Saturday, September 17, 2011

Asun(i)


ਅਸੁਨਿ :

"ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ {ਪੰਨਾ 135}"

'ਅਸੁ' ਹੁੰਦਾ ਹੈ 'ਮੈਂ' । "ਅਸ ਕ੍ਰਿਪਾਨ ਖੰਡੋ ਖੜਗ", 'ਅਸ' ਹੁੰਦੀ ਹੈ 'ਹਉਮੈ ਦੀ ਤਲਵਾਰ', 'ਕਲ ਕਾਤੀ', 'ਕਲਪਨਾ ਰੂਪੀ ਤਲਵਾਰ', 'ਮੇਰੀ ਮਰਜੀ', ਇਹ 'ਅਸ' ਹੈ । 'ਕ੍ਰਿਪਾਨ' ਕਿਰਪਾ ਹੈ, 'ਗੁਰ ਕਾ ਭਾਣਾ' । ਇਹਦੇ ਨਾਲ 'ਖੰਡਾ' ਬਣਦਾ ਹੈ, "ਅਸ ਕ੍ਰਿਪਾਨ ਖੰਡੋ ਖੜਗ", ਇਹ 'ਖੰਡਾ' ਹੈ, ਇੱਕ ਪਾਸੇ ਧਾਰ 'ਸਾਡੀ ਮਰਜੀ' ਦੀ ਹੈ, ਇੱਕ ਪਾਸੇ 'ਉਹਦੀ ਮਰਜੀ' ਦੀ ਧਾਰ ਹੈ । ਮਨਮੁਖਾਂ (ਜਨਰਲ ਆਦਮੀ) ਦੇ ਹਿਰਦੇ ਵਿੱਚ 'ਦੋਵੇਂ ਧਾਰਾਂ' ਹੁੰਦੀਆਂ ਹਨ । ਮਨੁੱਖ (ਮਾਣਸ) ਜਦ ਪੈਦਾ ਹੁੰਦਾ ਹੈ ਤਾਂ ਉਹਦੇ ਹਿਰਦੇ ਵਿੱਚ ਦੋਵੇਂ ਧਾਰਾਂ ਹੁੰਦੀਆਂ ਹਨ । ਪਰ 'ਇੱਕ ਧਾਰ' ਨੇ ਕੰਮ ਕਰਨਾ ਹੈ, ਇੱਕ ਨੇ ਨਹੀਂ ਕਰਨਾ, 'ਇੱਕ ਪਾਸੇ' ਨੂੰ ਖੰਡਾ ਚੱਲਣਾ ਹੈ, ਦੋਵੇਂ ਪਾਸਿਆਂ ਨੂੰ ਨਹੀਂ ਚਲਾਉਣਾ । ਖੰਡੇ ਨੂੰ ਉਧਰ ਨੂੰ ਵਰਤਣਾ ਹੈ ਜਿਧਰ 'ਗੁਰ ਕੀ ਮਰਜੀ' ਵਾਲੀ ਧਾਰ ਹੈ, 'ਗਿਆਨ ਖੜਗ ਵਾਲੀ ਧਾਰ ਹੈ । ਜਿਧਰਲੇ ਪਾਸੇ ਗੁਰ ਕਾ ਭਾਣਾ/ਮਰਜੀ ਵਾਲੀ ਧਾਰ ਹੈ, ਉਧਰਲੇ ਪਾਸੇ ਨੇ ਹੀ ਚੱਲਣਾ ਹੈ, 'ਦੂਜੇ ਪਾਸੇ ਵਾਲੀ ਧਾਰ' ਨੇ ਤਾਂ ਉਹਦੇ ਪਿੱਛੇ-ਪਿੱਛੇ ਹੀ ਰਹਿਣਾ ਹੈ । ਜੇ 'ਦੂਜੀ ਧਾਰ' ਚਲਾ ਦਿੱਤੀ ਤਾਂ ਉਹਨੇ ਭਰਮ ਪਉਣੈ, ਉਹ ਭਰਮ ਵਾਲੀ ਹੈ, ਉਹ ਨੁਕਸਾਨ ਕਰਨ ਵਾਲੀ ਹੈ । ਇਸ ਕਰਕੇ ਖੰਡੇ ਨੂੰ circle 'ਚ ਹੀ ਚੱਲਦਾ ਰਹਿਣਾ ਹੈ, 'ਇੱਕ ਧਾਰ' ਤੋਂ ਹੀ ਕੰਮ ਲੈਣਾ ਹੈ 'ਦੂਜੀ' ਤੋਂ ਕੰਮ ਹੀ ਨਹੀਂ ਲੈਣਾ । ਪਰ ਇਹ ਦੂਜੇ (ਆਪਣੀ ਮਰਜੀ ਵਾਲੇ) ਪਾਸੇ ਹੀ ਪਿਆ ਹੈ । ਕਿੰਨੇ ਚਿਰ ਦਾ ਪਿਆ ਹੈ ਕਹਿੰਦਾ ਕਿੰਨੇ ਜੁੱਗ ਲੰਘ ਗਏ ਓਸੇ ਪਾਸੇ ਹੀ ਪਿਆਂ, ਆਪਣੀ ਮਰਜੀ ਹੀ ਚੱਲਦੀ ਐ । ਹੁਣ ਮਨੁੱਖਾ ਜਨਮ 'ਚ ਆ ਕੇ ਆਪਣੀ ਮਰਜੀ ਛੱਡਣੀ ਹੈ, ਬਿਲਕੁੱਲ ਹੀ ਤਿਆਗ ਦੇਣੀ ਹੈ । ਪਿਛਲੇ ਜਨਮਾਂ 'ਚ ਬਿਲਕੁੱਲ ਨਹੀਂ ਤਿਆਗੀ 'ਆਪਣੀ ਮਰਜੀ' । ਤਿਆਗੀ ਹੀ ਨਹੀਂ ਜਾ ਸਕੀ ਬਿਲਕੁੱਲ ਵੀ, ਹੁਣ ਬਿਲਕੁੱਲ ਹੀ ਤਿਆਗ ਦੇਣੀ ਹੈ ।

"ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ {ਪੰਨਾ 135}" 

ਮੇਰੇ ਅੰਦਰ, 'ਅਸ' ਦਾ ਮਤਲਬ ਹੈ 'ਮੇਰਾ/ਮੈਂ' । ਅਸ+ਉਨਿ = ਅਸੁਨਿ = ਮੇਰੇ ਅੰਦਰ = ਮੈਨੂੰ । 'ਪ੍ਰੇਮ ਉਮਾਹੜਾ' ਪ੍ਰੇਮ ਦਾ ਉਮਾਹੜਾ ਆਇਆ ਹੈ । ਪ੍ਰੇਮ ਉਮੜ ਪਿਆ ਮੇਰੇ ਅੰਦਰ, "ਕਿਉ ਮਿਲੀਐ ਹਰਿ ਜਾਇ" ਐਨਾ ਕਾਹਲਾ ਪੈ ਗਿਆ ਮਨ, ਕਿ ਕਿਸ ਤਰੀਕੇ ਨਾਲ ਕਿਹੜੀ ਘੜੀ ਹਰਿ ਨੂੰ ਜਾ ਕੇ ਮਿਲ ਲੀਏ । ਕਿਉਂਕਿ ਜੋ ਪਿੱਛੇ ਸੁਣ ਲਿਆ, ਉਹਦਾ ਗਿਆਨ ਹੋ ਗਿਆ ।

"ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ {ਪੰਨਾ 135}"

ਮਨ ਕਰਕੇ, ਤਨ ਕਰਕੇ ਹਿਰਦੇ ਵਿੱਚ ਬਹੁਤ ਜਿਆਦਾ (ਘਣੀ) ਪਿਆਸ ਹੈ, ਕਿ ਕੋਈ ਛੇਤੀ ਮਿਲਾ ਦੇਵੇ, ਕੋਈ ਰਾਹ ਐਸਾ ਪਤਾ ਲੱਗੇ... ਇਹ ਕੀਹਦੀ ਅਵਸਥਾ ਹੈ ? ਗੁਰੁ ਅੰਗਦ ਜੀ ਦੀ, ਗੁਰੁ ਅਮਰਦਾਸ ਜੀ ਦੀ ਮਿਲਣ ਤੋਂ ਪਹਿਲਾਂ ਦੀ ਅਵਸਥਾ ਹੈ । ਕਬੀਰ ਜੀ ਦੀ, ਫਰੀਦ ਜੀ ਦੀ ਗਿਆਨ ਮਿਲਣ ਤੋਂ ਪਹਿਲਾਂ ਦੀ ਅਵਸਥਾ ਹੈ । ਸਾਰਿਆਂ ਦੀ ਹੀ ਇਹ ਅਵਸਥਾ ਹੁੰਦੀ ਹੈ, ਜਿਹੜਾ ਵਿਅਕਤੀ 'ਸੰਤੋਖ' ਤੱਕ ਪਹੁੰਚ ਗਿਆ ਅੱਗੇ ਦਾ ਪਤਾ ਨਹੀਂ ਹੈ, ਉਹਦੀ ਇਹ ਅਵਸਥਾ ਹੁੰਦੀ ਹੈ ।

"ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ {ਪੰਨਾ 135}"

ਕਹਿੰਦੇ ਸੰਤ ਜਿਹੜੇ ਨੇ, ਏਸ ਪ੍ਰੇਮ ਦੇ ਵਿੱਚ, ਜੇ ਏਥੋਂ ਤੱਕ ਪ੍ਰੇਮ 'ਚ ਪਹੁੰਚ ਜਾਵੇ ਕੋਈ, ਅੱਗੇ ਸੰਤ ਜੇ ਕੋਈ ਹੋਵੇ, ਉਹ ਸਹਾਇਤਾ ਕਰ ਦੇਵੇ ਅੱਗੇ । ਸਹਾਈ ਨੇ ਪ੍ਰੇਮ ਕੇ, ਸੰਤ ਕੋਲ ਕੁਛ ਨੀ । ਏਸ ਪ੍ਰੇਮ ਦੇ ਸੰਤ ਸਹਾਈ ਨੇ ਸਿਰਫ, ਸਹਾਇਤਾ ਕਰ ਦਿੰਦਾ ਕੋਈ ਗੱਲ ਦੱਸ ਦਿੰਦੈ, ਸਮਝਾ ਦਿੰਦੈ । "ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ {ਪੰਨਾ 135}" ਉਹਨਾਂ ਦੇ ਪਿੱਛੇ ਲੱਗੀਏ, ਉਹਨਾਂ ਨੂੰ ਪੁੱਛੀਏ ਕਿ ਤੁਸੀਂ ਕਿਵੇਂ ਕੀਤੈ ? ਸੰਤ ਕੀ ਹੁੰਦੈ ? ਸੰਤ ਉਹ ਹੈ, ਜੀਹਦੇ ਕੋਲ ਸੱਚ ਹੁੰਦਾ ਹੈ "ਨਾਨਕ ਸੰਤੁ ਮਿਲੈ ਸਚੁ ਪਾਈਐ {ਪੰਨਾ 938}", ਜੀਹਨੇ ਸੱਚ ਤੱਕ ਪਹੁੰਚ ਕੇ ਸੱਚ ਦੀ ਪ੍ਰਾਪਤੀ ਕਰ ਲਈ, ਉਹ 'ਸੰਤ' ਹੈ । ਇਹਨੂੰ ਅਜੇ ਸੱਚ ਦਾ ਪਤਾ ਨਹੀਂ, ਕਹਿੰਦੇ ਓਸ ਸੰਤ ਨੂੰ ਟੋਲੀਏ, ਜੀਹਦੇ ਕੋਲ ਸੱਚ ਹੋਵੇ । ਉਹ ਸੱਚ ਫੇਰ ਉਹਦੇ ਕੋਲੋਂ ਲਈਏ ਜੋ ਸਹਾਈ ਹੋਵੇ, ਧਰਮ ਦਾ ਸੱਚਾ ਗਿਆਨ ਲੈ ਕੇ ਫੇਰ ਉਹਨੂੰ ਕਮਾਈਏ, ਫੇਰ ਉਹ ਅਵਸਥਾ ਆਵੇ ।

"ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ {ਪੰਨਾ 135}"

ਪ੍ਰਭ ਤੋਂ ਬਿਨਾਂ ਸੁੱਖ ਨਹੀਂ ਪਾਇਆ ਜਾ ਸਕਦਾ । ਹੁਣ ਪ੍ਰਭ ਨੂੰ ਕੁਛ ਲੋਕ ਬਾਹਰ ਬਣਾਈ ਬੈਠੇ ਹਨ, ਬਾਹਰ ਟੋਲਦੇ ਨੇ, ਬਾਹਰ ਮਿਲ ਨਹੀਂ ਰਿਹਾ । ਪ੍ਰਭ ਹੈ ਅੰਦਰ, ਕਹੀ ਵੀ ਜਾਂਦੇ ਹਨ ਕਿ ਅੰਦਰ ਹੈ, ਪਰ ਜਿਹੜੀਆਂ ਸਾਖੀਆਂ ਹਨ, ਉਹ ਸਾਬਤ ਕਰਦੀਆਂ ਹਨ ਕਿ ਬਾਹਰੋਂ ਮਿਲਿਆ, ਫਲਾਣੇ ਨੂੰ ਮਿਲਿਆ, ਉਹਨੂੰ ਮਿਲਿਆ, ਉਹਨੂੰ ਮਿਲਿਆ । ਇਹ ਸਾਖੀਆਂ ਦੁਬਿਧਾ ਖੜੀਆਂ ਕਰਦੀਆਂ ਹਨ, ਧਰਮ ਦੇ ਵਿੱਚ ਸਾਖੀਆਂ ਕੁਝ ਹੋਰ ਕਹਿੰਦੀਆਂ ਹਨ, ਅਸਲੀਅਤ ਕੁਛ ਹੋਰ ਹੈ । ਉਹ ਜਿਹੜੀਆਂ ਝੂਠੀਆਂ ਸਾਖੀਆਂ ਘੜੀਆਂ, ਇਹ ਦੁਬਿਧਾ ਖੜੀਆਂ ਕਰਦੀਆਂ ਹਨ । ਫੇਰ ਉਹ 'ਸੰਤ', ਓਸ ਝੂਠ ਦਾ ਪਰਦਾਫਾਸ਼ ਕਰਦਾ ਹੈ, ਖੋਟੇ-ਖਰੇ ਦੀ ਪਹਿਚਾਨ ਸਮਝਾਉਂਦਾ ਹੈ, ਤਾਂ ਉਹ ਝੂਠ (ਸਾਖੀਆਂ) ਨੂੰ ਛੱਡਦਾ ਹੈ । ਉਹ ਜਿੰਨਾ ਚਿਰ ਝੂਠ ਜਿਹੜੀਆਂ ਸਾਖੀਆਂ ਹਨ, ਉਹਨਾਂ ਨੂੰ ਅੰਦਰੋਂ ਧੋ ਨਹੀਂ ਦਿੰਦਾ, ਉਹਨਾਂ ਦੀ ਮਾਨਤਾ ਕੱਢ ਨਹੀਂ ਦਿੰਦਾ, ਉਨਾ ਚਿਰ 'ਗਾਹਾਂ ਨਹੀਂ ਜਾ ਸਕਦਾ । ਸਾਖੀਆਂ ਹੀ ਘੇਰਦੀਆਂ ਨੇ, ਹੋਰ ਕੀ ਘੇਰਦੀਆਂ ਨੇ ਮੂਹਰੇ ਤੇ ? ਝੂਠ ਘੇਰ ਲੈਂਦਾ ਹੈ , ਝੂਠ ਉਲਝਾਵੇ 'ਚ ਪਾ ਦਿੰਦਾ ਹੈ । "ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ {ਪੰਨਾ 135}" ਪ੍ਰਭ ਤੋਂ ਬਿਨਾਂ ਤਾਂ ਸੁੱਖ ਮਿਲ ਹੀ ਨਹੀਂ ਸਕਦਾ, ਦੂਜੀ ਕੋਈ ਜਗ੍ਹਾ ਹੀ ਨਹੀਂ ਹੈ ਜਿਥੋਂ ਸੁੱਖ ਮਿਲੇ, ਹੋਰ ਜਗ੍ਹਾ ਤਾਂ ਹੈ ਹੀ ਨਹੀਂ ਕੋਈ ।

"ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥ {ਪੰਨਾ 135}"

ਜਿੰਨ੍ਹਾਂ ਨੇ ਪ੍ਰੇਮ ਰਸ ਚਖ ਲਿਆ, ਉਹ ਤ੍ਰਿਪਤ ਨੇ 'ਆਘਾਇ' ਰੱਜੇ ਅਨੰਦੁ ਰਹਿੰਦੇ ਨੇ ਓਹੋ । ਉਹਨਾਂ ਦੇ ਅੰਦਰ ਕੋਈ ਮਾਇਆ ਦੀ ਭੁੱਖ, ਕੋਈ ਤ੍ਰਿਸ਼ਨਾ ਰੂਪੀ ਚੀਜ਼ ਹੈ ਹੀ ਨਹੀਂ, ਕੋਈ ਮਾਇਆ ਦਾ ਸੰਕਲਪ ਹੈ ਹੀ ਨਹੀਂ, ਕੋਈ ਸੰਸਾਰੀ ਇੱਜ਼ਤ ਦੀ ਭੁੱਖ ਹੈ ਹੀ ਨਹੀਂ ।

"ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ {ਪੰਨਾ 135}"

ਉਹ ਆਪਾ ਤਿਆਗਦੇ ਹਨ, ਉਹ ਕਹਿੰਦੇ ਹਨ ਅਸੀਂ ਤਾਂ ਕੁਛ ਵੀ ਨਹੀਂ "ਮੈ ਨਾਹੀ ਕਛੁ ਹਉ ਨਹੀ {ਪੰਨਾ 858}" ਆਪਣੀ ਹਸਤੀ ਮਿਟਾ ਦਿੰਦੇ ਨੇ ਓਹੋ । ਆਪ ਤਿਆਗ ਬੇਨਤੀ ਕਰਦੇ ਹਨ, ਪਰ 'ਆਹ ਸੰਤ' ਕੁਛ ਹੋਰ ਹੀ ਕਰਦੇ ਹਨ, ਆਪਣੇ ਆਪ ਨੂੰ ਮੰਨਦੇ ਹਨ ਸੰਤ, ਕਿ ਅਸੀਂ ਤਾਂ ਜੀ ਉਹ ਹਾਂ ਉਹ ਹਾਂ । ਜਿੰਨ੍ਹਾਂ ਦੇ ਚੇਲੇ ਬਣਦੇ ਨੇ ਆਪ, ਉਹਨਾਂ ਨੂੰ ਗੁਰੂ ਬਣਾਉਂਦੇ ਨੇ, ਬਰਸੀਆਂ ਮਨਾਉਂਦੇ ਨੇ, ਉਹਨਾਂ ਵਾਸਤੇ ਝੂਠ ਬੋਲਦੇ ਨੇ, ਉਹਨਾਂ ਵਿੱਚ ਸ਼ਕਤੀਆਂ ਦੱਸਦੇ ਨੇ, ਤਾਂ ਹੀ ਆਪਣੀ ਇੱਜ਼ਤ ਹੋਊ ਬਈ ਇਹਨਾਂ ਨੂੰ ਦੇ ਗਏ, ਸਾਡੇ 'ਤੇ ਵੀ ਕਿਰਪਾ ਕਰ ਗਏ, ਉਹਨਾਂ ਦੀ ਕਿਰਪਾ ਹੋ ਗਈ, ਬਈ ਅਗਲੇ ਨੂੰ ਭਰਮ ਹੋ ਜਾਵੇ ਕਿ ਏਹਦੇ ਕੋਲ ਪਤਾ ਨੀ ਕੀ ਹੈ ? ਆਹ ਕੁਛ ਹੈ ਇਹਨਾਂ ਕੋਲ, ਸਾਰਾ fraud ਸਾਰਾ ਝੂਠ । "ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ {ਪੰਨਾ 135}" ਉਹ ਤਾਂ ਪ੍ਰਭੂ ਨੂੰ ਕਹਿੰਦੇ ਹਨ ਕਿ ਤੂੰ ਲੜ ਲਾ ਲੈ, ਮੇਰੇ 'ਚ ਕੁਛ ਨਹੀਂ ਹੈ, ਮੈਂ ਕੁਛ ਨਹੀਂ ਕਰ ਸਕਦਾ, ਇਹ ਤਾਂ ਕਰਦੇ ਨੇ ਭਗਤ, ਇਹ ਤਾਂ ਗੁਰੂਆਂ ਨੇ ਕੀਤਾ ਹੈ ਆਪ, ਪਰ ਸੰਤ ਕੁਛ ਹੋਰ ਹੀ ਕਰਦੇ ਹਨ । ਜੇ ਇਹਦਾ ਪ੍ਰਚਾਰ ਕਰਨ ਫਿਰ ਆਪਣੇ ਪੱਲੇ ਕੱਖ ਨਹੀਂ ਰਹਿੰਦਾ, ਇਹ ਇਹਨਾਂ ਨੂੰ ਬਰਦਾਸ਼ਤ ਨਹੀਂ ਕਿ ਸਾਡੀ ਇੱਜ਼ਤ ਨਾ ਹੋਵੇ । ਆਪਣੀ ਇੱਜ਼ਤ ਘਟਾਉਣੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ, ਇਸ ਕਰਕੇ ਪੜਦਾ ਰੱਖਣਾ, fraud ਰੱਖਣਾ, ਪਤਾ ਨਾ ਲੱਗਣ ਦੇਣਾ ਕਿ ਮੇਰੇ ਕੋਲ ਗਿਆਨ ਹੈ ਕਿ ਨਹੀਂ, ਗਿਆਨ ਦੀ ਗੱਲ ਹੀ ਨਾ ਕਰਨੀ । ਗਿਆਨ ਦੀ ਗੱਲ ਕਰੇ ਤੋਂ ਹੀ ਪਤਾ ਲੱਗਜੂ ਗਾ ਬਈ ਏਹਦੇ ਕੋਲ ਹੈ ਕਿ ਨਹੀਂ ਹੈ, ਸਾਖੀਆਂ ਸੁਣਾ ਕੇ ਹੀ ਪਾਸੇ ਹੋ ਜਾਣਾ, ਗੁਰਬਾਣੀ ਦੀ ਗੱਲ ਛੇੜਦੇ ਹੀ ਨਹੀਂ, ਇਥੋਂ ਤਾਂ ਪਤਾ ਲੱਗਜੂ ਗਾ, ਜੇ ਅਰਥ ਗਲਤ ਹੋ ਗਏ, ਕੋਈ ਟਿੱਪਣੀ ਕਰ ਦੇਊਗਾ ।

"ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥ {ਪੰਨਾ 135}"

