Wednesday, January 11, 2012

Vidvaan

ਸਾਨੂੰ ਅੱਜ ਤੱਕ ਗੁਰਬਾਣੀ ਦੀ ਸਮਝ ਨਾ ਆਉਣ ਦੇ ਕਾਰਨ ਤਾਂ ਬਹੁਤ ਹਨ । ਜਿਨ੍ਹਾਂ ਵਿੱਚੋਂ ਵਿਦਿਆ, ਅਵਿਦਿਆ ਅਤੇ ਬ੍ਰਹਮਵਿਦਿਆ ਵਿੱਚਲੇ ਫਰਕ ਤੋਂ ਸਾਡਾ, ਜਾਣੂ ਨਾ ਹੋਣਾ ਸਭ ਤੋਂ ਵੱਡਾ ਕਾਰਣ ਹੈ । ਗੁਰਬਾਣੀ ਵਿੱਚ ਕਈ ਜਗ੍ਹਾ ਅਜਿਹੇ ਸੰਕੇਤ ਦਿੱਤੇ ਹੋਏ ਨੇ, ਜਿਵੇਂ:-


ਮਾਧੋ ਅਬਿਦਿਆ ਹਿਤ ਕੀਨ ॥
ਬਿਬੇਕ ਦੀਪ ਮਲੀਨ ॥੧॥ ॥
ਆਸਾ (ਭ. ਰਵਿਦਾਸ) ਸ੍ਰੀ ਆਦਿ ਗ੍ਰੰਥ – ਅੰਗ ੪੮੬


ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
ਰਾਮਕਲੀ ਓਅੰਕਾਰ (ਮ: ੧) ਸ੍ਰੀ ਆਦਿ ਗ੍ਰੰਥ – ਅੰਗ ੯੩੮


ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
ਆਸਾ (ਮ: ੧) ਸ੍ਰੀ ਆਦਿ ਗ੍ਰੰਥ – ਅੰਗ ੩੫੬


ਉਪਰੋਕਤ ਪੰਕਤੀਆਂ ਤੋਂ ਪਤਾ ਲਗਦਾ ਹੈ ਕਿ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹੇ ਹੋਏ ਜਾਂ ਪੜ੍ਹਾਉਣ ਵਾਲੇ ਗੁਰਬਾਣੀ ਨੂੰ ਨਹੀਂ ਅਰਥਾਂ ਸਕਣਗੇ ਕਿਉਂਕਿ ਇਨ੍ਹਾਂ ਵਿੱਚ ਮਹਿਜ ਵਿੱਦਿਆ ਪੜ੍ਹਾਈ ਜਾਂਦੀ ਹੈ, ਬੀਚਾਰੀ ਨਹੀਂ ਜਾਂਦੀ । ਬੀਚਾਰੀ ਹੋਈ ਵਿੱਦਿਆ ਹੀ ਸਾਡੇ ਆਤਮਿਕ ਭਲੇ ਲਈ ਉਪਯੋਗੀ ਸਿੱਧ ਹੋ ਸਕਦੀ ਹੈ ਨਹੀਂ ਤਾਂ ਵਿਦਵਾਨ ਵਾਦ-ਵਿਵਾਦ ਵਿੱਚ ਉਲਝ ਕੇ ਸਗੋਂ, ਆਪਣੀ ਅਕਲ ਦਾ ਨਾਸ ਹੀ ਕਰਿਆ ਕਰਦੇ ਹਨ ।


ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥
ਸਾਰੰਗ ਕੀ ਵਾਰ: (ਮ: ੧) ਸ੍ਰੀ ਆਦਿ ਗ੍ਰੰਥ – ਅੰਗ ੧੨੪੫


ਉਪਰੋਕਤ ਪੰਕਤੀਆਂ ਉਸ ਵੇਲੇ ਦੇ ਵਿਦਵਾਨਾਂ ਜਾਂ ਪੰਡਿਤਾਂ ਦੇ ਪ੍ਰਥਾਏ ਹੀ ਉਚਾਰੀਆਂ ਹੋਈਆਂ ਹਨ ਜੋ ਕਿ ਅੱਜ ਦੇ (ਸਿੱਖ) ਵਿਦਵਾਨਾਂ ਉਪਰ ਸੌ ਫੀਸਦੀ ਲਾਗੂ ਹਨ ਕਿਉਂਕਿ ਅੱਜ ਦੇ (ਸਿੱਖ) ਵਿਦਵਾਨ, ਵਾਦ-ਵਿਵਾਦ ਵਿੱਚ ਉਲਝੇ ਹੋਏ ਹਨ । ਵਿਦਵਾਨ ਵਿੱਦਿਆ ਪੜ੍ਹਨ ਤੱਕ ਹੀ ਸੀਮਿਤ ਹੁੰਦੇ ਹਨ ਉਸਨੂੰ ਬੀਚਾਰਦੇ ਨਹੀਂ, ਕਿ ਇਸ ਵਿੱਚ ਸਚੁ ਕਿੰਨਾ ਹੈ ?
ਇਸ ਲਈ ਗੁਰਮੁਖਿ ਮਨਮਤਾਂ ਦੇ ਗ੍ਰੰਥਾਂ ਤੋਂ ਕਦੀ ਪ੍ਰਭਾਵਤ ਨਹੀ ਹੋਏ ਜਦਕਿ ਵਿਦਵਾਨਾਂ ਨੂੰ ਮਨਮਤਿ ਦੀ ਸਮਝ ਹੀ ਨਹੀ ਹੁੰਦੀ ਕਿਉਂਕਿ ਮਨਮਤਿ ਦੀ ਸਮਝ ਹੀ ਉਦੋਂ ਆਉਂਦੀ ਹੈ ਜਦੋਂ ਕੋਈ ਆਪਣੀ ਅੰਤਰ-ਆਤਮਾ ਤੋਂ ਆਪਣੀ ਮਤਿ (ਅਕਲ) ਨੂੰ ਥੌੜੀ ਮੰਨ ਲੈਂਦੇ ਹੈ ।


ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥
ਬਿਹਾਗੜਾ (ਮ: ੫) ਸ੍ਰੀ ਆਦਿ ਗ੍ਰੰਥ – ਅੰਗ ੫੪੭


ਵਿਦਵਾਨਾਂ ਵਿੱਚ ਇਹ ਗੁਣ ਨਾ ਕਦੀ ਹੋਇਆ ਹੈ ਤੇ ਨਾ ਕਦੀ ਹੋ ਸਕਦਾ ਹੈ, ਪਰ ਜੇ ਕਦੀਂ ਅਜਿਹਾ ਹੋ ਜਾਵੇ ਫਿਰ ਵਿਦਵਾਨ ਆਪਣੇ ਆਪ ਨੂੰ ਵਿਦਵਾਨ ਨਹੀਂ ਮੰਨਦਾ ਉਹ ਗੁਰਮੁਖਿ ਹੋ ਜਾਂਦਾ ਹੈ। ਇਸੇ ਲਈ ਗੁਰਬਾਣੀ ਨੂੰ ਅਰਥਾਉਣਾ ਗੁਰਮੁਖਾਂ ਦੇ ਹਿੱਸੇ ਹੀ ਆਉਂਦਾ ਹੈ ।ਬਾਣੀ ਨੂੰ ਕੇਵਲ ਉਹ ਹੀ ਬੀਚਾਰ ਸਕਦਾ ਹੈ ਜਿਹੜਾ ਗੁਰਬਾਣੀ ਨੂੰ ਪੜ੍ਹਨ ਦੀ ਬਜਾਏ ਗੁਰਬਾਣੀ ਤੋਂ ਪੜ੍ਹਿਆ ਹੋਵੇ ।


ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥
ਰਾਮਕਲੀ ਓਅੰਕਾਰ (ਮ: ੧) ਸ੍ਰੀ ਆਦਿ ਗ੍ਰੰਥ – ਅੰਗ ੯੩੫


ਪਿਛਲੇ ੩-੪ ਸਾਲਾਂ (੨੦੦੮-੦੯) ਤੋਂ ਵੀ ਵਿਦਵਾਨਾਂ ਨੇ ਇਹ ਮੰਨ ਲਿਆ ਹੈ ਕਿ ਗੁਰਬਾਣੀ ਨੂੰ ਅਰਥਾਉਣ ਲਈ ਸਾਡੇ ਕੋਲ ਕੋਈ ਸ਼ਬਦਕੋਸ਼ (ਡਿਕਸ਼ਨਰੀ) ਨਹੀਂ ਹੈ ਕਿਉਂਕਿ ਗੁਰਬਾਣੀ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਵੱਖਰੀ ਭਾਸ਼ਾ (ਗੁਰਮੁਖਿ ਨਾ ਕਿ ਪੰਜਾਬੀ) ਹੈ । ਜਿਸ ਵਿੱਚ ਨਿਰਾਕਾਰ ਦਾ ਗਿਆਨ ਕਰਵਾਇਆ ਹੋਇਆ ਹੈ । ਜਦਕਿ ਨਿਰਾਕਾਰ ਦੇ ਗਿਆਨ ਦਾ ਵਿਸ਼ਾ ਸੰਸਾਰੀ ਕਾਲਜਾਂ ਅਤੇ ਯੂਨੀਵਰਸੀਟੀਆਂ ਵਿੱਚ ਹੈ ਹੀ ਨਹੀਂ ।
       
ਸੋ ਮੂਰਖ ਇਕੱਠਾ ਕਰੀਏ ਤਾਂ ਇੱਕ ਮਹਾਂ ਮੂਰਖ ਬਣਦਾ ਹੈ 
ਸੋ ਮਹਾਂ ਮੂਰਖ ਇਕੱਠਾ ਕਰੀਏ ਤਾਂ ਇੱਕ ਮਹਾਨ ਮੂਰਖ ਬਣਦਾ ਹੈ ।
ਸੋ ਮਹਾਨ ਮੂਰਖ ਇਕੱਠਾ ਕਰੀਏ ਤਾਂ ਇੱਕ ਵਿਦਵਾਨ ਬਣਦਾ ਹੈ ।                         
  — ਧਰਮ ਸਿੰਘ ਨਿਹੰਗ ਸਿੰਘ —

>>>Download mp3<<<