Saturday, November 30, 2013

Aoudhootu

ਅਉਧੂਤੁ


ਸਿਖਿਆਰਥੀ : " ਰਾਮਕਲੀ ਮਹਲਾ ੧ ॥ ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥ ਵਸਗਤਿ ਪੰਚ ਕਰੇ ਨਹ ਡੋਲੈ ॥ {ਪੰਨਾ 877}"

ਧਰਮ ਸਿੰਘ ਜੀ : ਨਾਨਕ ਕਹਿੰਦਾ ਮਾਛਿੰਦ੍ਰਾ ਸੁਣੀਂ ਮੇਰੀ ਗੱਲ, ਕੀ? 'ਵਸਗਤਿ ਪੰਚ ਕਰੇ' ਜਿਹੜਾ...ਪੰਚ ਇੱਥੇ ਪੰਜ ਨੀ ਹੈ, ਪੰਚ ਇੱਥੇ ਮਨ ਹੈ, ਜੇ ਆਪਣੇ ਮਨ ਨੂੰ...ਮਨ ਚੌਧਰੀ ਬਣਿਆ ਬੈਠਾ ਹੈ ਨਾ । ਆਹ ਜਿਹੜਾ ਮਨ ਹੈ ਨਾ ਪੰਚ, ਆਕੀ ਬਣਿਆ ਬੈਠੈ ਮਵਾਸੀ ਰਾਜਾ, ਇਹਨੂੰ ਜੇ ਕੋਈ ਵੱਸ ਕਰ ਲਵੇ, ਫਿਰ ਨੀ ਡੋਲਦਾ ਉਹੋ । ਬੇਕਾਬੂ ਮਨ ਡੋਲਦੈ, ਮਨ ਤੇਰਾ ਕਾਬੂ 'ਚ ਨੀ…ਤਾਂ ਡੋਲਦੈਂ ਤੂੰ, ਜੇ ਮਨ ਕਾਬੂ 'ਚ ਹੋਵੇ ਤੇਰੇ, ਡੋਲਦਾ ਈ ਨੀ, ਮਨ ਨੂੰ ਕਾਬੂ ਕਰ ਲੈ ।
ਸਿਖਿਆਰਥੀ : ਅਛਾ ਜੀ! ਪੰਚ ਜੀਹਦੇ ਕੋਲ ਪੰਜ ਰੋਗ ਐ, ਉਹੀ ਪੰਚ ਮਨ ਐ ਹੈਂ ਜੀ?
ਧਰਮ ਸਿੰਘ ਜੀ : ਆਹ! ਪੰਜ ਤੱਤਾਂ ਨਾਲ ਜੁੜਿਆ ਹੋਇਐ, ਪੰਜ ਰੋਗ ਨੇ, ਪੰਜ ਵਿਕਾਰ ਨੇ, ਪੰਜ ਗਿਆਨ ਇੰਦਰਿਆਂ 'ਚ ਘੁੰਮਦੈ, ਇਹ ਮਨ ਐ, ਇਹਨੂੰ ਈ ਵੱਸ 'ਚ ਕਰਲੈ, ਬਾਕੀ ਸਭ ਕੁਛ ਵੱਸ 'ਚ ਈ ਐ ।
ਸਿਖਿਆਰਥੀ : ਅਛਾ ਜੀ! ਕਿਉਂਕਿ ਮੂਹਰੇ ਔਂਕੜ ਨੀ ਪੰਚ 'ਤੇ ਹੈਗਾ । ਪਰ ਪੰਚ 'ਤੇ ਔਂਕੜ ਹੁੰਦਾ ਵੀ ਨੀ, ਪੰਚ ਹਮੇਸ਼ਾਂ ਮੁਕਤਾ ਈ ਲਿਖਦੇ ਐਂ । ਪੰਚ ਦੋ ਅਰਥਾਂ 'ਚ ਆਉਂਦੈ, ਨਾਲੇ ਤਾਂ ਇਹ ਆਉਂਦੈ supreme ਜਾਂ ਉੱਤਮ, ਤੇ ਜਾਂ ਫਿਰ ਇਹ ਪੰਜ ਦੀ sense 'ਚ ਆਉਂਦੈ ।

ਧਰਮ ਸਿੰਘ ਜੀ : adjective(ਵਿਸ਼ੇਸ਼ਣ) ਐ ਨਾ ਏਹੇ ।
ਸਿਖਿਆਰਥੀ : ਹਾਂ, ਇਹਦਾ 'ਗਾਹਾਂ ਜਿਹੜਾ ਨਉਂ ਲੱਗਿਆ ਹੈਗਾ, ਉਹਤੋਂ ਪਤਾ ਲੱਗਦੈ ਬਈ ਇਹ singular ਹੈਗਾ...ਇੱਕ-ਵਚਨ ਐ ਕਿ ਬਹੁ-ਵਚਨ ਐ ।
ਧਰਮ ਸਿੰਘ ਜੀ : ਹਾਂ ਜੀ ਹਾਂ ਜੀ, ਉਥੇ ਐ "ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥ {ਪੰਨਾ 482}", "ਪੰਚ ਪਰਧਾਨੁ" ਉਥੇ ਵੀ ਤਾਂ ਪੰਚ ਹੀ ਆਇਆ ਹੋਇਆ ਹੈ । ਗੁਰਮੁਖ 'ਪੰਚ' ਹੈ ਅਸਲ 'ਚ, ਪਰ ਇਹ ਮਨਮੁਖ ਵੀ ਪੰਚ ਬਣੇ ਹੋਏ ਨੇ ਨਾ, ਗੁਰੂ ਬਣੇ ਬੈਠੇ ਨੇ...।

