Monday, November 28, 2011

Ayhi Bhe Daat Tayree Daataar


"ਏਹਿ ਭਿ ਦਾਤਿ ਤੇਰੀ ਦਾਤਾਰ"
"ਜੇਵਡੁ ਆਪਿ ਤੇਵਡ ਤੇਰੀ ਦਾਤਿ ॥ {ਪੰਨਾ 9}" ਜਿੱਡਾ ਵੱਡਾ ਉਹ ਆਪ ਹੈ, ਓਡੀ ਵੱਡੀ ਉਹਦੀ ਦਾਤਿ ਹੈ । ਇਹ ਵੀ ਗੱਲ ਹੈ ਕਿ ਮਾਇਆ ਦੀਆਂ ਦਾਤਾਂ ਐਨੀਆਂ ਵੱਡੀਆਂ ਨਹੀਂ ਹਨ । ਇਹ ਜਿਹੜੀ ਦਾਤਿ ਹੈ, ਇਹ ਹੋਰ ਹੈ, ਇਹ 'ਨਾਮ' ਦੀ ਦਾਤਿ ਆ । ਦਾਤਿ ਏਥੇ ਇੱਕ ਵਚਨ ਹੈ । ਟੀਕਾਕਾਰਾਂ ਨੂੰ ਇਹਨਾਂ ਗੱਲਾਂ ਦਾ ਨੀ ਪਤਾ ਲੱਗਿਆ, ਉਹ ਤਾਂ ਵਿਚਾਰੇ ਮਾਇਆਧਾਰੀ ਵਿਦਵਾਨ ਸੀ । ਜਿੱਡਾ ਵੱਡਾ ਤੂੰ ਆਪ ਐਂ, ਓਡੀ ਵੱਡੀਓ ਤੇਰੀ ਦਾਤਿ ਐ । ਅਸਲ 'ਚ, ਜੀਹਨੂੰ ਤੈਂ 'ਦਾਤਿ' ਮੰਨ ਕੇ ਦਾਨ ਦਿੱਤਾ ਹੈ, ਉਹ 'ਦਾਤਿ' ਹੋਰ ਹੈ, ਜੀਹਨੂੰ ਅਸੀਂ 'ਦਾਤਿ' ਮੰਨਦੇ ਹਾਂ ਉਹ ਹੋਰ ਹੈ । ਅਸੀਂ ਤਾਂ ਜ਼ਹਿਰ ਨੂੰ ਦਾਤਿ ਮੰਨ ਲਿਆ, ਮਾਇਆ ਤਾਂ ਜ਼ਹਿਰ ਹੈ, ਅਸੀਂ ਇਹਨੂੰ ਦਾਤਿ ਮੰਨ ਲਿਆ ।

ਕਾਰ 'ਤੇ ਲਿਖਾ ਲੈਂਦੇ ਹਾਂ "ਏਹਿ ਭਿ ਦਾਤਿ ਤੇਰੀ ਦਾਤਾਰ ॥ {ਪੰਨਾ 5}" ਕੀ ਲਿਖਾਉਂਦੇ ਨੀ?? ਮਾਇਆ ਧਾਰੀ ਨੇ, ਸਿੱਖ ਨਹੀਂ ਹਨ ਓਹੋ। ਪੰਗਤੀ ਗੁਰਮਤਿ ਦੀ ਲਿਖਦੇ ਹਨ, ਪਰ ਹੈਗੇ ਗੁਰਮਤਿ ਦੇ ਵਿਰੋਧੀ । ਜਿਹੜੇ ਇਹ ਪੰਗਤੀ ਲਿਖਦੇ ਨੇ, ਉਹ ਗੁਰਮਤਿ ਦੇ ਧੁਰ ਅੰਦਰੋਂ ਵਿਰੋਧੀ ਹਨ । ਉਹ ਤਾਂ ਮਾਇਆ/ਜ਼ਹਿਰ ਨੂੰ ਦਾਤਿ ਮੰਨਦੇ ਹਨ । ਖਬਰਾ ! ਟੱਬਰ ਹੀ ਮਾਰ ਦੇਣਾ ਹੈ ਕਾਰ ਨੇ ?? ਸਾਰਾ ਟੱਬਰ ਹੀ ਕਿਤੇ ਆ ਜਾਣਾ ਅੜਿੱਕੇ, ਕੀ 'ਦਾਤਿ' ਹੈ ਫਿਰ ਓਹੋ? ਮਰਦੇ ਈ ਨੇ ਰੋਜ ਟੱਬਰ ਕਾਰਾਂ ਦੇ ਵਿੱਚ ਆ ਕੇ ।

