Saturday, July 30, 2011

Ardaas

ਸਿੱਖਾਂ ਵਿੱਚ ਪ੍ਰਚਲਿਤ ਅਰਦਾਸ ਦਾ ਪਿਛੋਕੜ :- ਧਰਮ ਦਾ ਵਿਸ਼ਾ ਗੁਰਮੁਖਾਂ ਦਾ ਵਿਸ਼ਾ ਹੈ ਵਿਦਵਾਨਾਂ (ਪੰਡਿਤਾਂ) ਦਾ ਨਹੀ ਹੈ । ਵਿਦਵਾਨ ਹਮੇਸ਼ਾਂ ਆਪਣੀ ਬੁਧਿ ਨਾਲ ਸਿਰਫ ਇੱਕ ਪਾਸੇ ਹੀ ਸੋਚਦਾ ਹੈ ਜਦਕਿ ਗੁਰਮੁਖਿ ਕੋਲ ਪਰਮੇਸ਼ਰ ਦੁਆਰਾ ਦਿੱਤੀ ਬਿਬੇਕ ਬੁਧਿ (ਗਿਆਨ ਖੜਗ) ਹੁੰਦੀ ਹੈ ਜਿਸ ਨਾਲ ਉਹ ਧਰਮ ਦੇ ਸਾਰੇ ਮਸਲੇ ਸੁਲਝਾਉਂਦੇ ਹਨ । ਸਿੱਖਾਂ ਦੀ ਜੇ ਖੁਆਰੀ ਹੈ ਤਾਂ ਇਸ ਲਈ ਹੀ ਹੈ ਕਿਉਂਕਿ ਜਿਨ੍ਹਾਂ ਪੰਡਤਾਂ ਦਾ ਪਲਾ ਇਨ੍ਹਾਂ ਤੋਂ ਛੁਡਾਇਆ ਗਿਆ ਸੀ ਉਹ ਪੰਡਿਤ ਸਿੱਖ ਵਿਦਵਾਨ (ਸਨਾਤਨੀ ਸਿੱਖਾਂ) ਦਾ ਰੂਪ ਧਾਰਨ ਕਰਕੇ ਸਿੱਖਾਂ ਵਿੱਚ ਆ ਵੜੇ ਉਨ੍ਹਾਂ ਨੇ ਹੀ ਗੁਰਮਤਿ ਨੂੰ ਸਨਾਤਨੀ ਮਤਿ (ਬ੍ਰਾਹਮਣੀ ਮਤਿ) ਦੇ ਅਨੁਕੂਲ ਅਰਥਾ ਦਿੱਤਾ ।
ਬੰਦਾ ਬਹਾਦਰ ਵੇਲੇ ਤੋਂ ਹੀ ਖਾਲਸਾ, ੨ ਧੜਿਆਂ ਵਿੱਚ ਵੰਡਿਆ ਗਿਆ ਸੀ, ਤੱਤ ਖਾਲਸਾ ਤੇ ਬੰਦੇਈ । ਖਾਲਸੇ ਦਾ ਰਾਜ ਕਾਇਮ ਕਰਨ ਦਾ ਖਿਆਲ ਬੰਦਾ ਬਹਾਦਰ ਦੇ ਦਿਮਾਗ ਕਾਢ ਸੀ ਇਸ ਲਈ ਮਾਤਾ ਸੁੰਦਰੀ ਜੀ ਨੇ ਬੰਦੇ ਬਹਾਦਰ ਨੂੰ ਰਾਜ ਕਾਇਮ ਕਰਨ ਦੇ ਖਿਆਲ ਨੂੰ ਤਿਆਗਣ ਲਈ ਆਖਿਆ ਸੀ ਉਸਦੇ ਨਾ ਮੰਨਣ ਤੇ ਹੀ ਉਸਦੇ ਖਿਲਾਫ਼ ਮਾਤਾ ਜੀ ਵਲੋਂ ਹੁਕਮਨਾਮਾ ਜਾਰੀ ਹੋਇਆ ਸੀ ।
ਇਹ ਧੜੇ ਬਾਅਦ ਵਿੱਚ ਮਿਸਲਾਂ ਅਤੇ ਅਕਾਲੀ ਫੂਲਾ ਸਿੰਘ ਦੇ ਰੂਪ ਵਿੱਚ ਸਾਹਮਣੇ ਆਏ । ਅਸਲ ਖਾਲਸਾ ਫੋਜ਼ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਰਹੀ ਅਤੇ ਮਿਸਲਾਂ ਕਾਇਮ ਕਰਨ ਵਾਲੇ ਸਿੰਘਾ ਦਾ ਖਾਲਸਾਈ ਬਾਣਾ ਉਤਾਰ ਕੇ ਰਾਜ ਕਰਨ ਦੀ ਆਗਿਆ ਦਿੱਤੀ ਗਈ ਸੀ । ਗੁਰਬਾਣੀ ਵਿੱਚ ਦਰਜ ਹੈ,


ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥
ਦੇਵਗੰਧਾਰੀ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੫੩੪