ਹਰਿ 'ਕੰਤ' ਹੈ, ਜਿਹੜੀਆਂ ਹਰਿ ਕੰਤ ਨੇ ਮਿਲਾ ਲਈਆਂ, ਜਿਹੜੀ ਸੁਰਤ 'ਹਰਿ ਕੰਤ' ਨਾਲ ਮਿਲ ਗਈ, ਆਪਣੇ ਅੰਦਰ ਜੁੜ ਗਈ ਜਿਹੜੀ ਸੁਰਤ ਜਾ ਕੇ, ਜੀਹਦਾ ਧਿਆਨ ਆਪਣੇ ਅੰਦਰ ਜੁੜ ਗਿਆ ਜਾ ਕੇ, ਉਹਨੇ ਵਿੱਛੜ ਕੇ ਹੋਰ ਕਿੱਥੇ ਜਾਣਾ ਹੈ ? ਬਾਹਰ ਕਿੱਥੇ ਜਾਣਾ ਹੈ "ਬਾਹਰਿ ਟੋਲੈ ਸੋ ਭਰਮਿ ਭੁਲਾਹੀ" ਹੈ, "ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ {ਪੰਨਾ 102}", ਜੀਹਨੂੰ ਵੀ ਮਿਲਿਆ ਹੈ ਅੰਦਰੋਂ ਮਿਲਿਆ ਹੈ, ਬਾਹਰੋਂ ਕੁਛ ਨੀ ਮਿਲਿਆ । ਪਰ ਫੇਰ ਬਾਹਰ ਦਾ ਪ੍ਰਚਾਰ ਕਰੀ ਜਾਂਦੇ ਨੇ, ਗੁਰੁ ਨਾਨਕ ਦੇ ਦਰਸ਼ਨ ਹੋਏ, ਇਹ ਹੋਇਆ, ਉਹ ਹੋਇਆ, ਝੂਠ ਬੋਲਣ ਤੋਂ ਨੀ ਹਟਦੇ, ਅਰ ਗੁਰਮਤਿ ਤੋਂ ਸਾਰੀ ਗੱਲ ਖਿਲਾਫ਼ ਕਹਿੰਦੇ ਨੇ ਓਹੋ । "ਸਿ ਵਿਛੁੜਿ ਕਤਹਿ ਨ ਜਾਇ" ਉਹ ਵਿੱਛੜ ਕੇ ਕਿਤੇ ਜਾਂਦੇ ਈ ਨੀ ।

"ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥ {ਪੰਨਾ 135}"

ਪ੍ਰਭ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ ਜਿਹੜਾ ਸ਼ਰਨ ਦੇ ਸਕੇ, ਜੋ ਸ਼ਰਨ ਦੇਣ ਦੇ ਸਮਰਥ ਹੋਵੇ । "ਨਾਨਕ ਹਰਿ ਸਰਣਾਇ" ਇਸ ਕਰਕੇ ਨਾਨਕ ਜੀ ਕਹਿੰਦੇ ਹਨ ਕਿ ਮੈਂ ਉਸ ਹਰਿ ਦੀ ਸ਼ਰਨ ਚਲਾ ਗਿਆ ਹਾਂ । ਹਰਿ ਹੀ ਹੈ ਜੋ ਸ਼ਰਨ ਦੇ ਕੇ ਸਾਨੂੰ ਬਚਾਅ ਸਕਦਾ ਹੈ, ਉਥੇ ਹੀ ਸੁੱਖ ਹੈ ।

"ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥ {ਪੰਨਾ 135}"

ਅੱਸੂ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਹੀ ਸੁੱਖ ਰਹਿੰਦਾ ਹੈ, ਜਿਹਨਾਂ ਉੱਤੇ ਹਰਿ ਰਾਇ ਦੀ ਕਿਰਪਾ ਹੋ ਜਾਂਦੀ ਹੈ "ਮਇਆ ਹਰਿ ਰਾਇ" ।

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥
ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥
ਮਾਝ ਬਾਰਹਮਾਹਾ (ਮ: ੫)  - ਅੰਗ ੧੩੫