ਸਿਖਿਆਰਥੀ : ਠੀਕ ਐ ਜੀ, "ਐਸੀ ਜੁਗਤਿ ਜੋਗ ਕਉ ਪਾਲੇ ॥ ਆਪਿ ਤਰੈ ਸਗਲੇ ਕੁਲ ਤਾਰੇ ॥੧॥"
ਧਰਮ ਸਿੰਘ ਜੀ : 'ਪਾਲੇ' ਨੀ, 'ਪਾ' ਅਲੱਗ ਐ, 'ਲੇ' ਅਲੱਗ ਐ । ਪਾਲਣਾ ਨੀ ਹੈ, ਪ੍ਰਾਪਤ ਕਰਨ ਦੀ ਗੱਲ ਐ ।

ਸਿਖਿਆਰਥੀ : ਪਾ ਲਵੇ, ਹੈਂ ਜੀ?
ਧਰਮ ਸਿੰਘ ਜੀ : ਹਾਂ...ਪਾ ਲਈਦੀ ਹੈ, ਜਾਂ ਪਾ ਲੈਂਦਾ ਹੈ । "ਐਸੀ ਜੁਗਤਿ ਜੋਗ ਕਉ ਪਾ ਲੇ ॥ ਆਪਿ ਤਰੈ ਸਗਲੇ ਕੁਲ ਤਾਰੇ ॥੧॥" ਆਪ ਤਰ ਜਾਂਦੈ, ਸਾਰੀ ਕੁੱਲ ਨੂੰ ਤਾਰਦੈ । ਕੁੱਲ ਕੀ ਐ? ਇੱਕੋ ਈ ਕੁੱਲ ਐ ਸਾਡੀ ਸਾਰਿਆਂ ਦੀ "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥ {ਸ੍ਰੀ ਦਸਮ ਗਰੰਥ ਸਾਹਿਬ}" ਮਾਨਸ-ਮਾਨਸ ਨੂੰ ਤਾਰ ਸਕਦੈ ।

ਸਿਖਿਆਰਥੀ : "ਸੋ ਅਉਧੂਤੁ ਐਸੀ ਮਤਿ ਪਾਵੈ ॥ ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥"
ਧਰਮ ਸਿੰਘ ਜੀ : 'ਐਸੀ ਮਤਿ ਪਾਵੈ' ਜਿਹੜਾ ਐਸੀ ਮੱਤ ਪ੍ਰਾਪਤ ਕਰ ਲੈਂਦਾ ਹੈ, ਉਹੀ 'ਅਉਧੂਤੁ' ਐ ਅਸਲ ਦੇ ਵਿੱਚ । ਜੇ ਮਨ ਉਹਦਾ ਸ਼ਾਂਤ ਈ ਨੀ ਹੋਇਆ, ਉਹ 'ਅਉਧੂਤੁ' ਕਾਹਦਾ? ਜੇ ਜੋਗ ਈ ਨੀ, ਆਪਨੇ ਮੂਲ ਨਾਲ ਜੁੜਿਆ ਈ ਨੀ ਹੋਇਆ, 'ਅਉਧੂਤੁ' ਕਾਹਦਾ? "ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥" ਸਮਾਧਿ ‘ਲਗਾਵੈ’ ਨੀ, ਸਮਾਧਿ ‘ਸਮਾਵੈ’, ਜੇ ਮਨ ਸਮਾਅ ਜਾਵੇ ਆਪਣੇ ਮੂਲ 'ਚ, ਫੇਰ ਸਮਾਧਿ 'ਸੁੰਨਿ ਸਮਾਧਿ' ਐ । 'ਸੁੰਨਿ ਸਮਾਧਿ' ਲਗਾਈਦੀ ਨੀ, 'ਸੁੰਨਿ ਸਮਾਧਿ' 'ਚ ‘ਸਮਾਈਦਾ’ ਹੁੰਦੈ । ਦੇਖੋ! ਕੀ ਕਿਹਾ ਹੋਇਐ? ਕਿੰਨਾ ਲਫਜ਼ ਦਾ ਫਰਕ ਐ, ਸਾਰੀ philosophy ਓ ਈ ਬਦਲ ਕੇ ਰੱਖਤੀ ਉਹਨਾਂ ਦੀ, ਭਾਸ਼ਾ ਈ ਬਦਲ ਕੇ ਰੱਖਤੀ । ਉਹ ਸਮਾਧਿ ‘ਲਗਾਉਂਦੇ’ ਨੇ, ਸਮਾਧਿ ‘ਸਮਾਉਂਦੇ’ ਨੀ ਹਨ, ਸਮਾਉਣ ਦਾ ਨਉਂ 'ਸਮਾਧਿ' ਐ "ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ {ਪੰਨਾ 633} ਜਿਵੇਂ ਪਾਣੀ, ਪਾਣੀ 'ਚ ਮਿਲ ਜਾਂਦੈ, ਆਏਂ ਸਮਾਅ ਜਾਵੇ, ਇਹੀ ਜੋਗ ਐ, ਏਸੇ ਨੂੰ ਜੋਗ ਕਹਿੰਨੇ ਆਂ ਅਸੀਂ, ਏਸੇ ਨੂੰ ਲਿਵ-ਲੀਨ ਕਹਿੰਨੇ ਆਂ ਅਸੀਂ, ਇਹ ਲਿਵ-ਲੀਨ ਐ ।

ਸਿਖਿਆਰਥੀ : ਸੁੰਨ ਦਾ ਭਾਵ ਇੱਥੇ ਮਨ ਐ ਜੀ ਫਿਰ?
ਧਰਮ ਸਿੰਘ ਜੀ : ਸੁੰਨ ਦਾ ਮਤਲਬ ਹੁੰਦੈ ਸ਼ਾਂਤ ਹੋ ਜਾਣਾ ਮਨ ਦਾ, ਲਹਿਰਾਂ ਬੰਦ ਹੋ ਜਾਣੀਆਂ, ਜਿਵੇਂ ਪਾਣੀ 'ਚ ਲਹਿਰਾਂ ਬੰਦ ਹੋ ਗਈਆਂ, ਸ਼ਾਂਤ ਹੋ ਗਿਆ, ਲੋਭ ਦਾ ਕੋਈ ਪ੍ਰਭਾਵ ਨੀ ਨਾ ਜਦ ਪੈਂਦਾ ਆਤਮਾ 'ਤੇ, ਫੇਰ ਸੁੰਨ ਐ ।
ਸਿਖਿਆਰਥੀ : ਇਸ ਤਰ੍ਹਾਂ ਤਾਂ ਨੀ ਗੱਲ ਕਹਿਣਾ ਚਾਹੁੰਦੇ ਕਿ 'ਅਹਿਨਿਸਿ' ਮਤਲਬ ਦਿਨ ਰਾਤ ਜਿਹੜਾ ਮਨ ਐ ਸੁੰਨ ਐ, ਸਮ-ਆਧ ਜਿਹੜਾ ਦੂਸਰਾ ਅਧਾ ਚਿੱਤ ਐ, ਉਹਦੇ ਵਿੱਚ ਸਮਾਇਆ ਰਹੇ?
ਧਰਮ ਸਿੰਘ ਜੀ : ਉਹੀ ਤਾਂ ਹੈ, ਹੋਰ ਕੀ ਐ? ਜਦ ਲਹਿਰ ਉੱਠਦੀ ਨੀ, ਪਾਣੀ...ਲਹਿਰਾਂ ਦਾ ਪਾਣੀ ਦੂਏ ਪਾਣੀ 'ਚ ਸਮਾਇਆ ਹੋਇਆ ਈ ਐ, ਹੋਰ ਕੀ ਹੋਇਆ ਹੋਇਐ? ਲਹਿਰ ਉੱਠਦੀ ਕਦ ਐ? ਜਦ ਹਵਾ ਚੱਲਦੀ ਐ । ਲੋਭ ਦੀ ਸ਼ਕਤੀ ਨਾਲ ਲਹਿਰ ਉੱਠਦੀ ਐ । ਲੋਭ ਦੀ ਸ਼ਕਤੀ ਏਹਦੇ 'ਤੇ ਕੰਮ ਈ ਨਾ ਕਰੇ । ਜੋ ਦੇਖਦੈ, ਦੇਖਣ ਨਾਲ ਈ ਦ੍ਰਿਸ਼ਟੀ ਬਦਲਦੀ ਐ "ਬਿਨੁ ਦੇਖੇ ਉਪਜੈ ਨਹੀ ਆਸਾ ॥ ਜੋ ਦੀਸੈ ਸੋ ਹੋਇ ਬਿਨਾਸਾ ॥ {ਪੰਨਾ 1167}" ਦੇਖਣਾ ਈ ਬੰਦ ਕਰਤਾ, "ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ {ਪੰਨਾ 922}" ਮਾਇਆ ਨੂੰ ਦੇਖੋ ਈ ਨਾ, ਜੇ ਮਾਇਆ ਦੇਖੋਂਗੇ ਤਾਂ ਉਹਦਾ ਲੋਭ ਹੋਊਗਾ, ਤਾਂ ਲਹਿਰ ਉਠੂਗੀ । ਦ੍ਰਿਸ਼ਟੀਕੋਣ ਈ ਬਦਲਤਾ ਦੇਖਣ ਦਾ...ਅਖਾਂ ਦਾ, ਕੀ ਦੇਖਣੈ, ਕੀ ਨਹੀਂ ਦੇਖਣਾ, ਮਾਇਆ ਨਹੀਂ ਦੇਖਣੀ "ਜਾਣਹੁ ਜੋਤਿ ਨ ਪੂਛਹੁ ਜਾਤੀ {ਪੰਨਾ 349}" ਜਾਤ ਨਹੀਂ ਦੇਖਣੀ, ਜੋਤ ਜਾਨਣੀ ਐ, ਅਕਲ ਕਿੰਨੀ ਐ, ਬੁੱਧੀ ਕਿੰਨੀ ਐ । ਸਾਨੂੰ ਉਹਦੇ ਗਿਆਨ ਤਾਈਂ ਮਤਲਬ ਐ, ਸਾਨੂੰ ਉਹਦੀ ਜਾਤ ਤਾਈਂ ਕੋਈ ਮਤਲਬ ਨੀ, ਦ੍ਰਿਸ਼ਟੀਕੋਣ ਈ ਹੋਰ ਐ...ਬਦਲਤਾ ।

ਸਿਖਿਆਰਥੀ : "ਭਿਖਿਆ ਭਾਇ ਭਗਤਿ ਭੈ ਚਲੈ ॥ ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥"
ਧਰਮ ਸਿੰਘ ਜੀ : 'ਭਿਖਿਆ ਭਾਇ' ਜਿਹੜੀ ਭਿਖਿਆ ਦੀ ਇਛਾ ਏ ਨਾ, 'ਭਾਇ' ਹੁੰਦੀ ਐ ਇਛਾ । ਭਿਖਿਆ ਤਾਂ ਜਰੂਰ ਚਾਹੀਦੀ ਐ, ਭਿਖਿਆ ਦੀ ਇਛਾ ਕੀ ਐ? ਭਗਤੀ ਦੀ ਇਛਾ ਰਹੇ ਅਸਲ 'ਚ । ਭਗਤੀ ਕੀ ਐ? ਗੁਰ ਕੀ ਮੱਤ ਲੈਣ ਦੀ, "ਗੁਰ ਕੀ ਮਤਿ ਤੂੰ ਲੇਹਿ ਇਆਨੇ ॥ {ਪੰਨਾ 288}" ਗੁਰ ਕੀ ਮੱਤ ਦੀ ਹੀ ਭੁੱਖ ਰਹੇ ਹਰ ਵਕਤ, ਸਾਰੀ ਗੁਰਬਾਣੀ ਦੀ ਸੋਝੀ ਆ ਜਾਵੇ ਫਟਾ-ਫਟ, ਵਧ ਤੋਂ ਵਧ ਗੁਰਬਾਣੀ ਦਾ ਗਿਆਨ ਹਾਸਲ ਕਰ ਲਵਾਂ...ਇਹ ਭੁੱਖ ਰਹੇ ਮਨ 'ਚ । 'ਭੈ ਚਲੈ' ਔਰ ਭਾਣੇ 'ਚ ਰਹੇ, ਆਪਣਾ ਭਾਣਾ ਖਤਮ ਕਰਨਾ...ਆਪਣੇ ਭਾਣੇ 'ਚੋਂ ਬਾਹਰ ਆਉਣਾ, ਗੁਰ ਕੇ ਭਾਣੇ ਚੱਲਣਾ...ਇਹ result(ਨਤੀਜਾ) ਐ...ਭਗਤੀ ਦਾ, ਇਹੀ ਭਗਤੀ ਐ । ਮਨ ਨੂੰ ਮਨਾਉਣਾ, ਗੁਰਮਤਿ ਮਨ ਨੂੰ ਮਨਾ ਰਹੀ ਐ, ਆਪਣਾ ਭਾਣਾ ਤਿਆਗ ਕਰ, ਆਪਣੀ ਮਰਜੀ ਤਿਆਗ ਕਰ, ਗੁਰ ਕੀ ਮਰਜੀ ਅਨੁਸਾਰ ਚੱਲ, ਇਹ ਭਗਤੀ ਦਾ ਪ੍ਰੈਕਟੀਕਲ ਐ, ਪ੍ਰੈਕਟੀਕਲ ਰੂਪ ਇਹ ਐ, ਭੈਅ 'ਚ ਰਹਿਣੈ । ਐਸੀ ਭਗਤੀ ਦੇਹ ਜਿਹੜੀ ਮੈਂ ਤੇਰੀ ਭੈਅ 'ਚ ਰਹਾਂ, ਆਪਣਾ ਭਾਣਾ ਛੱਡਦਾਂ, ਉਹ ਭਗਤੀ ਦੀ ਭੁੱਖ ਰਹੇ 'ਭੈ ਚਲੈ ॥'