ਰਾਜ ਕਰੇਗਾ ਖਾਲਸਾ ਗੁਰਬਾਣੀ ਦੀ ਇਸ ਪੰਗਤੀ ਦੇ ੧੦੦ਫ਼ੀ ਸਾਡੀ ਵਿਰੋਧ ਵਿੱਚ ਹੈ ਇਸ ਲਈ ਖਾਲਸਾਈ ਫੋਜ਼ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਆਜ਼ਾਦ ਰਹੀ ਤੇ ਰਣਜੀਤ ਸਿੰਘ ਦੀ ਫੋਜ਼, ਸਿੱਖ ਫੋਜ਼ ਵਜੋਂ ਖਾਲਸਾਈ ਬਾਣੇ ਤੋਂ ਮਹਿਰੂਮ ਰਹੀ । ਕਿਸੀ ਸਿੱਖ ਫੋਜ਼ (ਤਨਖਾਦਾਰ) ਦੇ ਸਰਦਾਰ ਦਾ ਬਾਣਾ, ਅਕਾਲੀ ਫੂਲਾ ਸਿੰਘ ਦੀ ਨਿਹੰਗ (ਖਾਲਸਾ) ਫੋਜ਼ ਵਾਂਗ ਨਹੀ ਸੀ ਕਿਉਂਕਿ ਗੁਰੂ ਕੀ ਫੋਜ਼ ਨੇ ਤਨ,ਮਨ,ਧਨ ਗੁਰੂ ਨੂੰ ਪਹਿਲਾਂ ਅਰਪਿਆ ਹੁੰਦਾ ਹੈ ।
੧੯੨੫ ਦੀ ਰਹਿਤ ਮਰਿਆਦਾ ਵਿੱਚ ਅਖੌਤੀ ਅਕਾਲੀਆਂ ਦਾ ਬਾਣਾ ਵੀ ਖਾਲਸਾਈ ਬਾਣਾ ਨਹੀ ਹੈ ਅਕਾਲੀਆਂ ਦੀ ਰਹਿਤ ਮਰਿਆਦਾ ਨਾਲ ਨਿਹੰਗ ਸਿੰਘਾਂ ਵਲੋਂ ਬਿਲਕੁਲ ਸਹਿਮਤੀ ਨਹੀ ਸੀ ਤੇ ਨਾ ਹੀ ਗੁਰਦਵਾਰਾ ਐਕਟ ਨੂੰ ਅਸਲੀ ਖਾਲਸੇ (ਨਿਹੰਗ ਸਿੰਘਾ) ਨੇ ਕਦੀ ਪਰਵਾਨ ਨਹੀ ਕੀਤਾ । ਕਿਉਂਕਿ ਅਕਾਲੀਆਂ ਵਿੱਚ ਖਾਲਸਾ ਵਿਰੋਧੀ ਧੀਰਮਲੀਏ, ਰਾਮਰਾਈਏ, ਮੀਣੇ ਮਸੰਦਾ ਦੀ ਭਰਮਾਰ ਸੀ ਇਸ ਲਈ ਉਨ੍ਹਾਂ ਨੇ ਅਰਦਾਸ ਵਿੱਚ ਕੇਵਲ ਦਸਾਂ ਗੂਰੂਆਂ ਦਾ ਨਾਮ ਪਰਵਾਨਤ ਕਰਕੇ ਬਾਕੀ ਦੇ ਭਗਤਾਂ,ਭੱਟਾਂ, ਸਿੱਖਾਂ ਤੋਂ ਅੱਲਗ ਕਰ ਦਿੱਤਾ । ਇਹ ਸਨਾਤਨੀ ਸਿੱਖਾਂ ਦੀ ਚਾਲ ਸੀ ਕਿਉਂਕਿ ਉਹ ਭਗਤਾਂ ਨੂੰ ਨੀਚ ਜਾਤੀ ਦੇ ਮੰਨਦੇ ਸਨ ਜਦਕਿ ਗੁਰਮਤਿ ਜਾਤ-ਪਾਤ ਜਾਂ ਊਚ-ਨੀਚ ਦੇ ਖਿਆਲ ਦੀ ਵਿਰੋਧੀ ਹੈ । ਇਹ ਕਾਰਣ ਸੀ ਜਿਸ ਕਰਕੇ ਨਿਹੰਗ ਸਿੰਘਾਂ ਤੇ ਅਕਾਲੀਆਂ ਵਿੱਚ ਹਮੇਸ਼ਾਂ ਮਤਭੇਦ ਰਹੇ ।
ਅੱਜ ਭਗਤ ਰਵਿਦਾਸ ਜੀ ਦੇ ਪੈਰੋਕਾਰਾਂ ਤੇ ਅਕਾਲੀਆਂ ਵਿੱਚ ਫੁੱਟ ਉਜਾਗਰ ਹੈ ਤੇ ਅੰਦਰਖਾਤੇ ਕਬੀਰ ਜੀ ਤੇ ਹੋਰ ਭਗਤਾਂ ਦੇ ਪੈਰੋਕਾਰਾਂ ਦਾ ਅਕਾਲੀਆਂ ਨਾਲੋਂ ਅਲੱਗ ਹੋ ਕੇ ਆਪਣਾ ਵੱਖਰਾ ਗਰੰਥ ਬਣਾ ਲੈਣ ਦਾ ਖਿਆਲ ਪੈਦਾ ਹੋ ਜਾਣ ਦੀ ਪ੍ਰਬਲ ਸ਼ੰਕਾ ਹੈ । ਇਸ ਲਈ ਸਚੁਖੋਜ ਅਕੈਡਮੀ ਦਾ ਸਟੈਂਡ, ਖਾਲਸਾਈ ਸਟੈਂਡ ਹੋਣ ਕਰਕੇ ਅਕਾਲੀਆਂ ਨਾਲੋਂ ਵੱਖਰਾ ਹੈ ।
ਸਿੱਖਾਂ ਨੂੰ ਬਾਕੀ ਭਗਤਾਂ ਜਾਂ ਗੁਰਬਾਣੀ ਦੇ ਰਾਚੇਤਿਆਂ ਤੋਂ ਵੱਖਰਾ ਤੇ ਕਮਜੋਰ ਕਰਕੇ ਸੀਮਤ ਦਾਇਰੇ ਵਿੱਚ ਬੰਦ ਕਰ ਦਿੱਤਾ ਜਾਵੇ, ਇਸ ਚਾਲ ਨੂੰ ਅੱਜ ਸੂਝਵਾਨ ਸਿੱਖਾਂ ਨੇ ਮਹਿਸੂਸ ਕਰ ਲਿਆ ਹੈ ।


ਸਿੱਖਾਂ ਦੀ ਅਰਦਾਸ ਦਾ ਮੁਢ ਹੀ ਗਲਤ ਹੈ:-
ਜਿਸ ਨਜ਼ਰੀਏ ਨਾਲ ਅੱਜ ਅਭੋਲ ਸਿੱਖ "ਪ੍ਰਥਮਿ ਭਗਉਤੀ ਸਿਮਰ ਕੈ" ਨੂੰ ਪੜ੍ਹ ਰਹੇ ਹਨ ਉਹ ਵਿਅਕਤੀ ਪੂਜਾ ਨਾਲ ਜੋੜਨ ਵਾਲਾ ਸਨਾਤਨੀ ਸਿੱਖਾਂ ਦਾ ਨਜ਼ਰਿਆ ਹੈ ਜਿਸਤੋ ਖਾਲਸਾ ਫੋਜ਼ ਸੀਨੇ-ਬਸੀਨੇ ਜਾਣੂ ਰਹੀ ਹੈ । ਜਿਸਦੇ ਸਿੱਟੇ ਵਜੋਂ ਸਿੱਖ ਸੰਗਤ ਦਾ ਰੁੱਖ ਸਮਝ ਕੇ ਸਚੁਖੋਜ ਅਕੈਡਮੀ ਨੇ ਖਾਲਸਾਈ ਸਟੈਂਡ ਇੰਟਰਨੈਟ ਤੇ ਜਾਹਰ ਕਰ ਦਿੱਤਾ ਹੈ ਤੇ ਨਾਲ ਹੀ ਪੂਰੀ ਚੰਡੀ ਦੀ ਵਾਰ, ਪ੍ਰਥਮਿ ਭਗਉਤੀ ਸਿਮਰ ਕੈ ਤੋਂ ਲੈ "ਦੁਰਗਾ ਪਾਠ ਬਣਾਇਆ ਸਭੇ ਪਉੜੀਆ ॥ ਚੰਡੀ ਦੀ ਵਾਰ - ੫੫ - ਸ੍ਰੀ ਦਸਮ ਗ੍ਰੰਥ ਸਾਹਿਬ" ਤੱਕ ਅਰਥਾ ਦਿੱਤੀ ਹੈ ।

ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥
ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥
ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ ॥
ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥
ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ॥
ਸਭ ਥਾਈ ਹੋਇ ਸਹਾਇ ॥੧॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਦਾਸ ਦਾ ਅਰਥ ਹੁੰਦਾ ਹੈ ਬੇਨਤੀ ਕਰਨਾ, ਸੰਸਾਰੀ ਲੋਗ ਮਾਇਆਵੀ ਪਦਾਰਥਾਂ ਦੀ ਅਰਦਾਸ ਕਰਦੇ ਹਨ ਪਰ ਗੁਰਮਤਿ ਅਨੁਸਾਰ ਸਿੱਖਾਂ ਨੂੰ ਹੁਕਮ ਹੈ ਕਿ ਸਚੁ ਤੋਂ ਇਲਾਵਾ ਕੁਝ ਵੀ ਨਹੀਂ ਮੰਗਣਾ ਕਿਉਂਕਿ ਉਹ ਮੰਗਿਆ ਹੋਇਆ ਸਿਰਫ ਦੁੱਖ ਹੀ ਹੋਵੇਗਾ । ਪਰਮੇਸ਼ਰ ਸਿਰਫ ਸਤੁ ਵਾਲੇ ਤੇ ਸੰਤੋਖੀ ਦੀ ਅਰਦਾਸ ਸੁਣਦਾ ਵੀ ਹੈ ਤੇ ਆਪਣੇ ਕੋਲ ਵੀ ਬਠਾਉਂਦਾ ਹੈ । ਜੋ ਮਾਇਆਵੀ ਪਦਾਰਥਾਂ ਦੀ ਅਰਦਾਸ ਕਰਦੇ ਨੇ ਉਨ੍ਹਾਂ ਨੂੰ ਗੁਰਬਾਣੀ ਵਿੱਚ ਲੋਭੀ ਕਿਹਾ ਗਿਆ ਹੈ ਤੇ ਉਸ ਤੇ ਵਿਸ਼ਵਾਸ ਨਾ ਕਰਨ ਦਾ ਹੁਕਮ ਹੈ ।

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥
ਰਾਮਕਲੀ ਕੀ ਵਾਰ:੨ (ਮ: ੫) - ਅੰਗ ੯੫੮

ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥
ਸਲੋਕ ਵਾਰਾਂ ਤੇ ਵਧੀਕ (ਮ: ੩) - ਅੰਗ ੧੪੨੦


ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
ਸਲੋਕ ਵਾਰਾਂ ਤੇ ਵਧੀਕ (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੧੪੨੦




>>>Download mp3<<<




ਜਿਹੜੀਆਂ ਮੰਗਾਂ ਗੁਰਬਾਣੀ ਦੇ ਵਿੱਚ reject (ਰੱਦ) ਕੀਤੀਆਂ ਹੋਈਆਂ ਨੇ, ਬਈ ਆਹ ਮਿਲਣੀਆਂ ਨਹੀਂ ਹਨ, ਏਦਾਂ ਮਿਲਦੀਆਂ ਨੀ, ਉਹ ਅਸੀਂ ਮੰਗਦੇ ਹਾਂ ਉੱਥੇ ਜਾ ਕੇ । ਉਹ ਤਾਂ ਏਦਾਂ ਮਿਲਦੀਆਂ ਨੀ, ਉਹ ਤਾਂ ਆਪ ਈ ਦੇਈ ਜਾਂਦੈ । ਉਹ ਬਿਨਾਂ ਈ ਮੰਗੇ ਦੇਈ ਜਾਂਦੈ ਸਾਰਿਆਂ ਨੂੰ ਹੀ, ਉਹਦੇ 'ਚ ਕੋਈ ਨੀ ਫਰਕ ਪੈਣਾ ਹੈ । ਜਿਹੜੇ ਸੰਸਾਰੀ ਪਦਾਰਥ ਨੇ ਇਹਨਾਂ ਦਾ ਨੀ ਕੋਈ ਫਰਕ ਪੈਂਦਾ ਹੁੰਦਾ ਏਸ ਗੱਲ ਨਾਲ । ਇਹ ਤਾਂ ਧਾਰਮਿਕ ਬੰਦਿਆਂ ਨੂੰ ਸਗੋਂ ਘੱਟ ਦਿੰਦਾ ਹੁੰਦੈ, ਕਿਉਂਕਿ ਜਹਿਰ ਆ ਏਹੇ । ਜਿਹੜੀ ਜਹਿਰ ਆ ਏਹੇ ਮਾਇਆ ਦੀ, ਧਾਰਮਿਕ ਬੰਦਿਆਂ ਨੂੰ ਤਾਂ ਘੱਟ ਦਿੰਦਾ ਹੁੰਦੈ ਉਹੋ, ਆਪਣੇ ਬੰਦਿਆਂ ਨੂੰ ਜਹਿਰ ਘੱਟ ਦੇਈਦੀ ਐ । ਜਿਹਨਾਂ ਨੇ ਜਿਆਦਾ ਜਹਿਰ ਖਾਣੀ ਆ ਉਹ ਫੇਰ ਗੁਰਦੁਆਰੇ ਜਾਣਾ ਛੱਡ ਦੇਣ, ਗੁਰੂ ਨੂੰ ਮੰਨਣਾ ਹੀ ਛੱਡ ਦੇਣ, ਫੇਰ ਜਹਿਰ ਜਿਆਦਾ ਮਿਲਜੂਗੀ । ਜੇ ਜਹਿਰ ਜਿਆਦਾ ਈ ਲੈਣੀ ਐ, ਅੰਗਰੇਜਾਂ ਨੂੰ ਬਥੇਰੀ ਮਿਲਦੀ ਐ । ਜਿਹੜੇ ਗੁਰਦੁਆਰੇ ਨਹੀਂ ਜਾਂਦੇ ਉਹਨਾਂ ਕੋਲ ਤਾਂ ਮਾਇਆ ਜਿਆਦਾ ਹੈ । ਜੇ ਜਹਿਰ ਈ ਖਾਣੀ ਐ ਤਾਂ ਫਿਰ ਛੱਡ ਦਿਉ, ਫਿਰ ਬਾਗੀ ਹੋ ਜੋ । ਜੇ ਡਾਕਟਰ ਕੋਲ ਜਾਉਂਗੇ ਤਾਂ ਡਾਕਟਰ ਤਾਂ ਸਲਾਹ ਦੇਊ ਕਿ ਭਾਈ ਆਹ ਚੀਜ ਨਾ ਖਾ । ਡਾਕਟਰ ਤਾਂ ਇਹੀ ਸਲਾਹ ਦੇਊਗਾ ਬਈ ਨਾ ! ਏਹਦੇ ਨਾਲ ਤਾਂ ਨੁਕਸਾਨ ਹੋਊਗਾ, ਇਹ ਨੀ ਖਾਣੀ । ਭਗਤ ਜਿੰਨੇ ਵੀ ਸੀਗੇ, ਤਕਰੀਬਨ ਸਾਰੇ ਈ ਗਰੀਬ ਹੋਏ ਨੇ, ਉਹ ਕਹਿੰਦੇ "ਗਰੀਬੀ ਗਦਾ ਹਮਾਰੀ ॥ {ਪੰਨਾ 628}" ਇਹ ਗਰੀਬੀ ਦੀ ਗਦਾ ਨਾਲ ਹੀ ਪਾਰ ਹੁੰਦੈ, ਮਨ ਜਿੱਤਿਆ ਜਾਂਦੈ, ਓਦਾਂ ਨੀ ਜਿੱਤਿਆ ਜਾਂਦਾ । ਅਸੀਂ ਤਾਂ ਉਲਟਾ ਰਸਤਾ ਫੜ ਲਿਆ । ਰਵਿਦਾਸ ਨੇ ਕੀ ਕਿਹਾ ? "ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥ {ਪੰਨਾ 1377}", ਕਹਿੰਦਾ, ਸੱਚ ਗੱਲ ਕਹਾਂ ? ਸਾਰੇ ਦੋਜਕ(ਨਰਕ) ਜਾਣਗੇ ਜਿਹੜੇ ਹਰਿ ਨੂੰ ਛੱਡ ਕੇ ਹੋਰ ਕਿਸੇ ਚੀਜ ਦੀ ਆਸ ਰੱਖਣਗੇ । ਜਿਹੜੇ ਗੁਰਦੁਆਰੇ ਜਾ ਕੇ ਹਰਿ ਨੂੰ ਛੱਡ ਕੇ ਹੋਰ ਕਿਸੇ ਚੀਜ ਦੀ ਆਸ ਰੱਖਦੇ ਹਨ, ਉਹ ਦੋਜਕ ਜਾਣਗੇ ਹੀ ਜਾਣਗੇ । ਗੁਰਬਾਣੀ ਦੇ ਵਿੱਚ ਹੀ ਲਿਖਿਆ ਹੋਇਆ ਹੈ ਇਹ ਤਾਂ, ਉਹ ਤਾਂ ਕਹਿੰਦਾ ਦੋਜਕ ਜਾਣਗੇ, ਤੁਸੀਂ ਉਹਤੋਂ ਹੋਰ ਹੀ ਕੁਝ ਮੰਗਦੇ ਹੋ ਜਾ ਕੇ । ਇਹਦਾ ਮਤਲਬ ਹੈ ਤੁਸੀਂ ਕੁਝ ਨੀ ਮੰਗਦੇ ਹੋਰ ਉਹਤੋਂ ਜਾ ਕੇ, ਜਿਹੜੇ ਗੁਰਦੁਆਰੇ ਅਰਦਾਸਾਂ ਕਰਾਉਂਦੇ ਨੇ, ਉਹ ਦੋਜਕ ਦੀ ਅਰਦਾਸ ਹੁੰਦੀ ਆ ਹੋਰ ਨੀ ਕਾਸੇ ਦੀ ਹੁੰਦੀ । "ਕਰਹਿ ਆਨ ਕੀ ਆਸ" ਈ ਆ, ਆਸ ਈ ਲਿਖਿਆ ਹੈ, ਮਿਲਦਾ ਨਹੀਂ ਹੈ, ਮਿਲਿਆ ਨਹੀਂ ਲਿਖਿਆ ਹੋਇਆ । ਮਿਲਦਾ ਕੁਝ ਨਹੀਂ, ਆਸ ਆ ਸਿਰਫ, ਇਹ ਆਸ ਦੋਜਕ ਲੈ ਜਾਂਦੀ ਐ ਜਿਹੜੀ ਅਸੀਂ ਆਸ ਰੱਖ ਕੇ ਗੁਰਦੁਆਰੇ ਜਾਂਦੇ ਹਾਂ । ਮਿਲਦਾ ਫੇਰ ਵੀ ਨਹੀਂ, ਇਹ ਭੁਲੇਖਾ ਹੈ । "ਕਰਹਿ ਆਨ ਕੀ ਆਸ" ਕਹਿ ਰਿਹਾ ਹੈ "ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ" ਹੋਰ ਕਿਸੇ ਚੀਜ ਦੀ ਆਸ ਰੱਖ ਕੇ ਜੇ ਗੁਰਦੁਆਰੇ ਜਾਂਦੈ ਜਾਂ ਅਰਦਾਸ ਕਰਾਉਂਦਾ ਹੈ ਤਾਂ ਇਹ ਸੱਚੀ ਗੱਲ ਹੈ ਕਿ ਦੋਜਕ ਜਾਊਗਾ ਓਹੋ । ਉਹ ਦੋਜਕ ਦੀ ਅਰਦਾਸ ਹੋ ਰਹੀ ਹੈ ਅਸਲ ਵਿੱਚ, ਦੋਜਕ ਦੀ ਭੁੱਖ ਹੈ, ਜੋ ਅਰਦਾਸ ਕਰਦਾ ਹੈ ਉਹਦੇ ਵੱਟੇ ਦੋਜਕ ਮਿਲ ਜਾਣਾ ਹੈ ਉਹਨੂੰ । ਉਹ ਮਿਲੇ ਜਾਂ ਨਾ ਮਿਲੇ ਜਿਹੜੀ ਅਰਦਾਸ ਕਰਨ ਗਿਆ ਹੈ, ਪਰ ਦੋਜਕ ਜਰੂਰ ਮਿਲੂਗਾ, ਉਹ ਤਾਂ ਮਿਲਣਾ ਈ ਮਿਲਣਾ, ਉਹਨੂੰ ਨੀ ਕੋਈ ਹਟਾ ਸਕਦਾ ਦੋਜਕ ਨੂੰ । ਜਿਹੜੀ ਵਸਤੂ ਲੈਣ ਗਿਆ, ਕੀ ਪਤਾ ਉਹਦੇ ਪਹਿਲਾਂ ਹੀ ਲਿਖੀ ਹੋਈ ਹੋਵੇ । ਜੇ ਪਹਿਲਾਂ ਹੀ ਹੁਕਮ ਦੇ ਵਿੱਚ ਲਿਖੀ ਹੋਈ ਹੈ ਫਿਰ ਤਾਂ ਮਿਲ ਜਾਣੀ ਹੈ, ਜੇ ਨਹੀਂ ਲਿਖੀ ਹੋਈ ਤਾਂ ਫਿਰ ਨਹੀਂ ਮਿਲਣੀ, ਉਹ ਤਾਂ ਮਿਲਣੀ ਆ ਹੁਕਮ ਦੇ ਨਾਲ ਈ, ਜੋ ਪਹਿਲਾ ਪ੍ਰੋਗਰਾਮ ਹੈ, ਉਹ ਤਾਂ ਉਹਦੇ ਮੁਤਾਬਕ ਹੀ ਮਿਲਣੀ ਹੈ, ਉਹਦੇ 'ਚ ਨੀ ਕੋਈ ਫਰਕ ਪੈਣਾ । ਦੋਜਕ ਜਰੂਰ ਵਾਧੇ 'ਚ ਮਿਲ ਗਿਆ, ਇਹ ਰੂੰਘੇ 'ਚ ਮਿਲ ਜਾਣੈ 'ਦੋਜਕ', ਰੂੰਘਾ ਦੋਜਕ ਦਾ ਮਿਲ ਜਾਣਾ ਹੈ ਉਹਨੂੰ ।

ਅਰਦਾਸ :

ਦੇਖੋ ! ਗੱਲ ਉਲਟ ਹੋ ਗਈ ਗੁਰਬਾਣੀ ਤੋਂ ਸਾਰੀ, "ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥{ਪੰਨਾ 1417}"ਲਿਖਿਆ ਸੀ, ਪਰ ਕਬਜਾ ਲੋਭੀਆਂ ਦਾ ਹੋ ਗਿਆ, ਜਾਂਦੇ ਵੀ ਲੋਭੀ ਹੀ ਨੇ, ਅਰਦਾਸ ਵੀ ਲੋਭ ਦੀ ਹੀ ਹੁੰਦੀ ਹੈ । ਸਾਰਾ ਕੁਛ ਗੁਰਬਾਣੀ ਦੇ ਉਲਟ ਹੋ ਰਿਹਾ ਹੈ, ਜਾਣਦੇ ਹੋਏ ਵੀ । ਹਟਾਊ ਕੌਣ ? ਕੌਣ ਹਟਾਊ ? ਹਟਾਉਣ ਦੀ ਕਿਸੇ ਨੂੰ ਕੀ ਲੋੜ ਹੈ, ਜਿਹੋ ਜਿਹਾ ਕਰਨਗੇ ਉਹੋ ਜਿਹਾ ਪਾ ਲੈਣਗੇ । ਜੋ ਕਰਦੇ ਨੇ ਓਹੀ ਪਾਉਂਦੇ ਨੇ । ਕਿੰਨੇ ਸਾਲ ਹੋ ਗਏ ਵਿਛੜਿਆਂ ਗੁਰਦੁਆਰਿਆਂ ਦੀ ਅਰਦਾਸ ਕਰਦਿਆਂ ਨੂੰ ? ਪੂਰੀ ਹੋ ਗਈ ? ਨਾਲੇ ਤਾਂ ਕਹਿੰਦੇ "ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥{ਪੰਨਾ 819}", ਕੀ ਥੋਡੇ 'ਚ ਕੋਈ ਜਨ ਹੈ ਹੀ ਨਹੀਂ ? ਜਾਂ ਫਿਰ ਮੰਨੋ ਕਿ ਸਾਡੇ 'ਚ ਕੋਈ ਜਨ ਹੈ ਹੀ ਨਹੀਂ । ਆਹ 50 ਸਾਲ 'ਚ ਕੋਈ ਜਨ ਨਹੀਂ ਪੈਦਾ ਹੋਇਆ ਸਾਡੇ 'ਚ । ਕਿਉਂਕਿ ਜਨ ਕੀ ਅਰਦਾਸ ਤਾਂ ਬਿਰਥੀ ਜਾਂਦੀ ਨਹੀਂ । ਰੋਜ ਕਿੰਨੇ ਵਾਰ ਅਰਦਾਸ ਹੋ ਰਹੀ ਹੈ ਅਰ ਪਤਾ ਨੀ ਕਿੱਥੇ-ਕਿੱਥੇ ਹੋ ਰਹੀ ਹੈ ? ਜਿਹਨਾਂ ਗੁਰਦੁਆਰਿਆਂ ਤੋਂ ਵਿਛੋੜਿਆ ਹੋਇਆ ਹੈ । ਕਿਉਂ ਨੀ ਪੂਰੀ ਹੋਈ ਥੋਡੀ ਅਰਦਾਸ ? ਸਭ ਝੂਠ ਐ । ਇਹ ਅਰਦਾਸ ਗੁਰੂ ਤੋਂ ਖਿਲਾਫ਼ ਐ, ਗੁਰਮਤਿ ਤੋਂ ਈ ਖਿਲਾਫ਼ ਹੈ ਅਰਦਾਸ ਏਹੇ । ਗੁਰੂ ਕਾਹਤੋਂ ਪੂਰੀ ਕਰੇ ? ਇਹ ਤਾਂ ਗੁਰਮਤਿ ਤੋਂ ਖਿਲਾਫ਼ ਆ ਅਰਦਾਸ, ਇਹ ਅਰਦਾਸ ਤਾਂ ਗੁਰਮਤਿ ਤੋਂ ਬਾਗੀ ਕਰਨ ਵਾਲੀ ਆ । ਇਹ ਤਾਂ ਬਗਾਵਤ ਆ ਗੁਰਮਤਿ ਦੇ ਖਿਲਾਫ਼ ਬਗਾਵਤ, ਅਰਦਾਸ ਨੀ ਹੈ ਏਹੇ । ਅਰਦਾਸ ਪੂਰੀ ਉਹ ਹੁੰਦੀ ਐ ਜਿਹੜੀ ਗੁਰੂ ਦੇ ਅਨੁਸਾਰ ਹੋਵੇ । ਸਤੁ ਸੰਤੋਖੁ ਦੀ ਅਰਦਾਸ ਹੁੰਦੀ ਐ, ਜਦ ਸਤੁ ਸੰਤੋਖੁ ਦੀ ਅਰਦਾਸ ਕਰਦਾ ਹੈ, ਫੇਰ ਸੁਣਦੈ, ਵਰਨਾ ਸੁਣਦਾ ਈ ਨੀ । ਇੱਕ ਅਰਦਾਸ ਸੁਣਦੈ ਸਿਰਫ ਓਹੋ, ਬਾਕੀ ਨੀ ਸੁਣਦਾ, ਉਹ ਗੁਰਬਾਣੀ 'ਚ ਈ ਲਿਖੀ ਹੋਈ ਐ, "ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥{ਪੰਨਾ 878}", ਇਹ ਅਰਦਾਸ ਕਰਨੀ ਸੀ, ਇਹ ਕੀਤੀ ਨੀ । ਨਾ ਸਾਨੂੰ ਸਤੁ ਚਾਹੀਦੈ, ਨਾ ਸੰਤੋਖੁ ਚਾਹੀਦੈ, ਇਹ ਤਾਂ ਚਾਹੀਦਾ ਈ ਨੀ । ਜੇ ਇਹ ਨੀ ਚਾਹੀਦਾ ਤਾਂ ਫਿਰ ਉਹ ਤਾਂ ਸਤਿਗੁਰ ਨੇ ਦੇਣਾ ਨੀ, ਜਹਿਰ ਕਾਹਤੋਂ ਦੇਵੇ ਆਪਣਿਆਂ ਨੂੰ ਓਹੋ ? ਸਤਿਗੁਰ ਜਹਿਰ ਨੀ ਦਿੰਦਾ ਆਪਣੇ ਹੱਥ ਨਾਲ, ਜੇ ਤੁਸੀਂ ਖਾਣੀ ਹੈ ਤਾਂ ਖਾਈ ਜਾਉ । ਆਪਣੇ ਹੱਥ ਨਾਲ ਕੋਈ ਆਪਣੀ ਔਲਾਦ ਨੂੰ ਜਹਿਰ ਨੀ ਦਿੰਦਾ, ਤੁਸੀਂ ਖਾਣੀ ਹੈ ਤਾਂ ਖਾਈ ਜਾਉ । "ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥{ਪੰਨਾ 878}", ਫਿਰ ਸੁਣਦਾ ਵੀ ਹੈ ਤੇ ਸੱਦ ਕੇ ਕੋਲ ਵੀ ਬਹਾਲਦੈ, ਇਹ ਤਾਂ ਗੁਰਬਾਣੀ ਕਹਿੰਦੀ ਹੈ । ਇਹ ਅਰਦਾਸ ਕਿਉਂ ਨੀ ਕਰਦੇ, ਉਹ ਕਿਉਂ ਕਰਦੇ ਓਂ ? ਉਹ ਕਿਉਂ ਕਰਦੇ ਓਂ, ਇਹ ਕਿਉਂ ਨੀ ਕਰਦੇ ? ਜੇ ਨਹੀਂ ਕਰਦੇ, ਕੀ ਫੇਰ ਤੁਸੀਂ ਸਿੱਖ ਹੋ ? ਏਥੋਂ ਹੀ ਫੈਸਲਾ ਕਰਲੋ । ਗੁਰੂ ਦੀ ਕਹੀ ਹੋਈ ਅਰਦਾਸ ਕਰਦੇ ਨੀ, ਜਿਹੜੀ ਗੁਰੂ ਨੇ ਵਰਜੀ ਐ ਅਰਦਾਸ ਉਹ ਕਰਦੇ ਓਂ, ਫੇਰ ਕਹਿੰਦੇ ਹੋ ਅਸੀਂ ਸਿੱਖ ਹਾਂ । ਸਿੱਖ ਨੀ, ਅਸੀਂ ਅਪਰਾਧੀ ਹਾਂ ਸਿੱਖੀ ਦੇ ਭੇਸ 'ਚ । ਸਿੱਖੀ ਨੂੰ ਬਦਨਾਮ ਅੱਜ ਦਾ ਸਿੱਖ ਕਰ ਰਿਹਾ ਹੈ, ਸਿੱਖੀ ਦੇ ਵਿਰੋਧ ਦੇ ਵਿੱਚ ਇਹ ਅੱਜ ਆਪ ਹੀ ਖੜਾ ਹੈ । ਹਾਂ, ਇਹ ਆਏਂ ਕਹਿ ਸਕਦਾ, ਦੁਈ ਅਰਦਾਸ ਮਾਇਆ ਦੀ ਨਾ ਕਰਦਾ, ਚਾਹੇ ਸਤੁ ਸੰਤੋਖੁ ਦੀ ਅਰਦਾਸ ਨਾ ਕਰਦਾ । ਕਮ ਸੇ ਕਮ ਵਿਰੋਧੀ ਅਰਦਾਸ ਤਾਂ ਨਾ ਕਰਦਾ, ਚੱਲ ਸਤੁ ਸੰਤੋਖੁ ਦੀ ਅਰਦਾਸ ਨਾ ਕਰਦਾ, ਪਰ ਮਾਇਆ ਦੀ ਤਾਂ ਨਾ ਕਰਦਾ ਅਰਦਾਸ । ਇਹ ਤਾਂ ਵਿਰੋਧੀ ਧੜੇ 'ਚ ਖੜਾ ਹੋ ਗਿਆ ਜਾ ਕੇ, ਸਿੱਖਿਆ ਉਲਟ ਦੇਣ ਲੱਗ ਗਿਆ । ਜੇ ਨਹੀਂ ਗੁਰੂ ਵਾਲੀ ਕਰਨ ਜੋਗਾ ਸੀ ਤਾਂ ਕਰਦਾ ਈ ਨਾ, ਅਰਦਾਸ ਈ ਨਾ ਕਰਦਾ, ਅਰਦਾਸ ਈ ਬੰਦ ਕਰ ਦਿੰਦਾ । ਤੂੰ ਮਾਇਆ ਦੀ ਕਾਹਤੋਂ ਕਰਦੈਂ ? ਲੋਭ ਦੀ ਕਾਹਤੋਂ ਕਰਦੈਂ ? ਲੋਭੀ ਦਾ ਤਾਂ ਕਹਿੰਦੇ ਨੇ ਵੇਸਾਹੁ ਨ ਕੀਜੈ, ਲੋਭੀ ਨੂੰ ਤਾਂ ਚੋਰ ਸਮਝਦੇ ਨੇ ਉਹੋ, ਲੋਭੀ ਨੂੰ ਤਾਂ ਬੇਈਮਾਨ ਸਮਝਦੇ ਨੇ, ਠੱਗ ਸਮਝਦੇ ਨੇ, ਕਹਿੰਦੇ ਇਹਦਾ ਭਰੋਸਾ ਈ ਨਾ ਕਰਿਓ । ਤੇ ਅਸੀਂ ਉਹਨਾਂ 'ਤੇ ਭਰੋਸਾ ਕਰੀ ਬੈਠੇ ਆਂ ।