ਅਭਿਆਗਤ:
ਸਲੋਕ ਮਹਲਾ ੩
ੴ ਸਤਿਗੁਰ ਪ੍ਰਸਾਦਿ ॥
ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥
ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥ {ਪੰਨਾ 1413}
ਜਿਵੇਂ ਅਸੀਂ, ਇੱਕ ਸੰਤ, ਸਾਧ ਜਾਂ ਭਗਤ ਮੰਨਿਆ ਹੋਇਆ ਹੈ ਨਾ...ਓ ਇਵੇਂ ਹੀ ਇੱਕ ਅਭਿਆਗਤ ਲਫਜ਼ ਮੰਨਿਆ ਹੋਇਐ, ਜਿਹੜਾ ਤਿਆਗੀ ਹੋਵੇ ਮਾਇਆ ਦਾ, ਗੁਰਮੁਖਿ ਮਾਇਆ ਵਿਚ ਤਿਆਗੀ ਜਿਵੇਂ ਨੇ ਨਾ?
"ਗੁਰਮੁਖਿ ਮਾਇਆ ਵਿਚ ਉਦਾਸੀ" ਜੀ?
ਹਾਂ... ਉਦਾਸੀ "ਮਾਇਆ ਵਿਚ ਉਦਾਸੀ" ਐ ਗੁਰਮੁਖ, ਉਹ ਅਭਿਆਗਤ ਕਹਿੰਦੇ ਨੇ । ਉਹ ਕਹਿੰਦੇ ਨੇ ਬਈ ਜੇ ਉਹਦੇ ਮਨ 'ਚ ਭਰਮ ਐ, ਤਾਂ ਉਹੋ ਅਭਿਆਗਤ ਨੀ ਹੈਗਾ ਅਜੇ । ਭਰਮ ਰਹਿਤ ਹੋ ਕੇ...ਉਹਨੂੰ ਤਾਂ ਅਜੇ ਮਾਇਆ ਦਾ...ਚੇਤਨ ਅਰ ਜੜ੍ਹ ਦਾ ਗਿਆਨ ਨੀ । ਭਰਮ ਦਾ ਮਤਲਬ ਐ...ਜੜ੍ਹ-ਚੇਤਨ ਦਾ ਗਿਆਨ ਨੀ ਅਜੋਂ ਹੈਗਾ, ਮਾਇਆ ਦਾ ਗਿਆਨ ਈ ਨੀ ਹੈ, ਤਾਂ ਤਿਆਗ ਉਹਨੇ ਕਿਵੇਂ ਦਿੱਤੀ?? ਮਾਇਆ ਦਾ...ਚੇਤਨ ਅਰ ਜੜ੍ਹ ਦੇ ਗਿਆਨ ਬਿਨਾਂ ਮਾਇਆ ਨੀ ਤਿਆਗੀ ਜਾ ਸਕਦੀ । ਤਿਆਗਿਆ ਕੀ ਐ ਫਿਰ? ਤਿਆਗਿਆ ਨੀ ਕੁਛ ਵੀ ਉਹਨੇ, ਅਗਿਆਨਤਾ ਨਾਲ ਤਿਆਗ ਨੀ ਹੁੰਦਾ ਮਾਇਆ ਦਾ "ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥" ਜਿਹਨਾਂ ਦੇ ਮਨ ਦੇ ਵਿੱਚ ਭਰਮ ਐ, ਉਹ ਅਭਿਆਗਤ ਨੀ ਹੈ । ਜਿਵੇਂ ਆਪਾਂ ਕਹਿ ਦੇਈਏ...ਉਹ ਸੰਤ ਨੀ ਹੈ, ਉਹ ਸਾਧ ਨੀ ਹੈ, ਉਹ ਸੰਤੋਖੀ ਨੀ ਹੈ, ਉਹ ਗੁਰਮੁਖ ਨੀ ਹੈ, ਉਹ ਗੁਰਸਿਖ ਨੀ, ਉਹ ਅਭਿਆਗਤ ਲਫਜ਼ ਉਹਨਾਂ ਨੇ ਵਰਤਿਆ ਹੋਇਐ ਉਹਦੇ ਵਾਸਤੇ ।
"ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥"
ਜਿਹੋ ਜਿਹਾ ਉਹਨਾਂ ਕੋਲ ਗਿਆਨ ਐ ਉਹੀ ਦੇਣਗੇ, ਉਹਨਾਂ ਦਾ ਜਿਹੜਾ ਦੱਸਿਆ ਹੋਇਐ ਧਰਮ ਐ...ਅਭਿਆਗਤਾਂ ਦਾ ਉਹ ਤਾਂ ਓਹੋ ਜਿਹਾ ਈ ਹੋਊ, ਜਿਹੋ ਜਿਹਾ ਉਹਨਾਂ ਨੂੰ ਸਮਝ ਐ । ਯਾਨੀ...ਭਰਮ ਰਹਿਤ ਧਰਮ ਨੀ ਉਹੋ, ਭਰਮ-ਗਿਆਨ ਵਾਲਾ ਧਰਮ ਐ । ਭਰਮ-ਗਿਆਨੀ ਤਾਂ ਬਣਾ ਸਕਦੈ, ਊਂ ਕਹਿੰਦੇ ਤਾਂ ਆਪਣੇ ਆਪ ਨੂੰ...ਲੋਕ ਤਾਂ ਉਹਨਾਂ ਨੂੰ ਗਿਆਨਵਾਨ ਸਮਝਦੇ ਨੇ, ਪਰ ਜੇ 'ਮਨ ਮਹਿ ਭਰਮੁ' ਹੈ ਤਾਂ ਗਿਆਨਵਾਨ ਤਾਂ ਹੈਨੀ, ਭਰਮ-ਗਿਆਨੀ ਨੇ, ਉਹਨਾਂ ਨੂੰ ਆਪਣੇ ਧਾਰਮਿਕ ਹੋਣ ਦਾ ਭਰਮ ਜਰੂਰ ਐ, ਅਸਲੀ ਧਾਰਮਿਕ ਹੈਨੀ ਉਹੋ ।
ਬਈ "ਕਾਚੇ ਗੁਰ ਤੇ ਮੁਕਤਿ ਨ ਹੂਆ ॥ {ਪੰਨਾ 932}" ਹੈਂਜੀ ?