ਸਿਖਿਆਰਥੀ : 'ਭਾਇ ਭਗਤਿ' ਪ੍ਰੇਮਾ ਭਗਤੀ ਐ ਜੀ?
ਧਰਮ ਸਿੰਘ ਜੀ : 'ਭਾਇ ਭਗਤਿ' ਪ੍ਰੇਮਾ ਭਗਤੀ ਨੀ, 'ਭਾਇ' ਭੁੱਖ ਐ, ਭਾਉਂਦੀ ਐ ਜਿਹੜੀ ਤੈਨੂੰ ਭਗਤੀ । ਜਿਹੜੀ ਤੈਨੂੰ ਭਗਤੀ ਭਾਵੇ, ਉਹ ਭਗਤੀ ਹੋਵੇ, ਭੈਅ 'ਚ ਚੱਲਣ ਦੀ ਭਗਤੀ ਭਾਵੇ, ਰਿਧੀ-ਸਿਧੀ ਦੀ ਪ੍ਰਾਪਤੀ ਦੀ ਭਗਤੀ ਨਾ ਹੋਵੇ ।
ਸਿਖਿਆਰਥੀ : "ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥"
ਧਰਮ ਸਿੰਘ ਜੀ : ਜੀਹਦਾ ਕੋਈ ਮੁੱਲ ਨੀ, ਜਿਹੜਾ ਕਿਸੇ ਕੀਮਤ 'ਤੇ ਸੰਤੋਖ ਟੁੱਟਦਾ ਈ ਨੀ, ਤਿੰਨੇ ਲੋਕਾਂ ਦੇ ਰਾਜ ਨਾਲ ਵੀ ਸੰਤੋਖ ਨੀ ਟੁੱਟਦਾ ਜਿਹੜਾ, ਅਮੁੱਲ ਸੰਤੋਖ ਦੀ ਪ੍ਰਾਪਤੀ ਕਰਦੈ, ਉਹਦੀ ਪ੍ਰਾਪਤੀ ਹੋ ਜਾਂਦੀ ਐ ਉਹਨੂੰ । ਐਸਾ ਸੰਤੋਖ ਚਾਹੀਦੈ, ਜੀਹਦੇ ਨਾਲ ਤੂੰ ਤ੍ਰਿਪਤ ਹੋ ਜਾਵੇਂ, ਜਿਹੜੇ ਸੰਤੋਖ ਨਾਲ ਰੱਜ ਜਾਵੇਂ ਤੂੰ, ਰਾਜਾ ਬਣ ਜਾਵੇਂ, ਉਹ ਸੰਤੋਖ ਚਾਹੀਦੈ, ਮੰਗਤਾ ਨਾ ਰਹੇਂ ।
ਸਿਖਿਆਰਥੀ : ਠੀਕ ਐ, ਤਾਂਹੀ ਫਿਰ ਮੁੰਦਾਵਣੀ 'ਚ ਸੰਤੋਖ ਦੀਉ ਗੱਲ ਹੋਈ ਐ ਦੁਬਾਰਾ, ਹੈਂ ਜੀ?
ਧਰਮ ਸਿੰਘ ਜੀ : ਹਾਂਜੀ ਹਾਂਜੀ ਹਾਂਜੀ ਹਾਂਜੀ ।
ਸਿਖਿਆਰਥੀ : ਠੀਕ ਐ ਜੀ, ਇਹੀ ਸਭ ਤੋਂ ਅਮੁੱਲੀ ਵਸਤੂ ਐ, ਹੈਂ ਜੀ?
ਧਰਮ ਸਿੰਘ ਜੀ : ਏਸੇ ਦੀ ਤਾਂ ਸਿਖਿਆ ਐ ਸਾਰੀ ਗੁਰਬਾਣੀ 'ਚ ।
ਸਿਖਿਆਰਥੀ : "ਧਿਆਨ ਰੂਪਿ ਹੋਇ ਆਸਣੁ ਪਾਵੈ ॥ ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥"
ਧਰਮ ਸਿੰਘ ਜੀ : ਤਾੜੀ ਚਿੱਤ ਨੇ ਲਾਉਣੀ ਐਂ । ਏਥੇ ਤਾੜੀ ਦੀ ਗੱਲ ਆ ਗਈ ਹੁਣ, 'ਮਨ' ਧਿਆਨ ਰੂਪ ਹੋ ਜਾਵੇ ਹੁਣ, 'ਮਨ' ਧਿਆਨ ਸਿੰਘ ਬਣ ਗਿਆ ਹੁਣ, ਮਨ ਨੀ ਰਿਹਾ "ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ {ਪੰਨਾ 879}" "ਧਿਆਨ ਮਹਿ ਜਾਨਿਆ" ਮਨ ਮਹਿ ਜਾਨਿਆ, ਜੋ ਮਨ ਦੇ ਵਿੱਚ ਸੀ ਉਹ ਜਾਨ ਲਿਆ । ਧਿਆਨ ਰੂਪ ਹੋ ਜਾਵੇ "ਧਿਆਨ ਰੂਪਿ ਹੋਇ ਆਸਣੁ ਪਾਵੈ ॥" ਜਦ ਧਿਆਨ ਰੂਪ ਹੋ ਜਾਂਦੈ 'ਮਨ', ਧਿਆਨ ਈ ਮਨ ਐ, ਬੱਸ ਧਿਆਨ ਹੋ ਕੇ ਰਹਿ ਗਿਆ । ਫਿਰ ਆਸਣ ਕੀ ਐ? ਨਾਮ ਦਾ ਆਸਣ ਪਾਉਂਦਾ ਏਹੇ, ਨਾਮ ਦਾ ਆਧਾਰ ਪਾਉਂਦੈ, ਆਧਾਰ ਆਸਣ ਹੁੰਦੈ "ਨਾਮੁ ਅਧਾਰੁ ਦੀਜੈ {ਪੰਨਾ 530}" ਨਾਮ ਦੇ ਆਸਣ 'ਤੇ ਚੜ੍ਹ ਜਾਂਦੈ...ਫਿਰ ਨਾਮ ਦੇ...