ਓ ਉਹਨਾਂ ਨੂੰ ਨਾਮ ਦਾ ਪਤਾ ਹੀ ਨਹੀਂ, ਨਾਮ ਨੂੰ ਕੀ ਜਾਣਨ ਉਹ ਕਿ 'ਨਾਮ' ਕੀ ਹੁੰਦਾ ਹੈ ? ਇਹ ਦਾਤਾਂ ਕੀ ਹਨ ਜਿੰਨ੍ਹਾਂ ਨੂੰ ਅਸੀਂ 'ਦਾਤਿ' ਮੰਨਦੇ ਆਂ, ਇਹ ਦਾਤਾਂ ਪਤਾ ਕੀ ਹਨ ? ਇਹ ਹਨ "ਦਾਤਿ ਪਿਆਰੀ ਵਿਸਰਿਆ ਦਾਤਾਰਾ ॥ {ਪੰਨਾ 676}" ਇਹ ਦਾਤਾਰ ਨੂੰ ਭੁਲਾਉਣ ਵਾਲੀ ਦਾਤਿ ਹੈ । ਦਾਤਿ ਹੀ ਯਾਦ ਹੈ, ਕਾਰ 'ਤੇ ਹੀ ਨਿਗ੍ਹਾ ਹੈ ਉਹਨਾਂ ਦੀ, ਦਾਤਾਰ ਦਾ ਨੀ ਉਹਨਾਂ ਨੂੰ ਪਤਾ । ਜਦੋਂ ਲਿਖਾਉਂਦੇ ਹਨ "ਏਹਿ ਭਿ ਦਾਤਿ ਤੇਰੀ ਦਾਤਾਰ ॥ {ਪੰਨਾ 5}" ਤਾਂ ਦਾਤਿ(ਕਾਰ) ਉੱਤੇ ਹੀ ਨਿਗ੍ਹਾ ਹੈ ਫੇਰ ! ਨਿਗ੍ਹਾ ਕਾਹਦੇ 'ਤੇ ਹੈ, ਦੇਖ ਕੀ ਰਹੇ ਨੇ? "ਏਹਿ ਭਿ ਦਾਤਿ" ਦਾਤਿ ਨੂੰ ਦੇਖ ਕੇ 'ਦਾਤਾਰ' ਨੂੰ ਦੱਸ ਰਹੇ ਆ ਕਿ 'ਇਹ' ਤੇਰੀ ਦਾਤਿ ਹੈ । ਦਾਤਿ ਨੂੰ ਦੇਖ ਰਹੇ ਓਂ, ਦਾਤਾਰ ਨੂੰ ਤਾਂ ਨੀ ਦੇਖ ਰਹੇ ।

