Saturday, July 7, 2012

Aadi Sachu Judaadi Sachu

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

'ਆਦਿ ਸਚੁ'

ਆਦਿ ਦਾ ਮਤਲਬ ਹੁੰਦਾ ਹੈ ਮੁੱਢ ਜਾਂ ਸ਼ੁਰੂ । ਆਦਿ 'ਮਾਇਆ' ਦਾ ਹੁੰਦਾ ਹੈ, ਸ੍ਰਿਸ਼ਟੀ ਦਾ ਆਦਿ ਹੁੰਦਾ ਹੈ, ਜੋਤ ਦਾ ਆਦਿ ਨਹੀਂ ਹੁੰਦਾ । ਸੰਸਾਰ ਦਾ ਆਦਿ ਹੈ, ਜੋਤ ਦਾ ਆਦਿ ਨਹੀਂ ਹੈ । ਜੋਤ ਤਾਂ ਨਾ ਜੰਮਦੀ ਹੈ ਨਾ ਮਰਦੀ ਹੈ. ਇਹਦਾ ਆਦਿ ਨਹੀਂ ਹੈ, ਇਹ 'ਅਨਾਦੀ' ਹੈ । ਜਿਸਦਾ ਆਦਿ ਨਾ ਹੋਵੇ ਉਸਨੂੰ 'ਅਨਾਦੀ' ਕਹਿੰਦੇ ਹਨ, ਅੱਗੇ ਆਵੇਗਾ "ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥" ਉਹ ਜੋਤ ਦੀ ਗੱਲ ਹੈ, ਜੋਤ ਦਾ ਹਰ ਸਮੇਂ ਇੱਕੋ ਹੀ ਵੇਸ ਰਹਿੰਦਾ ਹੈ, ਜਿਵੇਂ ਸਰੀਰ ਆਪਣਾ ਬਦਲਦਾ ਹੈ, ਇਹਦਾ ਭੇਸ ਬਦਲਦਾ ਹੈ, ਅੱਡ ਅੱਡ ਜੂਨੀਆਂ ਬਦਲਦੀਆਂ ਹਨ, ਪਰ ਜੋਤ ਨਹੀਂ ਬਦਲਦੀ, ਇਸਦਾ ਇੱਕੋ ਹੀ ਵੇਸ ਰਹਿੰਦਾ ਹੈ, ਭਾਵੇਂ ਜੁਗ ਕੋਈ ਵੀ ਹੋਵੇ 'ਤ੍ਰੇਤਾ ਹੋਵੇ, ਦੁਆਪਰ ਹੋਵੇ, ਕਲਜੁਗ ਹੋਵੇ ਭਾਵੇਂ ਸਤਜੁਗ ਹੋਵੇ' । ਜੋਤ ਦਾ ਵੇਸ ਨਹੀਂ ਬਦਲਦਾ ਹੁੰਦਾ, ਇਹਦਾ ਰੰਗ ਰੂਪ ਕੁਛ ਹੁੰਦਾ ਹੀ ਨਹੀਂ, ਵੇਸ ਕੀ ਬਦਲਣਾ ਹੈ ? ਆਕਾਰ ਹੁੰਦਾ ਹੀ ਨਹੀਂ, ਬਦਲਣਾ ਕੀ ਹੈ ? "ਆਦਿ ਸਚੁ" ਸ੍ਰਿਸ਼ਟੀ ਦਾ ਆਦਿ ਜਾਂ ਮੁੱਢ 'ਜੋਤ' ਭਾਵ 'ਸਚੁ' ਹੈ । ਸਚੁ ਦਾ ਮਤਲਬ ਹੈ ਜੋਤ, ਸਚੁ ਦਾ ਮਤਲਬ ਹੁੰਦਾ ਹੈ ਜੋ ਮਰਦਾ ਨਹੀਂ, ਜੀਹਦਾ ਨਾਸ਼ ਨਹੀਂ ਹੁੰਦਾ, ਜੀਹਨੂੰ ਜਰਾ ਰੋਗ ਨਹੀਂ ਹੈ ਉਹ 'ਸਚੁ' ਹੈ, ਜੋ ਪੁਰਾਣਾ ਨਹੀਂ ਹੁੰਦਾ ਉਹ ਸਚੁ ਹੈ "ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ {ਪੰਨਾ 955}" 'ਸਚੁ' ਸ੍ਰਿਸ਼ਟੀ ਦਾ ਮੁੱਢ ਹੈ, 'ਸਚੁ' ਸ੍ਰਿਸ਼ਟੀ ਦਾ ਕਾਰਣ ਹੈ, ਸਚੁ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ । ਭਾਵੇਂ ਕਿ ਸ੍ਰਿਸ਼ਟੀ 'ਸਚੁ ਅਤੇ ਝੂਠ' ਦਾ ਸੁਮੇਲ ਹੈ, ਇਹਦੇ ਵਿੱਚ ਸਚੁ ਵੀ ਹੈ ਅਤੇ ਝੂਠ ਵੀ ਹੈ, ਮਾਇਆ ਵੀ ਹੈ ਅਤੇ ਜੋਤ ਵੀ ਹੈ । ਜੋਤ ਬਿਨਾਂ ਤਾਂ ਸ੍ਰਿਸ਼ਟੀ ਪੈਦਾ ਹੀ ਨਹੀਂ ਹੁੰਦੀ, ਜੂਨੀਆਂ ਹੀ ਪੈਦਾ ਨਹੀਂ ਹੁੰਦੀਆਂ, ਪਰ ਜੇ ਜੋਤ ਅੱਡ ਹੋਊ ਤਾਂ ਜੂਨੀ ਪੈਦਾ ਹੋਊ । ਜਿੰਨਾ ਚਿਰ ਜੋਤ '2' ਥਾਂ ਨਹੀਂ ਹੁੰਦੀ, ਉਨਾ ਚਿਰ ਜੂਨੀ ਪੈਦਾ ਨਹੀਂ ਹੋ ਸਕਦੀ, ਜਿੰਨਾ ਚਿਰ 'ਦਾਲ' ਨਾ ਹੋਊ, ਉਨਾ ਚਿਰ ਜੂਨੀ ਪੈਦਾ ਨਹੀਂ ਹੋ ਸਕਦੀ ।