ਜਹਾਜ਼ 'ਤੇ ਸਵਾਰ ਹੋ ਜਾਂਦੈ, ਨਾਮ ਦੀ ਟੇਕ ਮਿਲ ਜਾਂਦੀ ਐ, ਪ੍ਰਾਪਤ ਹੋ ਜਾਂਦੈ 'ਆਸਣੁ ਪਾਵੈ ॥', "ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥" ਸਚ ਨਾਮ ਨਾਲ ਜੁੜ ਕੇ...ਚਿੱਤ ਹਮੇਸ਼ਾਂ ਜਾਗ੍ਰਿਤ ਅਵਸਥਾ ਵਿੱਚ ਰਹਿੰਦੈ, ਫੇਰ "ਗੁਰਮੁਖਿ ਜਾਗੈ ਨੀਦ ਨ ਸੋਵੈ ॥ {ਪੰਨਾ 944}" ਇਹ ਤਾੜੀ ਐ, ਫੇਰ ਨੀ ਨੀਂਦ ਐ ਕਦੇ ਵੀ, "ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥ {ਪੰਨਾ 44}" ਉਥੇ ਕੀ ਐ? "ਤਿਥੈ ਊਂਘ ਨ ਭੁਖ ਹੈ {ਪੰਨਾ 1414}" ਉਥੇ ਊਂਘ ਅਰ ਭੁੱਖ ਦੋਏ ਚੀਜਾਂ ਨੀ ਹਨ । ਸਤ ਸੰਤੋਖ ਹੈ...ਭੁੱਖ ਹੈਨੀ, ਤਾੜੀ ਹੈ...ਊਂਘ ਹੈਨੀ, ਨੀਂਦ ਹੈਨੀ । ਜੇ ਨੀਂਦ ਹੈ ਤਾਂ ਤਾੜੀ ਹੈਨੀ, ਸੁਪਨਾ ਸ਼ੁਰੂ ਹੋਜੂਗਾ, ਜੇ ਤਾੜੀ ਐ ਤਾਂ ਨੀਂਦ ਹੈਨੀ, ਨੀਂਦ ਹੈਨੀ ਤਾਂ ਸੁਪਨਾ ਹੈਨੀ ।
ਸਿਖਿਆਰਥੀ : "ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥"
ਧਰਮ ਸਿੰਘ ਜੀ : ਅਉਧੂ ਕੌਣ ਹੁੰਦੈ? ਇਹਦੀ ਨਿਸ਼ਾਨੀ ਦੱਸੀ ਐ, ਅਉਧੂ ਨੂੰ define(ਪਰਿਭਾਸ਼ਤ) ਕੀਤੈ...ਸ਼ਬਦ ਦੇ ਵਿੱਚ । ਅਉਧੂ ਬਣੇ ਫਿਰਦੇ ਸੀ ਏਹੇ, ਜਿਆਦਾ ਭੰਗ ਪੀ ਲੈਣੀ, ਜਿਆਦਾ ਨਸ਼ਾ ਪੀ ਲੈਣਾ, ਗੁੰਮ-ਸੁੰਮ ਹੋ ਕੇ ਚੁੱਪ ਕਰਕੇ ਬੈਠੇ ਰਹਿਣਾ...ਬੁੱਜ ਬਣਕੇ, ਗਿਆਨ ਤੋਂ ਹੀਣੇ । ਉਹ ਕਹਿੰਦੇ, ਐਹੋ ਜਿਹੇ ਅਉਧੂ ਨੀ ਹੁੰਦੇ, ਅਉਧੂ ਦੀ ਨਿਸ਼ਾਨੀ ਏਹੇ ਐ "ਨਾਨਕੁ ਬੋਲੈ ਅੰਮ੍ਰਿਤ ਬਾਣੀ ॥" ਨਾਨਕ ਕਹਿੰਦੈ...ਅਮ੍ਰਿਤ ਬਚਨ ਬੋਲੇ ਫਿਰ ਉਹੋ, ਐਸੀ ਬਾਣੀ ਬੋਲੇ, ਜਿਹੜੀ...ਅਮ੍ਰਿਤ ਬਚਨ ਹੋਣ ਜਿਹੜੇ, ਅਮਰ ਕਰ ਦੇਣ ਵਾਲੀ ਬਾਣੀ ਹੋਵੇ, ਜਨਮ-ਮਰਨ ਕੱਟ ਦੇਣ ਵਾਲੀ ਬਾਣੀ ਹੋਵੇ, ਸਿਖਿਆ ਬੋਲੇ, ਤਾਂ ਅਉਧੂ ਐ । 'ਅੰਮ੍ਰਿਤ ਬਾਣੀ' ਨਾਨਕ ਨੀ ਬੋਲ ਰਿਹਾ 'ਅੰਮ੍ਰਿਤ ਬਾਣੀ', ਨਾਨਕ ਕਹਿੰਦਾ ਉਹ ਆਦਮੀ ਅਉਧੂਤ ਤਾਂ ਏ, ਜੇ 'ਅਮ੍ਰਿਤ ਬਾਣੀ' ਬੋਲੇ ਉਹੋ । ਨਾਨਕ ਕਹਿੰਦਾ ਮੈਂ ਅਉਧੂਤ ਆਂ...ਅਸਲ ਦੇ ਵਿੱਚ । ਅਉਧੂਤ ਉਹ ਆ ਜਿਹੜਾ 'ਅਮ੍ਰਿਤ ਬਾਣੀ' ਬੋਲੇ, ਜੇ ਨਾਨਕ 'ਅਮ੍ਰਿਤ ਬਾਣੀ' ਬੋਲਦੈ, ਨਾਨਕ ਅਉਧੂਤ ਐ ਅਸਲੀ ਤਾਂ, ਅਉਧੂ ਦੀ ਨਿਸ਼ਾਨੀ ਐ ਏਹੇ, ਅਉਧੂ ਦੇ ਲਛਣ ਨੇ ਏਹੇ, ਅਉਧੂ ਏਹੋ ਜਿਹਾ ਹੁੰਦੈ ।
ਸਿਖਿਆਰਥੀ : "ਆਸਾ ਮਾਹਿ ਨਿਰਾਸੁ ਵਲਾਏ ॥ ਨਿਹਚਉ ਨਾਨਕ ਕਰਤੇ ਪਾਏ ॥੩॥"