Misuse (ਦੁਰ-ਵਰਤੋਂ) ਕਰ ਰਹੇ ਹਨ ਕਿੱਡੀ ਵੱਡੀ ਪੰਗਤੀ ਦੀ । ਨਿਰਾਦਰੀ ਕਰ ਰਹੇ ਹਨ ਬਾਣੀ ਦੀ । "ਜੇਵਡੁ ਆਪਿ ਤੇਵਡ ਤੇਰੀ ਦਾਤਿ ॥ {ਪੰਨਾ 9}" ਕੀ ਇਹ ਕਾਰ ਓਹਦੇ ਜਿੱਡੀ ਹੈ ਫਿਰ? ਉਹਦੇ ਬਰਾਬਰ ਬਣਾਤੀ ਤੁਸੀਂ ਕਾਰ? ਪਰਮੇਸ਼ਰ ਦੇ ਬਰਾਬਰ ਹੋ ਗਈ ਫਿਰ ਕਾਰ? ਮੱਤ ਮਾਰੀ ਹੋਈ ਆ ਸਿੱਖਾਂ ਦੀ । ਜਿੱਡਾ ਵੱਡਾ ਤੂੰ ਆਪ ਹੈਂ ਓਡੀ ਵੱਡੀ ਤੇਰੀ ਦਾਤਿ ਹੈ, ਤੇਰਾ ਨਾਮ ਵੀ ਓਡਾ ਹੀ ਵੱਡਾ ਹੈ । ਨਾਮ ਦੇ ਵਿੱਚ ਤੇਰੀਆਂ ਸ਼ਕਤੀਆਂ ਹੀ ਹਨ, ਹੋਰ ਕੀ ਹੈ ?

"ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ ਕੀਮਤਿ ਨਹੀ ਪਾਈ ॥ {ਪੰਨਾ 9}" ਜੇ ਕਾਰ 'ਦਾਤਿ' ਹੈ, ਫਿਰ ਤਾਂ ਕੀਮਤ ਪੈ ਗਈ ! "ਜੇਵਡੁ ਆਪਿ ਤੇਵਡ ਤੇਰੀ ਦਾਤਿ ॥ {ਪੰਨਾ 9}" ਇਹ ਮੱਤ ਮਾਰੀ ਹੋਈ ਤੋਂ ਹਟਾਇਆ ਕਿਉਂ ਨਹੀਂ ਕਿਸੇ ਨੇ ਇੰਝ ਕਹਿਣ ਤੋਂ ? ਮੱਤ ਸਾਰਿਆਂ ਦੀ ਮਾਰੀ ਪਈ ਹੈ, ਕਿਉਂਕਿ ਮਾਇਆ ਵਿਆਪ ਗਈ ! ਜੇ ਮਾਇਆ ਵਿਆਪੂ ਤਾਂ ਮੱਤ ਮਾਰ ਹੋਣੀ ਹੀ ਹੈ । ਅਰਦਾਸਾਂ ਜੋ ਕਰਾਉਂਦੇ ਹਨ ਜਾ ਕੇ, ਬਈ ਅਸੀਂ ਜੀ ਕਾਰ ਲੈ ਕੇ ਆਏ ਹਾਂ, ਪਹਿਲਾਂ ਕਿਸੇ ਗੁਰਦੁਆਰੇ ਚੱਲੀਏ । ਉਹ ਅਰਦਾਸ ਕਰਦੇ ਹਨ ਕਿ ਜੀ ਬੜੀ ਮੇਹਰ ਕੀਤੀ ਆ ਇਹਨਾਂ 'ਤੇ, ਇਹ ਕੀਤਾ ਓਹ ਕੀਤਾ । ਇਹ ਨਹੀਂ ਪਤਾ ਕਿ ਨਹਿਰ 'ਚ ਸਣੇ ਟੱਬਰ ਲੈ ਕੇ ਵੜ ਜਾਣਾ ਹੈ ਏਹਨੇ, ਇਹ ਵੀ ਨੀ ਪਤਾ, ਕੀ ਪਤਾ ? ਕੀ ਪਤਾ ਕੀ ਹੋਣਾ ਹੈ ?