                                                                                                                                    '੧' ਤਾਂ 'ਅਜੂਨੀ' ਹੈ । ਸਵਾਲ ਇਹ ਹੈ ਕਿ ਜੂਨੀ ਕਦੋਂ ਹੈ ? ਜੂਨੀ ਉਦੋਂ ਹੈ ਜਦੋਂ ਇਹਦੀ 'ਦਾਲ' ਹੋ ਗਈ, ਭਾਵ divide ਹੋ ਗਿਆ, ਦੁਚਿੱਤੀ ਹੋ ਗਈ ਇਹਦੇ 'ਚ ਦੁਚਿੱਤੀ, ਆਹ ਕਰਾਂ ਕਿ ਆਹ ਨਾਂ ਕਰਾਂ ? ਸ਼ੰਕਾ ਪੈਦਾ ਹੋ ਗਈ, ਉਦੋਂ ਏਹੇ 'ਦੋ' ਥਾਂ ਹੋ ਗਿਆ । ਸਰੀਰ ਦੇ ਵਿੱਚ ਜੋਤ 'ਅੱਧੀ' ਹੁੰਦੀ ਹੈ, 'ਸਾਬਤ' ਜੋਤ ਤਾਂ ਕਦੇ ਦੇਹ ਧਾਰਨ ਕਰਦੀ ਹੀ ਨਹੀਂ, ਸਿੱਧਾ ਹੀ formula ਹੈ ਏਹੇ, ਕਿਉਂਕਿ '੧' ਦੇ ਨਾਲ ਤਾਂ 'ਅਜੂਨੀ' ਲੱਗਿਆ ਹੋਇਆ ਹੈ । ਜਦ ਜੋਤ 'ਸਾਬਤ' ਹੋਊ, ਚਾਹੇ ਜੋਤ 'ਪੂਰਨ' ਹੋਵੇ ਚਾਹੇ ਪੂਰਨ ਨਾ ਵੀ ਹੋਵੇ, ਕੋਈ ਜਰੂਰੀ ਨਹੀਂ ਕਿ ਜੋਤ 'ਪੂਰਨ' ਹੋਵੇ, 'ਅਪੂਰਨ ਜੋਤ' ਵੀ ਸਾਬਤ ਦੀ ਸਾਬਤ, ਸਾਰੀ ਦੀ ਸਾਰੀ ਜੂਨੀ 'ਚ ਨਹੀਂ ਆ ਸਕਦੀ । 'ਅਪੂਰਨ ਜੋਤ' ਬੀਜ ਰੂਪ ਹੁੰਦੀ ਹੈ, ਬੀਜ ਅਪੂਰਨ ਹੈ ਅਜੇ ਪੂਰਾ ਨਹੀਂ ਹੋਇਆ, ਭਾਵ ਜੰਮਨ ਦੇ ਕਾਬਲ ਨਹੀਂ ਹੋਇਆ । ਬੀਜ ਪਹਿਲਾਂ ਹੋ ਜਾਂਦੇ ਹਨ ਛੋਟੇ ਛੋਟੇ, ਉਹਨਾਂ ਵਿੱਚ ਦੁੱਧ ਹੁੰਦਾ ਹੈ, ਪਾਣੀ ਹੁੰਦਾ ਹੈ, ਜੇ ਉਹਨੂੰ ਕੱਚੇ ਨੂੰ ਕੱਢ ਕੇ ਬੀਜੀਏ ਤਾਂ ਉਹ ਨਹੀਂ ਜੰਮਦਾ । ਜਿੰਨਾ ਚਿਰ ਬੀਜ 'ਪੂਰਨ' ਨਹੀਂ ਹੋ ਜਾਂਦਾ, ਉਨਾ ਚਿਰ ਏਹੇ ਨਾਮ ਦਾ ਬੀਜ ਨਹੀਂ ਬਣਦਾ, ਜੰਮਦਾ ਨਹੀਂ । ਜਦੋ "ਪੂਰਨ ਜੋਤ ਜਗੈ ਘਟ ਮੈ {ਦਸਮ ਗਰੰਥ ਸਾਹਿਬ}" ਹੈ, ਉਦੋਂ ਇਹ 'ਪੂਰਨ ਬੀਜ' ਬਣਿਆ ਹੈ, ਪਰ ਜਿੰਨਾ ਚਿਰ 'ਬੀਜ' ਹੈ ਉਨਾ ਚਿਰ ਵੀ ਇਸਨੂੰ ਸੋਝੀ ਨਹੀਂ ਹੈ । ਸੋਝੀ ਇਹਨੂੰ ਉਦੋਂ ਹੁੰਦੀ ਹੈ ਜਦੋਂ 'ਧੁਰ ਕੀ ਬਾਣੀ' ਦੇ ਨਾਲ ਇਹਦਾ ਸੰਪਰਕ ਹੋ ਜਾਂਦਾ ਹੈ, ਜਦ ਇਹਨੂੰ ਗਿਆਨ 'ਦਰਗਾਹ' ਚੋਂ ਮਿਲਦਾ ਹੈ, ਜੀਹਨੇ ਸ੍ਰਿਸ਼ਟੀ ਸਾਜੀ ਹੈ । ਜਦੋਂ ਹੁਕਮ ਦੇ ਨਾਲ ਇਹਦਾ ਰਾਬਤਾ ਕਾਇਮ ਹੋ ਜਾਂਦਾ ਹੈ ਤਾਂ, ਜੋ ਗਿਆਨ ਇਹਨੂੰ ਚਾਹੀਦਾ ਹੈ ਉਹ ਇਹਨੂੰ ਧੁਰੋਂ ਮਿਲਦਾ ਰਹਿੰਦਾ ਹੈ, ਉਦੋਂ ਫਿਰ ਇਹ ਬੁਲਾਇਆ ਬੋਲਦਾ ਹੈ ।