ਧਰਮ ਸਿੰਘ ਜੀ : ਜਿਹੜੀਆਂ ਸੰਸਾਰੀ ਇਛਾਵਾਂ ਤੋਂ ਨਿਰਾਸ਼ ਹੋਇਆ ਨਾ... ਉਹ ਜਿਹੜੀ ਨਾਮ ਦੀ ਇਛਾ ਐ, ਉਹਦੇ ਵਿਚੇ ਈ ਲਪੇਟ ਕੇ ਰਖੇ ਉਹਨਾਂ ਨੂੰ, ਬਾਹਰ ਨਾ ਕਢੇ, ਜਿਹੜੀਆਂ ਅਵਰੇ ਆਸ ਤੋਂ ਨਿਰਾਸ਼ ਹੋਇਐ ਉਹਨਾਂ ਨੂੰ, ਉਹ ਜਿਹੜੀ ਆਸ ਐ ਨਾ...ਏਕ ਆਸ, ਉਹਦੇ ਵਿਚ ਲਵੇਟ ਕੇ ਰਖੇ, ਉਹ ਇਛਾ ਨੀ ਬਾਹਰ ਕਢਣੀ, ਪੁੜੀ ਦੇ ਵਿੱਚ ਹੋਰ ਕੁਛ ਐ, ਪੁੜੀ ਦੇ ਬਾਹਰਲਾ ਜਿਹੜਾ ਹੈਗਾ...ਉਹ ਨਾਮ ਐ । ਨਾਮ ਦੀ ਜਿਹੜੀ ਹੈ ਇਛਾ...ਉਹਦੇ ਵਿੱਚ ਦੂਜੀਆਂ...ਮਾਇਆ ਦੀਆਂ ਇਛਾਵਾਂ ਨੂੰ ਲਵੇਟ ਦੇਵੇ, ਕਿਉਂ? ਭਵ-ਸਾਗਰ ਤਾਂ ਸੁਖ-ਸਾਗਰ ਦੇ ਵਿਚੇ ਈ ਐ, ਜੇ ਨਾਮ ਮਿਲ ਗਿਆ ਤਾਂ ਬਾਕੀ ਸਭ ਕੁਛ ਵਿਚੇ ਈ ਆ ਗਿਆ, "ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥ {ਪੰਨਾ 1382}" ਜੇ ਨਾਮ ਦੇ ਨਾਲ ਜੁੜ ਜਾਏ ਤਾਂ ਸਭ ਜੱਗ ਤੇਰਾ ਈ ਐ ਫਿਰ, ਤੈਥੋਂ ਦੂਰ ਕੀ ਐ? ਉਹ ਵਿਚੇ ਈ ਲਵੇਟ ਦੇ ਇਹਦੇ, ਅੰਦਰੇ ਈ ਬੰਦ ਕਰਦੇ ਇਹਨਾਂ ਨੂੰ, "ਆਸਾ ਮਾਹਿ ਨਿਰਾਸੁ ਵਲਾਏ ॥" ਨਿਰਾਸਾਂ...ਜਿਹੜੀਆਂ ਆਸਾਂ ਤੋਂ ਨਿਰਾਸ਼ ਹੋਇਐਂ ਦੁਨੀਆ ਦੀਆਂ ਆਸਾਂ ਤੋਂ, ਉਹਨੂੰ, ਜਿਹੜੀ ਆਸ ਐ ਨਾਮ ਦੀ, ਉਹਦੇ ਵਿੱਚ ਲਪੇਟ ਕੇ ਰੱਖ...ਵਲਾ ਕੇ ਰੱਖ । "ਨਿਹਚਉ ਨਾਨਕ ਕਰਤੇ ਪਾਏ ॥" ਜਿਹੜਾ ਕਰਤਾ ਪੁਰਖ ਐ...ਸ਼ਬਦ ਗੁਰੂ ਐ...ਕਰਤਾ ਐ ਜਿਹੜਾ...ਸ਼ਬਦ ਐ...ਜੀਹਨੇ ਸਾਰਾ ਸੰਸਾਰ ਪੈਦਾ ਕੀਤੈ, ਉਹ ਕਹਿੰਦੇ definite(ਨਿਸ਼ਚਿਤ) ਐ ਉਹਦੇ ਨਾਲ ਜੁੜ ਜਾਣਾ ਉਹਦਾ...ਉਹਦੇ ਤੱਕ ਪਹੁੰਚ ਜਾਣਾ, 'ਕਰਤੇ ਪਾਏ ॥'
ਸਿਖਿਆਰਥੀ : "ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥ ਗੁਰ ਚੇਲੇ ਕੀ ਸੰਧਿ ਮਿਲਾਏ ॥"
ਧਰਮ ਸਿੰਘ ਜੀ : ਫੇਰ ਕੀ ਕਰਦੈ ਉਹੋ ਜੇ ਹੁਕਮ ਤੱਕ ਪਹੁੰਚ ਜਾਂਦੈ...ਨਾਮ ਨਾਲ ਜੁੜ ਜਾਂਦੈ, ਫੇਰ 'ਗਾਹਾਂ ਕੀ ਨਿਸ਼ਾਨੀ ਐ? ਕੀ ਸਬੂਤ ਐ? ਉਹਦਾ ਇਹ ਸਬੂਤ ਐ "ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥" ਨਾਨਕ ਕਹਿੰਦੈ, ਉਹ ਐਸੀਆਂ ਗੱਲਾਂ ਸੁਣਾਉਂਦੈ ਜਿਹੜੀਆਂ ਮਨੁੱਖੀ ਬੁੱਧੀ ਤੋਂ ਪਰ੍ਹੇ ਦੀਆਂ ਹੁੰਦੀਆਂ ਨੇ, ਸੰਸਾਰ ਦੀ ਜਿੰਨੀ ਬੁੱਧੀ ਐ...ਜਿੰਨੇ ਗਰੰਥ ਸੰਸਾਰ ਦੇ ਨੇ, ਉਹਨਾਂ ਤੋਂ ਪਰ੍ਹੇ ਦੀ ਗੱਲ ਹੁੰਦੀ ਐ । ਕਵਿਤਾ ਦੇ ਵਿੱਚ ਤਾਂ ਲਿਖੇ ਹੋਏ ਹੁੰਦੇ ਨੇ ਜਰੂਰ...