ਹਾਂਜੀ ਹਾਂਜੀ ।
"ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥ ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥"
ਜੀਹਨੂੰ ਅਸੀਂ ਕਹਿੰਨੇ ਆਂ ਅਭਿਆਗਤ ਇੱਕ ਪਦਵੀ ਦਾ ਨਉਂ ਐ, ਉਹ ਤਾਂ ਮਾਇਆ ਰਹਿਤ ਐ 'ਅਭੈ ਨਿਰੰਜਨ' ਇੱਕ ਤਾਂ ਉਹਨੂੰ ਭੈ ਨੀ ਹੁੰਦੀ, ਅੰਦਰਲੇ ਸਰੀਰ ਦੀ...ਉਹਦਾ ਖਾਣਾ-ਪੀਣਾ, ਪਹਿਨਣਾ ਅੰਦਰਲੇ ਸਰੀਰ ਦਾ ਈ ਹੁੰਦੈ, ਅੰਦਰਲੇ ਸਰੀਰ ਦੇ ਈ ਹਥ, ਅੰਦਰਲੇ ਸਰੀਰ ਦੇ ਈ ਪੈਰ, ਅੰਦਰਲੇ ਸਰੀਰ ਨਾਲ ਚੱਲਣਾ-ਫਿਰਨਾ, ਅੰਦਰਲੇ ਸਰੀਰ ਦੀਉ ਗੱਲ ਕਰਦੈ, ਬਾਹਰਲੇ ਦੀ ਨੀ ਕਰਦਾ । 'ਨਿਰੰਜਨ' ਤਾਂ ਕਹਿੰਦੇ ਨੇ...ਮਾਇਆ ਤੋਂ ਰਹਿਤ, ਮਾਇਆ ਤੋਂ ਰਹਿਤ ਐ "ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ {ਪੰਨਾ 273}", ਉਹ ਅਭੈ ਪਦ ਹੋਊਗਾ, ਨਿਰੰਜਨ ਹੋਊਗਾ...ਮਾਇਆ ਤੋਂ ਰਹਿਤ ਹੋਊਗਾ । ਜੇ ਭਰਮ ਹੈ ਤਾਂ ਮਾਇਆ ਤੋਂ ਰਹਿਤ ਗਿਆਨ ਹੈਨੀ ਉਹਦੇ ਕੋਲ, ਔਰ ਭੈ ਮੁਕਤ ਵੀ ਨੀ ਹੁੰਦਾ...ਜਿਹੜੇ ਨੇ ਏਹੇ, ਜਿੰਨਾ ਚਿਰ ਮਾਇਆ ਤਿਆਗੀ ਨੀ ਗਈ, ਜਿੰਨਾ ਚਿਰ ਸਰੀਰ ਦੀ ਜਿਹੜੀ ਮਨੌਤ ਐ ਸਾਡੇ ਨਾਲ ਐ, ਉਨਾ ਚਿਰ ਭੈ ਰਹਿਤ ਨਹੀਂ ਹੈ ਉਹੋ । ਜੇ ਹਿਰਦੇ 'ਚ ਭਰਮ ਐ ਤਾਂ ਭੈ ਵੀ ਹੈ ।
"ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥"
ਉਹਦੀ ਇਛਾ ਹੋਵੇ ਉਹਦੇ ਅੰਦਰ, ਫੇਰ ਗੱਲ ਬਣਦੀ ਐ, ਨਾਮ ਦੀ ਭੁੱਖ ਹੋਵੇ ਉਹਨੂੰ ।
ਠੀਕ ਐ, ਤਾਂ ਫਿਰ ਅਭਿਆਗਤ ਐ ਉਹੋ, ਹੈਂ ਜੀ?