                                                                                ਸਾਰੀ ਬਾਣੀ ਬੁਲਾਏ ਤੋਂ ਹੀ ਬੋਲੀ ਹੋਈ ਹੈ, ਉਹ ਗੱਲਾਂ ਦੱਸੀਆਂ ਹਨ ਜੋ ਇਹਦੇ ਜਨਮ ਤੋਂ ਪਹਿਲਾਂ ਦੀਆਂ ਹਨ । ਜਿਹੜੀਆਂ ਗੱਲਾਂ ਦਾ ਸਾਨੂੰ ਪਤਾ ਨਹੀਂ, ਉਹ ਗੁਰਬਾਣੀ ਨੇ ਕਿਵੇਂ ਦੱਸ ਦਿੱਤੀਆਂ ? ਭਗਤਾਂ ਨੇ ਕਿਵੇਂ ਦੱਸ ਦਿੱਤੀਆਂ ਉਹ ਗੱਲਾਂ ? ਕਿਉਂਕਿ ਭਗਤਾਂ ਨੇ ਨਹੀਂ ਦੱਸੀਆਂ, ਬਲਕਿ ਭਗਤਾਂ ਦੇ ਮੂਹੋਂ ਕਢਾਈਆਂ ਗਈਆਂ ਹਨ, ਉਹਨਾਂ ਨੇ ਆਪ ਇਹ ਕਿਹਾ ਹੈ "ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ {ਪੰਨਾ 308}" ਕਿਸੇ ਦੇ ਵੀ ਮੁਖੋਂ ਕਢਾ ਸਕਦਾ ਹੈ, ਗੁਰਬਾਣੀ ਕਿਹੜਾ ਇੱਕ ਆਦਮੀ ਦੀ ਹੈ ਏਥੇ , ਭੱਟ ਵੀ ਵਿਚੇ ਹੀ ਹਨ, 'ਉਹੀ ਗੱਲ' ਉਹਨਾਂ ਦੇ ਮੁਖੋਂ ਵੀ ਆਪ ਹੀ ਕਢਾਈ ਹੈ । ਸਿਖਾਂ ਦਾ ਵਿਸ਼ਵਾਸ ਕੁਛ ਹੋਰ ਹੀ ਤਰਾਂ ਦਾ ਹੈ ਹੁਣ, ਭੱਟਾਂ ਨੂੰ ਇਹ ਕਦੇ ਨਹੀਂ ਸਮਝਣਗੇ ਕਿ ਭੱਟਾਂ ਦੀ ਅਵਸਥਾ ਗੁਰੂਆਂ/ਭਗਤਾਂ ਵਾਲੀ ਹੀ ਹੈ, ਇਹ ਨਹੀਂ ਸਮਝ ਸਕਦੇ । ਕਿਉਂਕਿ ਇਹਨਾਂ ਨੂੰ ਗੁਰਬਾਣੀ ਦੀ ਅਜੇ ਸਮਝ ਹੀ ਨਹੀਂ ਹੈ, ਨਾ ਗੁਰਬਾਣੀ ਦੀ ਸਮਝ ਹੈ ਅਤੇ ਨਾ ਹੀ ਭਰੋਸਾ ਹੈ । ਸਮਝ ਤਾਂ ਗੁਰਬਾਣੀ ਦੀ ਉਦੋਂ ਆਉਣੀ ਹੈ ਜਦੋਂ ਇਹਦੇ 'ਤੇ ਭਰੋਸਾ ਹੋ ਜਾਣਾ ਹੈ ਕਿ ਇਹ 'ਸਚੁ' ਹੈ, ਜੇ ਭਰੋਸਾ ਹੀ ਨਹੀਂ ਤਾਂ ਇਹਦੀ ਸਮਝ ਆਉਣੀ ਹੀ ਨਹੀਂ, ਭਰੋਸੇ ਬਿਨਾਂ ਨਹੀਂ ਸਮਝ ਆਉਣੀ ।
                   'ਆਦਿ ਸਚੁ' ਸ੍ਰਿਸ਼ਟੀ ਦਾ ਆਦਿ ਕੀ ਹੈ ? 'ਸਚੁ' ਹੈ । ਆਪ ਹੀ ਹੈ ਸਚੁ ਉਹੋ, ਉਹ ਆਪ ਹੀ ਸ੍ਰਿਸ਼ਟੀ ਦਾ ਆਦਿ ਹੈ ਜਿਹੜਾ '੧' ਹੈ । ਸਚੁ ਹੁੰਦਾ ਹੀ 'ਇੱਕ' ਹੈ, ਸਚੁ 'ਦੋ' ਹੁੰਦੇ ਹੀ ਨਹੀਂ, ਪਰ ਝੂਠ ਦੀਆਂ ਬੜੀਆਂ varieties (ਕਿਸਮਾਂ) ਹਨ । ਝੂਠ 'ਚ ਅਨੇਕਤਾ ਹੈਗੀ ਐ, ਪਰ ਸਚੁ 'ਚ ਕੋਈ ਅਨੇਕਤਾ ਨਹੀਂ ਹੈ । ਜਿਥੇ ਥੋੜਾ ਜਿਹਾ ਵੀ ਝੂਠ ਹੈ, ਉਹ ਝੂਠ ਹੈ । ਸਚੁ ਦਾਗੀ ਹੁੰਦਾ ਹੀ ਨਹੀਂ, ਦਾਗੀ ਹੋਇਆ ਸਚੁ, ਸਚੁ ਰਹਿੰਦਾ ਹੀ ਨਹੀਂ "ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥ {ਪੰਨਾ 808}" ਨਾ ਇਹ ਮੈਲਾ ਹੁੰਦਾ ਹੈ ਨਾ ਇਹਨੂੰ ਦਾਗ ਲੱਗਦਾ ਹੈ । ਜੇ ਮੈਲਾ ਹੋ ਜਾਵੇ ਜਾਂ ਦਾਗ ਲੱਗ ਜਾਵੇ ਤਾਂ ਉਹ 'ਸਚੁ' ਨਹੀਂ ਹੈ, ਫਿਰ ਉਹ ਝੂਠਾ ਗਿਣਿਆ ਜਾਊਗਾ "ਝੂਠੇ ਆਵਹਿ ਠਵਰ ਨ ਪਾਵਹਿ {ਪੰਨਾ 940}" ਝੂਠੇ ਆਉਂਦੇ ਹਨ ਸੰਸਾਰ 'ਚ, ਪਰ ਟਿਕਦੇ ਨਹੀਂ, ਟਿਕਾਣਾ ਨਹੀਂ ਹੈ ਕਿਤੇ, ਭਟਕਦੇ ਰਹਿੰਦੇ ਹਨ ।