ਗਰੰਥ, ਪਰ ਉਹਨਾਂ ਦੀ ਵਿਆਖਿਆ ਨੀ ਕੋਈ ਕਰਦਾ ਹੁੰਦਾ, ਉਹ ਚੀਜ਼ ਜਿਹੜੀ ਲਿਖੀ ਹੋਈ ਐ । ਵਿਆਖਿਆ ਕੁਛ ਹੋਰ ਕਰਦੇ ਹੁੰਦੇ ਨੇ, ਲਿਖਿਆ ਹੋਇਆ ਕੁਛ ਹੋਰ ਹੁੰਦੈ । ਉਹ ਵਿਆਖਿਆ ਐਸੀ ਸੁਣਾਉਂਦੈ ਉਹਨਾਂ ਦੀ ਕਰਕੇ...'ਅਗਮੁ', ਮਨੁੱਖੀ ਬੁੱਧੀ ਹੈਰਾਨ ਹੋ ਜਾਂਦੀ ਐ ਬਈ ਇਹ ਆਏਂ ਗੱਲ ਸੀ? ਅਸੀਂ ਤਾਂ ਆਹ ਸਮਝਦੇ ਸੀ । "ਗੁਰ ਚੇਲੇ ਕੀ ਸੰਧਿ ਮਿਲਾਏ ॥" ਜਿਹੜਾ ਮਨ ਐ ਔਰ ਚਿੱਤ ਐ, ਗੁਰ-ਚੇਲਾ ਐ, ਉਹਨਾਂ ਦੀ ਏਕਤਾ ਕਰ ਦਿੰਦੈ । ਜੇ ਗੁਰ ਚੇਲੇ ਦੀ ਸੰਧੀ ਮਿਲ ਜਾਂਦੀ ਐ...ਫੇਰ ਅਗੰਮ ਗੱਲ ਐ, ਜੇ ਗੁਰ ਚੇਲੇ ਦੀ ਸੰਧਿ ਨਹੀਂ ਮਿਲਦੀ, ਫਿਰ ਉਹ ਅਗੰਮੀ ਗੱਲ ਹੈ ਨੀ, ਫੇਰ ਉਹ ਅਗੰਮੀ ਪ੍ਰਚਾਰ ਨਹੀਂ ਹੈ ।
ਸਿਖਿਆਰਥੀ : ਗੁਰ ਅਰ ਚੇਲਾ ਦੋਹੇਂ ਚੇਤਨ ਐ, ਹੈਂ ਜੀ? ਮਨ ਤੇ ਚਿੱਤ?
ਧਰਮ ਸਿੰਘ ਜੀ : ਹਾਂ ਜੀ ਹਾਂ ਜੀ ।
ਸਿਖਿਆਰਥੀ : "ਦੀਖਿਆ ਦਾਰੂ ਭੋਜਨੁ ਖਾਇ ॥ ਛਿਅ ਦਰਸਨ ਕੀ ਸੋਝੀ ਪਾਇ ॥੪॥੫॥"ਧਰਮ ਸਿੰਘ ਜੀ : ਜੋ ਦੀਕਸ਼ਾ ਮਿਲੀ ਐ ਸਿਖਿਆ 'ਚੋਂ...ਜੋ ਨਾਮ ਮਿਲਿਐ, ਇਹੀ ਤਾਂ ਭੋਜਨ ਐ, ਇਹਨੂੰ ਭੋਜਨ ਇਹੀ ਬਣਾਵੇ, ਗਿਆਨ ਜਿਹੜਾ ਹੈਗਾ "ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ {ਪੰਨਾ 273}" ਈ ਰਹੇ । ਗੁਰਬਾਣੀ ਦੀ ਦੀਕਸ਼ਾ..ਸਿਖਿਆ ਐ, ਇਹਦੇ 'ਚੋਂ ਜੋ ਗਿਆਨ ਮਿਲਿਐ...ਦੀਖਿਆ, ਦੀਖਿਆ ਉਹ ਐ ਜੋ ਸਮਝ ਆਇਆ ਗੁਰਬਾਣੀ 'ਚੋਂ, ਉਹਨੂੰ ਭੋਜਨ ਬਣਾ ਕੇ ਉਹ ਖਾਵੇ ਮਨ, ਉਹ ਆਤਮਾ ਦਾ ਭੋਜਨ ਬਣੇ ਉਹੋ, ਤਾਂ ਛੇ ਦਰਸ਼ਨ ਦੀ ਸੋਝੀ ਹੁੰਦੀ ਐ । ਫਿਰ ਛੇ ਦਰਸ਼ਨ ਜਿਹੜੇ ਇਹਨਾਂ ਆਲੇ ਨੇ ਨਾ? ਉਹ ਨੀ ਹੈਂ ਇਹ ਛੇ ਦਰਸ਼ਨ ਹੋਰ ਐਂ ਫਿਰ । ਇਹਨਾਂ ਆਲੇ ਜੇ ਛੇ ਦਰਸ਼ਨ ਹੁੰਦੇ, ਉਹਦੀ ਸੋਝੀ ਕੀ ਆਉਣੀ ਸੀ? ਉਹ ਤਾਂ ਪਹਿਲਾਂ ਪਤਾ ਈ ਐ । ਇਹਨਾਂ ਆਲੇ ਛੇ ਦਰਸ਼ਨ ਨੀ, ਅਸਲੀ ਛੇ ਦਰਸ਼ਨ ਦਾ, ਤਾਂ ਪਤਾ ਲੱਗਦੈ ਕਿ ਕਿਹੜੇ ਨੇ? ਜੀਹਨੂੰ ਕਿਹਾ "ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥੧॥ {ਪੰਨਾ 12}" ਫੇਰ ਉਹ ਦੱਸੂ...ਪਤਾ ਲੱਗੂ ਬਈ ਉਹ ਕੀ ਗੱਲ ਕਹੀ ਸੀ, ਆਹ ਅਵਸਥਾ ਪ੍ਰਾਪਤ ਹੋਊ ਤਾਂ ਉਹ ਸਮਝ 'ਚ ਆਊਗੀ...ਵਰਨਾ ਨੀ ਉਹਦੀ ਸਮਝ ਆਉਣੀ, ਉਹ ਤਾਂ ਛੇ ਸ਼ਾਸ਼ਤਰ ਈ ਮੰਨੀ ਜਾਂਦੇ ਨੇ ।

