 962}"  ਕਹਿੰਦੇ ਤੂੰ ਤਾਂ ਭਗਤਾਂ ਦੇ ਵੱਸ ਐਂ, ਪੁੱਠੇ ਅਰਥ ਕਰ ਲਏ ਗੁਰਬਾਣੀ ਦੇ । ਕੀਹਨੇ ਕਰ ਲਏ ? ਸ਼ੈਤਾਨ ਨੇ । "ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ {ਪੰਨਾ 1245}" ਇਹ ਅਕਲ ਲਿਵ ਆ ਅਕਲ ਲਿਵ ।"ਅਕਲੀ ਪੜ੍ਹ੍ਹਿ ਕੈ ਬੁਝੀਐ" ਆਪ ਪੜ੍ਹਨੀ ਐ ਗੁਰਬਾਣੀ, ਅਕਲ ਨਾਲ ਪੜ੍ਹਨੀ ਐ ਅਤੇ ਅਕਲ ਨਾਲ ਬੁੱਝਣੀ ਐ । ਇਹ ਅਕਲ ਲਿਵ ਐ, ਹਰ ਵਕਤ ਅਕਲ ਦੇ ਸਿਰ 'ਤੇ ਰਹਿਣਾ ਹੈ, ਅਕਲ ਦੀ ਰੌਸ਼ਨੀ 'ਚ ਚੱਲਣਾ ਹੈ ਹਰ ਕਦਮ ਅਕਲ ਦੀ ਰੌਸ਼ਨੀ 'ਚ ਰੱਖਣਾ ਹੈ । "ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥ {ਪੰਨਾ 1392}" 'ਕਰਨ ਸਿਉ', ਕਰਨਾ ਕੀ ਹੈ ? ਅਕਲ ਦੀ ਲਿਵ 'ਚ ਚੱਲਣਾ ਹੈ, ਕਰਨਾ ਕੀ ਹੈ ? "ਇਛਾ ਚਾਰਹ", ਇੱਛਾ ਅਰ ਕਰਨ, ਆਚਰਨ, ਅਕਲ ਦੀ ਰੌਸ਼ਨੀ 'ਚ ਹੋਣਾ ਚਾਹੀਦਾ ਹੈ । ਗੁਰਬਾਣੀ 'ਚੋਂ ਜੋ ਸਮਝਿਆ ਹੈ ਉਹਦੀ ਰੌਸ਼ਨੀ 'ਚ ਹੀ ਆਚਰਨ ਹੋਣਾ ਚਾਹੀਦਾ ਹੈ, ਉਹਦੀ ਰੌਸ਼ਨੀ 'ਚ ਹੀ ਚੱਲਣਾ ਚਾਹੀਦਾ ਹੈ, ਉਹਦੀ ਰੌਸ਼ਨੀ 'ਚ ਹੀ ਇੱਛਾ ਪੈਦਾ ਹੋਣੀ ਚਾਹੀਦੀ ਹੈ ।
                                               ਜਿਹੜੀ ਇੱਛਾ ਗੁਰਬਾਣੀ ਕਹਿੰਦੀ ਹੈ ਕਿ ਗਲਤ ਹੈ, ਉਹ ਇੱਛਾ ਪੈਦਾ ਨਹੀਂ ਹੋਣ ਦੇਣੀ ਚਾਹੀਦੀ, ਓਸ ਇੱਛਾ ਦਾ ਨਾਸ ਕਰੋ । ਆਚਰਨ ਇੱਛਾ ਦੇ ਨਾਲ ਬਣਨਾ ਹੈ ਸਾਡਾ, ਅਸਲ ਦੇ ਵਿੱਚ ਇੱਛਾ ਹੀ ਆਚਰਨ ਦਾ ਰੂਪ ਬਣਦੀ ਹੈ । ਜੇ 'ਸਾਚੇ ਨਾਮ ਕੀ ਭੂਖ' ਹੈ ਤਾਂ ਆਚਰਨ ਓਹੇ ਜਿਹਾ ਹੋਜੂ, ਜੇ ਮਾਇਆ ਦੀ ਭੁੱਖ ਹੈ ਤਾਂ ਆਚਰਨ ਓਹੇ ਜਿਹਾ ਹੋਜੂ । "ਇਛਾ ਚਾਰਹ" ਜਿਹੜੀ ਅੰਦਰ ਇੱਛਾ ਹੈ, ਓਸੇ ਦੀ ਹੀ ਪੂਰਤੀ ਹੈ । ਜੋ ਸਾਡੇ ਅੰਦਰ ਇੱਛਾ ਪੈਦਾ ਹੋਊਗੀ, ਅਕਲ ਨੇ ਹੀ ਇੱਛਾ ਪੈਦਾ ਕਰਨੀ ਹੈ, ਉਹਦੇ ਅਨੁਸਾਰ ਹੀ ਸਾਡਾ ਆਚਰਨ ਹੋਊਗਾ । ਇੱਛਾ ਦੀ ਪੂਰਤੀ ਹੀ ਆਚਰਨ ਹੈ ਸਾਡਾ , ਉਸ ਇੱਛਾ ਦੀ ਤ੍ਰਿਪਤੀ ਵਾਸਤੇ ਇੱਛਾ ਨੂੰ ਹੀ ਚਾਰਾ ਪਉਣੈ, ਪੱਠੇ ਪਾਉਣੇ ਨੇ । ਇੱਛਾ ਪੂਰੀ ਕਿਵੇਂ ਹੋਊ ? ਉਹਦੇ ਵਾਸਤੇ ਪੱਠੇ ਚਾਹੀਦੇ ਨੇ ਹੁਣ । ਭੁੱਖ ਦੀ ਤ੍ਰਿਪਤੀ ਤਾਂ ਹੀ ਹੋਊ ਜੇ ਉਹਦੇ ਪੱਠੇ ਹੋਣਗੇ ਉਹੋ ਜਿਹੇ ।
                                                                        ਉਹ ਇੱਛਾਵਾਂ ਨੂੰ ਚਰਾਉਂਦੇ ਨੇ ਜਿਹੜੇ ਕਹਿੰਦੇ ਨੇ "ਕ੍ਰਿਸਨ ਚਰਾਵਤ ਗਾਊ ਰੇ ॥ {ਪੰਨਾ 338}" ਜੋ ਇੱਛਾਵਾਂ ਪੈਦਾ ਹੋਈਆਂ ਨੇ ਅੰਦਰ ਉਹਨਾਂ ਨੂੰ ਹੀ ਚਾਰਾ/ਪੱਠੇ ਪੈਂਦੇ ਨੇ, ਉਹਨਾਂ ਦੀ ਪੂਰਤੀ ਵਾਸਤੇ ਹੀ ਭੱਜਿਆ ਫਿਰਦਾ ਹੈ ਆਦਮੀ । ਪਰ ਇਹ ਅਕਲ ਦੱਸੂਗੀ ਕਿ ਇਹ ਇੱਛਾ ਗਲਤ ਹੈ ਜਾਂ ਠੀਕ ਹੈ ਜਿਹੜਾ ਕੰਮ ਹੈ । ਜੇ ਇੱਛਾ ਇਹ ਪੈਦਾ ਹੋ ਗਈ, ਏਹਦੇ ਮਗਰ ਲੱਗ ਗਏ ਤਾਂ ਫਿਰ ਨੁਕਸਾਨ ਹੈ ਜਾਂ ਫਾਇਦਾ ਹੈ ? ਇਹ ਅਕਲ ਦੇ level ਦੇ ਉੱਤੇ ਹਰ-ਵਖਤ ਰੱਖੋ । ਜਿਹੜੀ ਇੱਛਾ ਨੁਕਸਾਨ ਕਰਦੀ ਹੈ, ਉਹਨੂੰ ਤਿਆਗੋ, ਬਈ ਇਹ ਨੀ ਕਰਨੀ । "ਕਰਨ ਸਿਉ ਇਛਾ ਚਾਰਹ" ਇੱਛਾ ਦੀ ਤਾਂ ਪੂਰਤੀ ਕਰਨੀ ਹੈ, ਜੇ ਨਾਮ ਦੀ ਇੱਛਾ ਹੈ ਤਾਂ ਉਹਦੀ ਪੂਰਤੀ ਕਰੂਗਾ, ਜੇ ਮਾਇਆ ਦੀ ਇੱਛਾ ਹੈ ਤਾਂ ਉਹਦੀ ਪੂਰਤੀ ਕਰੂਗਾ । ਮਾਇਆ ਦੀ ਇੱਛਾ ਜਹਿਰ/ਬਿਖ ਦੀ ਇੱਛਾ ਹੈ, ਨਾਮ ਦੀ ਇੱਛਾ ਅਮ੍ਰਿਤ ਦੀ ਇੱਛਾ ਹੈ । ਅਮ੍ਰਿਤ ਦੀ ਇੱਛਾ ਹੈ ਤਾਂ ਮਿਰਤਿਊ ਤੋਂ ਰਹਿਤ ਹੋਊ, ਜਨਮ-ਮਰਨ ਕੱਟਿਆ ਜਾਊ । ਜਹਿਰ ਖਾਊ ਤਾਂ ਮਰੂਗਾ ਹੀ ਮਰੂਗਾ, ਕੋਈ ਬਚਾਅ ਨੀ ਸਕਦਾ । ਏਥੋਂ ਈ ਅਕਲ ਲਿਵ ਐ, ਹੁਣ ਕਿਹੜਾ ਆਚਰਨ ਕਰਨਾ ਹੈ ਕਿਹੜਾ ਨਹੀਂ ਕਰਨਾ ? ਏਥੋਂ ਫੈਸਲਾ ਕਰਨਾ ਹੈ ।


~: ਧਰਮ ਸਿੰਘ ਨਿਹੰਗ ਸਿੰਘ :~