                                "ਜੁਗਾਦਿ ਸਚੁ" ਪਹਿਲਾਂ ਜਦੋਂ 'ਆਦਿ ਸਚੁ' ਹੈ ਤਾਂ ਉਹਦੇ ਨਾਲ ਜੁਗ ਕੋਈ ਨਹੀਂ ਲੱਗਿਆ ਹੋਇਆ, ਜਦੋਂ 'ਆਦਿ ਸਚੁ' ਹੈ ਉਦੋਂ ਸਮਾਂ (Time) ਨਹੀਂ ਹੈ, ਕਾਲ ਨਹੀਂ ਹੈ ਉਦੋਂ । ਉਦੋਂ ਕੀ ਹੈ ? ਉਦੋਂ "ਅਰਬਦ ਨਰਬਦ ਧੁੰਧੂਕਾਰਾ ॥ {ਪੰਨਾ 1035}" ਹੈ । ਕੋਈ ਜਨਮ ਹੀ ਨਹੀਂ ਹੈ ਕਿਸੇ ਦਾ, 'ਸਚੁ' ਹੈ ਪਰ ਜੂਨ ਕੋਈ ਹੈਨੀ । ਹੁਕਮ ਹੈਨੀ ਉਦੋਂ ਹੁਕਮ ਦੀ ਲੋੜ ਹੀ ਨਹੀਂ, ਹੁਕਮ ਤੋਂ ਕਰਾਉਣਾ ਕੀ ਹੈ ਉਦੋਂ ? ਹੁਕਮ ਦੀ ਤਾਂ ਜੀਵਾਂ ਨੂੰ ਪਾਲਣ, ਪੈਦਾ ਕਰਨ ਅਤੇ ਸੰਘਾਰ ਕਰਨ ਖਾਤਰ ਲੋੜ ਹੈ । ਜਦ ਸ੍ਰਿਸ਼ਟੀ ਹੈ ਹੀ ਨਹੀਂ, ਪੈਦਾ ਕਰਨੀਓਂ ਹੀ ਨਹੀਂ, ਪੈਦਾ ਕੀਤੀਓ ਹੀ ਨਹੀਂ, 'ਸਚੁ' ਹੈਗਾ ਪਰ ਉਦੋਂ । ਜੇ 'ਸਚੁ' ਹੈਗਾ, ਸ੍ਰਿਸ਼ਟੀ ਤਾਂ ਹੀ ਪੈਦਾ ਹੋਈ । 'ਸਚੁ/ਜੋਤ' ਆਪ ਹੈਗਾ ਆਦਿ ਵਿੱਚ, ਪਰ ਸ੍ਰਿਸ਼ਟੀ ਨਹੀਂ ਹੈ । ਮਾਇਆ ਕਿਥੇ ਹੈ ਫਿਰ ? ਮਾਇਆ ਉਹਦੇ ਵਿੱਚ ਸਮਾਈ ਹੋਈ ਹੈ "ਮਾਇਆ ਬ੍ਰਹਮ ਰਮੈ ਸਭ ਸੰਗ ॥ {ਪੰਨਾ 343}" ਇਹ ਹਮੇਸ਼ਾਂ ਸੰਗ ਹੀ ਰਹਿੰਦੇ ਹਨ । ਮਾਇਆ ਕਿਤੋਂ ਆਈ ਨਹੀਂ ਹੈ, 'ਅੰਬਰ' ਉਹਦਾ ਪੀਤਾ ਹੋਇਆ ਸੀ, ਆਪਣੇ ਵਿਚੋਂ ਹੀ ਕੱਢਿਆ ਹੈ ਉਹਨੇ ਜੋ ਵੀ ਕੱਢਿਆ ਹੈ, ਉਹਦੇ ਵਿੱਚ ਹੀ ਸਮਾਈ ਹੋਈ ਸੀ ਮਾਇਆ ।
           "ਜੁਗਾਦਿ ਸਚੁ" ਜੁਗ ਕੀਹਨੇ ਪੈਦਾ ਕੀਤੇ ਹਨ ? ਜੁਗ ਦਾ ਮਤਲਬ ਹੈ ਸਮਾਂ, ਸਮੇਂ ਦਾ ਮਤਲਬ ਹੈ ਕਾਲ, ਕਾਲ ਕੀਹਨੇ ਪੈਦਾ ਕੀਤਾ ਹੈ ? ਸਚੁ ਨੇ । ਸਚੁ ਕੀ ਹੋਇਆ ਫੇਰ ? ਸਚੁ 'ਅਕਾਲ' ਹੈ ਅਤੇ ਹੁਕਮ 'ਕਾਲ' ਹੈ । ਹੁਕਮ ਅਤੇ ਹਾਕਮ ਦਾ ਐਨਾ ਹੀ ਫਰਕ ਹੈ, 'ਹਾਕਮ' ਅਕਾਲ ਹੈ ਅਤੇ ਉਹਦਾ 'ਹੁਕਮ' ਕਾਲ ਹੈ । ਉਹਦੇ ਹੱਥ ਵਾਲਾ ਖੰਡਾ ਸਾਰਿਆਂ ਦਾ ਕਾਲ ਹੈ, ਹੁਕਮ ਖੰਡਾ ਹੈ, 'ਖੰਡਾ' ਹੁਕਮ ਨੂੰ ਕਹਿੰਦੇ ਹਨ "ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥ {ਦਸਮ ਗਰੰਥ ਸਾਹਿਬ}" ਸੰਸਾਰ ਬਾਅਦ 'ਚ ਪੈਦਾ ਕੀਤਾ ਹੈ, ਪਹਿਲਾਂ ਹੁਕਮ ਰੂਪੀ 'ਖੰਡਾ' ਸਾਜਿਆ ਹੈ । ਹੁਕਮ ਦੋ ਪ੍ਰਕਾਰ ਦਾ ਹੈ 'ਜੰਮਣਾ ਅਤੇ ਮਰਨਾ', 'ਪੈਦਾ ਕਰਨ ਵਾਲਾ ਅਤੇ ਸੰਘਾਰ ਕਰਨ ਵਾਲਾ', ਆਪਾ ਵਿਰੋਧੀ ਗੱਲਾਂ ਹਨ ਦੋਵੇਂ, ਦੋ ਧਾਰਾਂ ਹੋ ਗਈਆਂ, ਇੱਕ ਧਾਰ ਦਾ ਮੂੰਹ ਇਧਰ ਨੂੰ ਅਤੇ ਇੱਕ ਦਾ ਉਧਰ ਨੂੰ । ਜਦ 'ਖੰਡਾ' ਕਿਹਾ ਹੈ 'ਦਸਮ ਪਾਤਸ਼ਾਹ' ਨੇ ਤਾਂ ਉਹਦਾ ਮਤਲਬ ਹੁਕਮ ਹੀ ਹੈ, ਦੋ ਧਾਰਾਂ ਨੇ ਉਹਦੀਆਂ । ਏਥੇ ਖੰਡਾ ਕੀ ਹੈ ? ਸਾਡੇ ਹਿਰਦੇ ਵਿੱਚ ਜਿਹੜੀ ਦੁਚਿੱਤੀ ਹੈ ਉਹ ਵੀ 'ਖੰਡਾ' ਹੀ ਹੈ "ਹੁਕਮ ਕੀਏ ਮਨਿ ਭਾਵਦੇ {ਪੰਨਾ 470}" ਇੱਕ ਤਾਂ ਮਨ ਦਾ ਹੁਕਮ ਹੈ, ਦੂਸਰਾ ਹੁਕਮ ਹੈ ਚਿੱਤ ਦਾ ਜਿਹੜਾ ਕਿ ਦਰਗਾਹੀ ਹੁਕਮ ਹੈ । ਇੱਕ ਸਚਾ ਹੁਕਮ ਹੈ, ਇੱਕ ਮਨ-ਮਰਜੀ ਦਾ ਹੁਕਮ ਹੈ, ਹਰ ਹਿਰਦੇ 'ਚ ਦੋ ਤਰਾਂ ਦੇ ਹੁਕਮ ਹਨ, ਦੁਚਿੱਤੀ ਉਥੋਂ ਹੀ ਮਿਲਦੀ ਹੈ, ਆਹ ਕਰਾਂ ਕਿ ਨਾ ਕਰਾਂ, ਇਧਰ ਨੂੰ ਜਾਵਾਂ ਕਿ ਨਾ ਜਾਵਾਂ, ਇਹਨੂੰ ਆਹ ਚੀਜ਼ ਦੇਵਾਂ ਕਿ ਨਾ ਦੇਵਾਂ ।

"ਆਦਿ ਸਚੁ" ਹੈ 'ਅਕਾਲ', ਕਾਲ ਹੈਨੀ ਉਦੋਂ, ਕਾਲ ਤਾਂ ਉਹਨੇ ਪੈਦਾ ਕੀਤਾ ਹੈ । ਕਾਲ ਪੈਦਾ ਕੀਤਾ "ਜੁਗਾਦਿ ਸਚੁ" ਜੁਗ ਦਾ ਮਤਲਬ 'ਸਮਾਂ' । 'ਸਚੁ' ਨੇ ਪੈਦਾ ਕੀਤਾ ਸਮੇਂ ਦਾ ਮੁੱਢ ਜਾਂ ਸਮੇਂ ਦਾ ਆਦਿ । ਸਮਾਂ ਕਦੋਂ ਤੋਂ ਅਤੇ ਕਿਵੇਂ ਪੈਦਾ ਹੋਇਆ ? ਜਦ matter (ਮਾਇਆ) ਪੈਦਾ ਹੋਈ, ਸਮਾਂ ਉਦੋਂ ਤੋਂ ਹੀ ਮੰਨਿਆ ਜਾਊਗਾ । ਜਦ "ਸਾਚੇ ਤੇ ਪਵਨਾ ਭਇਆ {ਪੰਨਾ 19}" ਸਮਾਂ ਉਦੋਂ ਹੀ ਮੰਨਿਆ ਜਾਊਗਾ, ਕਿਉਂਕਿ ਸਮਾਂ ਲਾਗੂ ਹੀ matter (ਮਾਇਆ) 'ਤੇ ਹੁੰਦਾ ਹੈ, ਸਮੇਂ ਦਾ ਨਾਪ-ਤੋਲ ਹੀ matter (ਮਾਇਆ) ਤੋਂ ਹੈ, ਕੋਈ ਚੀਜ਼ ਕਿੰਨੀ ਪੁਰਾਣੀ ਹੈ ? ਇਹਦਾ matter (ਮਾਇਆ) ਤੋਂ ਹੀ ਪਤਾ ਲੱਗਣਾ ਹੈ । 'ਜੋਤ' ਬਾਰੇ ਕੋਈ ਨਹੀਂ ਦੱਸ ਸਕਦਾ ਕਿ ਕਿੰਨੀ ਪੁਰਾਣੀ ਹੈ ? 'ਜੋਤ' ਸੰਸਾਰ (ਸਾਇੰਸਦਾਨਾਂ) ਦੀ ਪਕੜ ਵਿੱਚ ਹੀ ਨਹੀਂ ਹੈ । 'ਸਚੁ' ਤਾਂ ਪੁਰਾਣਾ ਹੁੰਦਾ ਹੀ ਨਹੀਂ ਹੈ । ਪੁਰਾਣਾ ਹੁੰਦਾ ਹੈ 'ਝੂਠ ਜਾਂ ਮਾਇਆ', ਮਾਇਆ ਤੋਂ ਹੀ ਸਮੇਂ ਦਾ ਨਾਪ-ਤੋਲ ਸ਼ੁਰੂ ਹੁੰਦਾ ਹੈ । ਸਮੇਂ ਦਾ ਪ੍ਰਭਾਵ ਮਾਇਆ 'ਤੇ ਹੁੰਦਾ ਹੈ, ਜੋਤ 'ਤੇ ਨਹੀਂ ।

ਇਸ ਕਰਕੇ ਜਦੋਂ ਜੋਤ ਹੀ ਜੋਤ ਸੀ, ਉਦੋਂ ਸਮਾਂ ਵੀ ਨਹੀਂ ਸੀ । ਉਦੋਂ ਸਮਾਂ ਨਾਪਦੇ ਕਾਹਦੇ ਨਾਲ ? ਇਸਦਾ ਇਹ ਮਤਲਬ ਨਹੀਂ ਕਿ ਸਮਾਂ ਨਹੀਂ ਸੀ, ਸਮਾਂ ਹੁੰਦਾ ਹੋਇਆ ਵੀ ਨਹੀਂ ਸੀ, ਕਿਉਂਕਿ ਇਹ ਵੀ ਕਹਿ ਦਿੱਤਾ ਕਿ "ਅਰਬਦ ਨਰਬਦ ਧੁੰਧੂਕਾਰਾ ॥ {ਪੰਨਾ 1035}" ਅਰਬਾਂ ਖਰਬਾਂ ਸਾਲਾਂ (ਜੁੱਗਾਂ) ਤੱਕ ਧੁੰਧੂਕਾਰਾ ਰਿਹਾ । ਪਰ ਉਥੇ ਘੜੀ ਸਮੇਂ ਨੂੰ ਨਾਪ ਨਹੀਂ ਸਕਦੀ, ਕਿਉਂਕਿ ਮਹੀਨੇ, ਦਿਨ, ਘੜੀਆਂ, ਪਹਿਰਾਂ, ਚਸੇ ਨਹੀਂ ਹੁੰਦੇ, ਸਮਾਂ ਤਾਂ ਰਹੂਗਾ ਹੀ, ਪਰ ਸਮਾਂ ਗੁਪਤ ਹੁੰਦਾ ਹੈ ਪ੍ਰਗਟ ਨਹੀਂ । ਪ੍ਰਗਟ ਕੀਤਾ ਹੀ ਨਹੀਂ ਜਾ ਸਕਦਾ ਕਿਉਂਕਿ ਚੰਦ-ਸੂਰਜ ਹੀ ਨਹੀਂ ਹੁੰਦੇ, ਫਿਰ ਸਮਾਂ ਕਾਹਦੇ ਨਾਲ ਹੋਊ ? ਇਹ ਕਿਹੋ ਜਿਹੀ ਅਵਸਥਾ ਹੁੰਦੀ ਹੈ ? ਜਿਵੇਂ ਇੱਕ ਬੇ-ਹੋਸ਼ ਆਦਮੀ ਵਾਸਤੇ ਸਮਾਂ ਨਹੀਂ ਹੁੰਦਾ, ਬੇ-ਹੋਸ਼ ਪਿਆ ਆਦਮੀ 10 ਸਾਲ ਬਾਅਦ ਉਠੇ ਤਾਂ ਉਹਨੂੰ ਇੰਝ ਲੱਗੂ ਕਿ ਮੈਂ ਹੁਣੇ ਹੀ ਉਠਿਆਂ । 10 ਸਾਲ ਕਦੋਂ ਲੰਘ ਗਏ ? ਉਹਨੂੰ ਕੋਈ ਪਤਾ ਨਹੀਂ । ਜਿਵੇਂ ਸੁੱਤੇ ਪਏ ਆਦਮੀ ਵਾਸਤੇ ਸਮਾਂ ਨਹੀਂ ਹੁੰਦਾ ਉਵੇਂ ਹੀ ਸੁੰਨ-ਸਮਾਧਿ ਵੇਲੇ ਆਤਮਾ ਦਾ ਸਮਾਂ ਨਹੀਂ ਹੁੰਦਾ । ਜਿੰਨਾ ਚਿਰ ਆਤਮਾ ਸੁੰਨ-ਸਮਾਧਿ ਹੈ, ਉਨਾ ਚਿਰ ਸਮਾਂ ਨਹੀਂ ਹੁੰਦਾ, ਕਿਉਂਕਿ ਸਮੇਂ 'ਚ ਧਿਆਨ ਹੀ ਨਹੀਂ, ਧਿਆਨ ਹੀ ਅੰਤਰਮੁਖੀ ਹੈ । ਸੁੱਤੇ ਹੋਏ ਦਾ ਵੀ ਧਿਆਨ ਅੰਤਰਮੁਖੀ ਹੁੰਦਾ ਹੈ । ਜਦੋਂ ਜੋਤ ਅੰਤਰਮੁਖੀ ਹੋ ਜਾਂਦੀ ਹੈ, ਫਿਰ ਏਹਦੇ ਵਾਸਤੇ ਸਮਾਂ ਨਹੀਂ ਹੁੰਦਾ । ਸਮਾਂ ਤਾਂ ਧਿਆਨ ਦੇ ਕਾਰਨ ਹੁੰਦਾ ਹੈ, ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ 4 ਘੰਟੇ ਕਿਵੇਂ ਲੰਘ ਗਏ ? ਕਿਉਂਕਿ ਧਿਆਨ ਨਹੀਂ ਸੀ । ਪਰ platform 'ਤੇ 5 ਮਿੰਟ ਗੱਡੀ late ਹੋ ਜਾਵੇ ਤਾਂ ਖੜਨਾ ਔਖਾ ਹੋ ਜਾਂਦਾ ਹੈ ਕਿਉਂਕਿ ਧਿਆਨ ਹੈ ਗੱਡੀ ਵਿੱਚ ਕਿ ਛੇਤੀ ਆਵੇ । ਸਮੇਂ ਦਾ ਧਿਆਨ ਨਾਲ ਸੰਬੰਧ ਹੈ, ਧਿਆਨ ਨਾਲ ਸਮਾਂ ਲੰਬਾ ਹੋ ਜਾਂਦਾ ਹੈ ਅਤੇ ਬੇ-ਧਿਆਨੀ ਵਿੱਚ ਸਮਾਂ ਰਹਿੰਦਾ ਹੀ ਨਹੀਂ ।
                                        "ਜੁਗਾਦਿ ਸਚੁ" ਜੁੱਗ ਜਾਂ ਸਮੇਂ ਦਾ ਆਦਿ ਕੌਣ ਹੈ ? ਸਮੇਂ ਨੂੰ ਜਾਂ ਹੁਕਮ ਨੂੰ ਜਾਂ ਕਾਲ ਨੂੰ ਕੀਹਨੇ ਪੈਦਾ ਕੀਤਾ ਹੈ ? ਸਚੁ ਨੇ । ਫਿਰ ਸਚੁ ਆਪ ਕੀ ਹੋਇਆ ? ਸਚੁ ਹੋਇਆ 'ਅਕਾਲ', ਕਾਲ ਤੋਂ ਪਰੇ । ਕਾਲ ਤੋਂ ਉੱਪਰ ਕੀ ਹੈ ? 'ਅਕਾਲ' । ਤਾਂ ਹੀ ਕਿਹਾ ਹੈ "ਕਾਲੁ ਅਕਾਲੁ ਖਸਮ ਕਾ ਕੀਨ੍ਹ੍ਹਾ {ਪੰਨਾ 1104}" ਕਿ 'ਕਾਲ' ਨੂੰ 'ਅਕਾਲ ਖਸਮ' ਨੇ ਪੈਦਾ ਕੀਤਾ ਹੈ । ਪਰ ਪੜ੍ਹਨ (ਅਰਥ ਕਰਨ) ਵਾਲੇ "ਕਾਲੁ, ਅਕਾਲੁ ਖਸਮ ਕਾ ਕੀਨਾ" ਪੜਨ ਦੀ ਬਜਾਏ "ਕਾਲੁ ਅਕਾਲੁ, ਖਸਮ ਕਾ ਕੀਨਾ" ਹੀ ਪੜ੍ਹੀ ਜਾਂਦੇ ਹਨ, ਉਹਨਾਂ ਨੇ ਇਹ ਨਹੀਂ ਵੇਖਿਆ ਕਿ ਮਗਰ 'ਕੀਨਾ' ਆਇਆ ਹੈ ਨਾ ਕਿ 'ਕੀਨੇ' । ਜੇ 'ਕਾਲੁ ਅਕਾਲੁ' ਦੋਵੇਂ ਖਸਮ ਨੇ ਪੈਦਾ ਕੀਤੇ ਹੁੰਦੇ ਤਾਂ ਫਿਰ 'ਕੀਨੇ' ਹੁੰਦਾ, 'ਕੀਨਾ' ਕਾਹਤੋਂ ਹੁੰਦਾ ? ਐਨੀ ਇਹਨਾਂ ਕੋਲ ਬੁਧਿ/ਅਕਲ ਨਹੀਂ ਹੁੰਦੀ, ਐਨਾ ਧਿਆਨ ਨਹੀਂ ਦਿੰਦੇ, ਅਕਲ ਤੋਂ ਬਿਨਾਂ ਆਦਮੀ ਧਿਆਨ ਨਹੀਂ ਦਿੰਦਾ । ਵਿਦਵਾਨ/ਟੀਕਾਕਾਰ ਤਾਂ ਐਥੇ ਹੀ ਉਲਝੇ ਪਏ ਹਨ, ਗੱਲਾਂ ਵੱਡੀਆਂ-ਵੱਡੀਆਂ ਕਰਦੇ ਹਨ । ਸੈਂਕੜੇ ਅਜਿਹੀਆਂ ਗੱਲਾਂ ਹਨ, ਜਿੰਨ੍ਹਾਂ ਦੇ ਅਰਥਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ, ਬੜੇ ਆਕੜੇ ਫਿਰਦੇ ਹਨ ਜਿਹੜੇ, ਸੈਂਕੜੇ ਗਲਤੀਆਂ ਬੇ-ਮਤਲਬ ਦੀਆਂ ਹੀ ਹਨ ਵਿਦਵਾਨਾਂ ਕੋਲ, ਮਾਮੂਲੀ ਧਿਆਨ ਨਾਲ ਹੀ ਜਿੰਨ੍ਹਾਂ ਦਾ ਹੱਲ ਹੋ ਜਾਂਦਾ ਹੈ । ਕੁਛ ਗਲਤੀਆਂ ਐਸੀਆਂ ਹਨ, ਜਿਹੜੀਆਂ ਇਹਨਾਂ ਦੇ ਵੱਸ ਦੀਆਂ ਹੀ ਨਹੀਂ ਹਨ, ਬੁਝਾਰਤਾਂ । ਚਲੋ ਉਹ ਤਾਂ ਮੰਨ ਲੈਂਦੇ ਹਾਂ ਜਿਹੜੀਆਂ ਇਹਨਾਂ ਦੇ ਵੱਸ ਦੀਆਂ ਹੀ ਨਹੀਂ, ਪਰ ਆਹ ਤਾਂ ਕੋਈ ਗੱਲ ਨਹੀਂ ਸੀ ।
                                                                                  "ਜੁਗਾਦਿ ਸਚੁ ਹੈ ਭੀ ਸਚੁ" ਗੱਲ 'ਸਚੁ' ਦੀ ਚੱਲਦੀ ਹੈ, 'ਸਚੁ' ਹੁਣ ਵੀ ਹੈਗਾ, 'ਸਚੁ' ਹਮੇਸ਼ਾਂ ਰਹਿੰਦਾ ਹੈ । ਇਸ ਕਰਕੇ ਪਰਮੇਸ਼ਰ ਨੂੰ 'ਸਚੁ' ਮੰਨਿਆ ਹੈ, ਉਹ ਹੁਣ ਵੀ ਹੈਗਾ । 'ਸਚੁ' ਦਾ ਮਤਲਬ ਹੀ ਇਹ ਹੁੰਦਾ ਕਿ ਜਿਹੜਾ ਹਮੇਸ਼ਾਂ ਰਹੇ, ਚਾਰਾਂ ਜੁੱਗਾਂ ਦੇ ਵਿੱਚ ਰਹਿੰਦਾ ਹੈ ਜਿਹੜਾ । 3 ਜੁੱਗ ਤਾਂ ਜਿੰਨਾ ਚਿਰ ਮਾਇਆ ਹੈ ਉਨਾ ਚਿਰ ਹੁੰਦੇ ਹਨ, ਪਰ ਚੌਥਾ ਹਮੇਸ਼ਾਂ ਹੀ ਰਹਿੰਦਾ ਹੈ । ਜਦੋਂ ਰਚਨਾ ਹੁੰਦੀ ਹੈ 'ਸਚੁ' ਉਦੋਂ ਵੀ ਰਹਿੰਦਾ ਹੈ, ਰਚਨਾ ਤੋਂ ਪਹਿਲਾਂ ਵੀ ਰਹਿੰਦਾ ਹੈ ਅਤੇ ਰਚਨਾ ਤੋਂ ਬਾਅਦ ਵੀ ਹੁੰਦਾ ਹੈ, ਕਹਿਣ ਦਾ ਮਤਲਬ ਏਹੀ ਹੈ । 'ਸਚੁ' ਰਚਨਾ ਤੋਂ ਪਹਿਲਾਂ ਵੀ ਸੀ, ਰਚਨਾ ਵੀ 'ਸਚੁ' ਨੇ ਹੀ ਰਚੀ ਹੈ, ਬਣਾਈ ਹੈ, ਕੀਤੀ ਹੈ, ਸਿਰਜੀ ਹੈ, ਤੇ ਹੁਣ ਵੀ ਹੈਗਾ ਹੈ ਰਚਨਾ ਦੇ ਦੌਰਾਨ ਵੀ ਉਸੇ ਦਾ ਕੰਟਰੋਲ ਹੈ, ਤੇ ਜਦੋਂ ਰਚਨਾ ਨਹੀਂ ਰਹੂਗੀ, ਉਹ ਫਿਰ ਵੀ ਰਹੂਗਾ "ਹੈ ਭੀ ਸਚੁ ਨਾਨਕ ਹੋਸੀ ਭੀ ਸਚੁ" ਨਾਨਕ ਜੀ ਕਹਿੰਦੇ ਹਨ ਕਿ ਰਹੂਗਾ ਵੀ ਉਹੋ । ਇਹ ਗੱਲ ਉਹ ਕਿਸ ਤਰਾਂ ਕਹਿ ਸਕਦੇ ਹਨ ਕਿ ਰਹੂਗਾ ਵੀ, ਇਹ ਕਿਵੇਂ ਕਹਿ ਸਕਦੇ ਹਨ ? ਇਹ ਅਖਵਾਈ ਹੈ ਤਾਂ ਕਹਿ ਦਿੱਤੀ, ਐਥੇ ਹੀ ਗੱਲ ਹੈ, ਸਵਾਲ ਪੈਦਾ ਹੁੰਦਾ ਹੈ ਕਿ ਨਾਨਕ ਜੀ ਨੂੰ ਕੀ authority (ਅਧਿਕਾਰ) ਹੈ ਇਹ ਕਹਿਣ ਦੀ ਕਿ ਰਹੂਗਾ ਵੀ । ਨਾਨਕ ਜੀ ਨੇ ਨਹੀਂ ਕਹੀ ਇਹ ਗੱਲ ਆਪਣੇ ਕੋਲੋਂ, ਕਿਸੇ ਵੀ ਭਗਤ ਨੇ ਨਹੀਂ ਕਹੀ ਇਹ ਗੱਲ ਆਪਣੇ ਕੋਲੋਂ, ਜਿਵੇਂ ਕਰਤੇ ਪੁਰਖੁ ਨੇ ਅਖਵਾਈ, ਉਵੇਂ ਕਹਿ ਦਿੱਤੀ । ਜਦੋਂ ਮੈਂ ਨਹੀਂ ਰਹਿਣਾ ਤਾਂ ਮੇਰੇ ਪਿਛੋਂ ਕੀ ਹੋਣਾ ਹੈ, ਮੈਂ ਕਿਵੇਂ ਕਹਿ ਸਕਦਾ ਹਾਂ ?