ਸਿਖਿਆਰਥੀ : ਠੀਕ ਐ ਜੀ, ਆਹ ਦਾਰੂ ਸ਼ਬਦ ਦਾ ਕੀ ਭਾਵ ਬਣਦੈ ਜੀ "ਦੀਖਿਆ ਦਾਰੂ ਭੋਜਨੁ ਖਾਇ ॥"
ਧਰਮ ਸਿੰਘ ਜੀ : 'ਦਾਰੂ' ਦਵਾਈ ਹੁੰਦੀ ਐ "ਦੁਖੁ ਦਾਰੂ ਸੁਖੁ ਰੋਗੁ ਭਇਆ {ਪੰਨਾ 469}" 'ਦੀਖਿਆ' ਅਸਲ 'ਚ 'ਦਵਾਈ' ਐ, ਇਹ 'ਦੀਖਿਆ' 'ਚ ਈ 'ਦਾਰੂ' ਐ...'ਨਾਮ ਦਾਰੂ' ਐ, ਨਾਮ 'ਦੀਖਿਆ' ਦੇ ਵਿਚੇ ਈ ਐ ਨਾ? ਬੋਲਿਆ ਜੋ ਉਹ 'ਸਿਖਿਆ' ਐ , ਜੋ ਵਿਚੋਂ ਪ੍ਰਾਪਤ...ਸਮਝ ਆਈ ਐ ਉਹ 'ਦੀਖਿਆ' ਐ । 'ਦੀਖਿਆ' 'ਚੋਂ ਜੋ ਸਮਝ ਆਈ ਐ...ਦ੍ਰਿਸ਼ਟਮਾਨ ਹੋਇਐ, ਉਹੀ ਤਾਂ 'ਦਾਰੂ' ਐ, ਉਹੀ ਤਾਂ 'ਨਾਮ' ਐ, ਓਸੇ ਦਾ ਭੋਜਨ ਖਾਣੈ । ਜੇ ਏਹੀ ਭੋਜਨ ਹੋਵੇ ਇਹਦਾ, ਫੇਰ ਛੇ ਦਰਸ਼ਨ ਦੀ ਸਮਝ ਆਉਂਦੀ ਐ ।
ਸਿਖਿਆਰਥੀ : ਅਛਾ! ਛੇ ਦਰਸ਼ਨ ਇਹਨਾਂ ਨੇ ਲਿਖੇ ਆ ਜੀ...ਛੇ ਭੇਖ...ਜੋਗੀ, ਜੰਗਮ, ਸਨਿਆਸੀ, ਬੋਧੀ, ਸਰੇਵੜੇ ਤੇ ਬੈਰਾਗੀ ।
ਧਰਮ ਸਿੰਘ ਜੀ : ਆਹੋ ਇਹਨਾਂ ਦੇ ਏਹੀ ਨੇ ਨਾ? ਗੁਰਬਾਣੀ ਦੇ ਇਹ ਨੀ ਹਨ ।

No comments:

Post a Comment

Note: Only a member of this blog may post a comment.