ਜਦ ਤੁਸੀਂ ਏਥੇ ਆ ਕੇ ਮਾਇਆ 'ਤੇ ਖੜ੍ਹ ਗਏ, ਸਿੱਖੀ ਤਾਂ ਛੱਡਤੀ ਫਿਰ ਤੁਸੀਂ, ਸਿੱਖੀ ਕਿਥੇ ਆ ਤੁਹਾਡੇ ਚ? ਸਿੱਖੀ ਕਿਥੇ ਰਹਿ ਗਈ? ਏਹ ਸੰਸਾਰ ਤਾਂ ਜੇਲ੍ਹ ਹੈ, ਜੇਲ੍ਹ 'ਚ ਹੀ ਖੁਸ਼ ਹੋਂ ਤੁਸੀਂ । ਪਰ ਸਿੱਖੀ ਤਾਂ ਹੈ ਜੇਲ੍ਹ ਚੋਂ ਛੁਟਕਾਰੇ ਦਾ ਸਾਧਣ । ਸਿੱਖੀ ਉਹਦੇ ਵਾਸਤੇ ਹੈ ਜਿਹੜਾ ਸੰਸਾਰ ਨੂੰ ਜੇਲ੍ਹ ਮੰਨਦਾ ਹੈ, ਇਹਨਾਂ ਦਾਤਾਂ ਨੂੰ ਖਿਡਾਉਣੇ ਮੰਨਦਾ ਹੈ । ਜਿਵੇਂ ਮਾਂ ਆਪਣੇ ਨਿਆਣੇ ਨੂੰ ਗੋਦੀ ਚੁੱਕਣ ਦੀ ਬਜਾਇ ਖਿਡਾਉਣੇ ਦੇ ਦਿੰਦੀ ਹੈ, ਬਈ ਖੇਡਦਾ ਰਹੇ ਮੇਰੇ ਕੰਨ ਨਾ ਖਾਵੇ, ਮੈਥੋਂ ਪਰ੍ਹੇ ਰਹੇ, ਖਿਡਾਉਣਿਆਂ ਨਾਲ ਪਰਚਿਆ ਰਹੇ । ਜੇ ਤੁਸੀਂ ਖਿਡਾਉਣੇ/ਸੰਸਾਰ ਨਾਲ ਪਰਚ ਗਏ, ਫਿਰ ਸ਼ਬਦ ਦਾ ਪਰਚਾ ਕਿਥੋਂ ਰਹਿ ਗਿਆ ? "ਪਰਚਾ ਸ਼ਬਦ ਦਾ, ਪੂਜਾ ਅਕਾਲ ਕੀ, ਦੀਦਾਰ ਖਾਲਸੇ ਦਾ" ਕਿਥੇ ਰਹਿ ਗਿਆ ? ਇਹ ਕਿਥੇ ਗਿਆ ?

ਦੀਦਾਰ ਕਾਰ ਦਾ, ਪਰਚਾ ਕਾਰ ਦਾ, ਅਰ ਪੂਜਾ? ਪੂਜਾ ਮਾਇਆ ਦੀ । ਅਰਦਾਸ ਮਾਇਆ ਦੀ, ਮਾਇਆ ਵਾਸਤੇ, ਪੂਜਾ ਮਾਇਆ ਦੀ, ਦੀਦਾਰ ਵੀ ਮਾਇਆ ਦਾ । ਇਹ ਤਾਂ ਮਾਇਆਧਾਰੀ ਨੇ ਅੰਨ੍ਹੇ ਬੋਲੇ ਨੇ ਸਾਰੇ, ਉਂਝ ਇਹ ਕਹਿੰਦੇ ਹਨ ਕਿ ਅਸੀਂ ਸਿੱਖ ਹਾਂ !ਸਿੱਖੀ ਦਾ ਘਰ ਬਹੁਤ ਦੂਰ ਹੈ, ਓਹ ਰਸਤਾ ਹੋਰ ਹੈ । ਐਵੇਂ ਭੁਲੇਖਾ ਪਾਲੀ ਬੈਠੇ ਹਨ ਕਿ ਅਸੀਂ ਸਿੱਖ ਹਾਂ !!!

"ਮ: ੩ ॥ ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ {ਪੰਨਾ 313}"




No comments:

Post a Comment

Note: Only a member of this blog may post a comment.