                                                                                                    ਜਿਥੇ ਕੁਛ ਐਹੋ ਜਿਹੀ ਗੱਲ ਸੀ, ਉਥੇ ਕਹਿ ਦਿੱਤੀ, ਕਿ ਗੁਰਬਾਣੀ ਅਸੀਂ ਰਚੀ ਹੈ, ਅਸੀਂ ਬੋਲੀ ਹੈ, ਅਸੀਂ ਆਪਣੇ ਕੋਲੋਂ ਨਹੀਂ ਬੋਲੀ, ਜਿਵੇਂ ਬੁਲਾਈ ਹੈ ਉਵੇਂ ਹੀ ਬੋਲੀ ਹੈ । 'ਕੱਲਾ-ਕੱਲਾ ਅਖਰ ਜਿਵੇਂ ਹੁਕਮ ਹੋਇਆ ਹੈ ਤਿਵੇਂ ਹੀ ਪਾਇਆ ਹੈ "ਜਿਵ ਫੁਰਮਾਏ ਤਿਵ ਤਿਵ ਪਾਹਿ ॥" "ਜੇਤਾ ਕੀਤਾ ਤੇਤਾ ਨਾਉ ॥" ਇਹ ਸਾਰੀ ਨਾਮ/ਹੁਕਮ ਦੀ ਕਿਰਤ ਹੈ । ਅਸੀਂ ਤਾਂ ਜੋ ਹੁਕਮ ਹੋਇਆ, ਉਹ ਬੋਲ ਦਿੱਤਾ, ਜਿਵੇਂ ਅਖਰ ਉਹਨੇ ਕਹੇ ਅਸੀਂ ਪਾ ਦਿੱਤੇ । ਇਸ ਕਰਕੇ ਸਾਡੀ ਜਿਮੇਵਾਰੀ ਨਹੀਂ, ਅਸੀਂ ਚਲੇ ਜਾਣਾ ਹੈ, ਬਾਅਦ ਦੇ ਵਿੱਚ ਤੁਸੀਂ ਜਾਣੋ ਜਾਂ ਅਖਰ ਜਾਨਣ । ਏਥੇ ਕਹਿ ਦਿੱਤਾ ਕਿਉਂਕਿ ਏਥੇ ਗੱਲ ਉਹਨਾਂ ਦੇ ਆਪਣੇ ਨਾਲ related (ਸੰਬੰਧਤ) ਹੈ । ਉਥੇ 'ਸਚੁ' ਨਾਲ related ਹੈ ਉਹਨਾਂ ਨਾਲ related ਹੈ ਹੀ ਨਹੀਂ "ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥" ਇਹ ਗੱਲ ਤਾਂ 'ਸਚੁ/ਪਰਮੇਸ਼ਰ' ਨਾਲ related ਹੈ । ਗੁਰਬਾਣੀ ਦੀ ਰਚਨਾ ਨਾਨਕ ਜੀ ਦੇ ਆਪਣੇ ਨਾਲ related ਹੈ, ਤਾਂ ਹੀ ਕਹੀ ਹੈ ਇਹ ਗੱਲ, ਸਾਡੀ ਜਿਮੇਵਾਰੀ ਨਹੀਂ ਹੈ ਪਰਮੇਸ਼ਰ ਨਾਲ ਮਿਲਾਉਣਾ, ਕੱਲ ਨੂੰ ਜੇ ਕਹੋਂ । ਪਰ ਅਸੀਂ ਨਾਨਕ ਜੀ ਅੱਗੇ ਹੀ ਅਰਦਾਸ ਕਰੀ ਜਾਂਦੇ ਹਾਂ, ਏਹੀ ਤਾਂ ਹਟਾਏ ਸੀ ਕਿ ਸਾਡੇ ਪਿਛੇ ਨਾ ਪੈ ਜਾਇਉ, ਅਰਦਾਸ ਕਰੀ ਜਾਇਉ, ਜਿਵੇਂ ਅਸੀਂ ਕਰਦੇ ਹਾਂ । ਅਹਿ ਅਖਰਾਂ ਨੂੰ ਖੋਜ ਲਿਉ, ਇਹਨਾਂ ਦੇ ਜੁੰਮੇ ਹੈ "ਸਿਰਿ ਸੰਜੋਗੁ" ਇਹਨਾਂ ਦੇ ਸਿਰ ਹੈ, "ਅਖਰਾ ਸਿਰਿ" ਮਤਲਬ ਅਖਰਾਂ ਦੇ ਜੁੰਮੇ ਹੈ "ਸੰਜੋਗੁ ਵਖਾਣਿ ॥" ਸੰਜੋਗ ਹੋਣਾ ਥੋਡਾ, ਅਸੀਂ ਇਹ ਵਿਖਿਆਨ ਕਰ ਦਿੱਤਾ ਅਖਰਾਂ ਦੇ ਵਿੱਚ, ਇਹਨੂੰ ਖੋਜ ਲਿਉ, ਸੰਜੋਗ ਹੋਜੂਗਾ ਸਮਝਣ ਨਾਲ, ਮੰਨਣ ਨਾਲ, ਕਮਾਉਣ ਨਾਲ । ਜੇ ਨਾਨਕ ਦੀ ਅਰਦਾਸ ਕਰੀ ਜਾਉਂਗੇ ਫਿਰ ਨਹੀਂ ਹੋਣਾ, ਅਸੀਂ ਉਹੀ ਕਰੀ ਜਾਂਦੇ ਹਾਂ, ਜਿਹੜੀ ਗੱਲ ਤੋਂ ਹਟਾਇਆ ਸੀ ਅਸੀਂ ਉਹੀ ਕਰਦੇ ਹਾਂ ।