ਫੇਰ ਅਭਿਆਗਤ ਐ । ਇਹ ਨਾ ਹੋਵੇ ਬਈ ਰੋਟੀ ਦੀ ਚਿੰਤਾ ਨੀ ਜੀ, ਮਿਲਗੀ...ਖਾ ਲਈ, ਨਹੀਂ...ਨਾ ਸਹੀ, ਇਹ ਗੱਲ ਨਾਲ ਅਭਿਆਗਤ ਨਹੀਂ ਹੁੰਦਾ ।
"ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥"
ਉਹ ਫਿਰ ਭੋਜਨ ਐ ਜਿਹੜਾ, ਉਹ ਤਾਂ ਕੋਈ ਵਿਰਲਾ ਪਾਉਂਦਾ, ਉਹ ਤਾਂ ਨਾਮ ਭੋਜਨ ਐ ਫਿਰ । ਉਹ ਤਾਂ ਉਹੀ ਪਾਉਂਦੈ, ਜੀਹਨੂੰ ਭੁੱਖ ਲੱਗੀ ਹੋਊ, ਜੇ ਹੁਣ ਸਰੀਰ ਦੀ ਭੁੱਖ ਤਾਈਂ ਈ ਸੀਮਤ ਐ, ਉਹ ਤਾਂ ਫਿਰ ਸਰੀਰ ਦਾ ਈ ਮਿਲੂ ਉਹਨੂੰ । ਲੋਕਾਂ ਦੇ ਘਰੇ ਖਾਂਦਾ ਉਹੋ, ਲੋਕ ਉਹਨੂੰ ਸਰੀਰ ਦਾ ਭੋਜਨ ਈ ਦਿੰਦੇ ਨੇ । ਜਦ ਕਿ ਇਹ ਤਾਂ ਉਹਨੇ ਆਪ ਉੱਦਮ ਨਾਲ ਆਪ ਛਕਣਾ ਤੇ ਲੋਕਾਂ ਨੂੰ ਛਕਾਉਣਾ ਏਹੇ "ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ {ਪੰਨਾ 306}" ਅਭਿਆਗਤ ਨੇ ਤਾਂ ਇਹ ਕੰਮ ਕਰਨੈ । ਇਹ ਭੋਜਨ ਉਹਨੂੰ ਕੋਈ ਨੀ ਦੇ ਸਕਦਾ ਹੈਗਾ, ਸਗੋਂ ਉਹਨੂੰ..." ਘਾਲਿ ਖਾਇ ਕਿਛੁ ਹਥਹੁ ਦੇਇ ॥ {ਪੰਨਾ 1245}" ਆਪ ਉਹਨੂੰ ਵਿਚਾਰ ਕਰਕੇ ਆਪਣੀ ਖੁਰਾਕ ਆਪ ਪੈਦਾ ਕਰਨੀ ਪਊਗੀ ਅੰਤਰ-ਆਤਮਾ ਦੀ ਤੇ ਦੂਜਿਆਂ ਨੂੰ ਦੱਸਣਾ ਪਊ, ਫੇਰ ਉਹ 'ਪਰਮ ਪਦੁ' ਐ, 'ਅਭੈ ਨਿਰੰਜਨ ਪਰਮ ਪਦੁ' ਐ, ਵਰਨਾ ਨੀ ਹੁੰਦਾ । ਗੁਰਮੁਖਾਂ ਨੇ...ਜਿਹਨਾਂ ਨੇ ਗੁਰਬਾਣੀ ਲਿਖੀ ਐ, ਉਹਨਾਂ ਨੇ ਸਾਰਿਆਂ ਨੇ ਇਹ ਕੰਮ ਕੀਤੈ, ਉਹ ਉਹਨਾਂ ਦੀ ਗੱਲ ਕਰਦੇ ਨੇ, ਜਿਹੜੇ ਏਸ ਅਵਸਥਾ ਵਾਲੇ ਹੁੰਦੇ ਨੇ, ਆਹ ਕੰਮ ਕਰਦੇ ਹੁੰਦੇ ਨੇ । ਉਹਨਾਂ ਨੇ ਗੁਰਬਾਣੀ ਲਿਖੀ ਐ, ਗਿਆਨ ਦਿੱਤੈ ਲੋਕਾਂ ਨੂੰ ਦੱਸਿਐ, ਦੂਜਿਆਂ ਨੇ ਕਿਸੇ ਨੇ ਦੱਸਿਆ ਕੋਈ ਨੀ, ਦੱਸਦੇ ਕੁਛ ਨੀ, ਕਹੀ ਜਾਂਦੇ ਨੇ ।
No comments:
Post a Comment
Note: Only a member of this blog may post a comment.