ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥ {ਪੰਨਾ 727}
ਅਲਾਹ ਨਾਲੋਂ ਪਾਕ ਹੋਰ ਕੁਛ ਹੈ ਹੀ ਨਹੀਂ, ਜੋ ਚੀਜ਼ ਤੁਸੀਂ ਸੰਸਾਰ ਦੇ ਵਿੱਚ ਪਾਕ ਸਮਝਦੇ ਹੋ, ਅਲਾਹ ਉਹਦੇ ਨਾਲੋਂ ਵੀ ਪਾਕ ਹੈ । "ਸਕ ਕਰਉ ਜੇ ਦੂਸਰ ਹੋਇ" ਸ਼ੱਕ ਤਾਂ ਫੇਰ ਕਰੀਏ ਉਹਦੇ 'ਤੇ ਜੇ ਉਹੋ ਜਿਹਾ ਕੋਈ ਹੋਰ ਹੋਵੇ, ਇਥੇ ਉਹਦੇ ਵਰਗੀ ਹੋਰ ਕੋਈ ਚੀਜ਼ ਨਹੀਂ ਹੈ, ਇਸ ਕਰਕੇ 'ਪਾਕੰ ਪਾਕ' ਉਹ ਇਕੱਲਾ ਹੀ ਹੈ । "ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ" ਓਹੀ ਕਿਰਪਾ ਕਰਦਾ ਹੈ ਅਤੇ ਓਹੀ ਕਰੀਮ ਹੈ, ਕਰੀਮ ਵਾਲਾ ਕਰਮ ਉਹ ਆਪ ਹੀ ਕਰਦਾ ਹੈ, ਅਲਾਹ ਹੀ ਕਰੀਮ ਹੈ ਅਤੇ ਅਲਾਹ ਹੀ ਕਰਮ(ਕਿਰਪਾ) ਕਰਦਾ ਹੈ । "ਜਾਨੈ ਸੋਇ" ਸਭ ਕੁਛ ਜਾਣਦਾ ਵੀ ਹੈ ਉਹੋ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ । ਕਿਹੜੀ ਕਿਰਪਾ ਦੀ ਜੀਵ ਨੂੰ ਲੋੜ ਹੈ, ਉਹਨੂੰ ਇਸ ਗੱਲ ਦੀ ਸਮਝ ਹੈ । ਉਹ, ਓਹੋ ਜਿਹੀ ਹੀ ਕਿਰਪਾ ਕਰਦਾ ਹੈ ਜੀਹਦੀ ਸਾਨੂੰ ਲੋੜ ਹੈ, ਐਨੀ ਉਹਨੂੰ ਸਮਝ ਹੈ | ਸਾਡੀ ਲੋੜ ਦਾ ਉਹਨੂੰ ਜਿਆਦਾ ਪਤਾ ਹੈ ਪਰ ਸਾਨੂੰ ਪਤਾ ਨਹੀਂ ਹੈ | ਡਾਕਟਰ ਨੂੰ ਪਤਾ ਹੈ ਕਿ ਮਰੀਜ ਨੂੰ ਕਿਹੜੀ ਦਵਾਈ ਚਾਹੀਦੀ ਹੈ, ਉਹ ਸਾਨੂੰ ਦਵਾਈ ਦੇ ਰਿਹਾ ਹੈ, ਸਾਨੂੰ (ਮਰੀਜ ਨੂੰ) ਕੁਛ ਨਹੀਂ ਪਤਾ ਹੈਗਾ, ਅਸੀਂ ਤਾਂ ਕੁਝ ਹੋਰ ਹੀ ਮੰਗੀ ਜਾਂਦੇ ਹਾਂ ਉਹਦੇ ਕੋਲੋਂ ਕਿ ਆਹ ਕਿਰਪਾ ਕਰ, ਉਹ ਕਿਰਪਾ ਕਰ । ਉਹਨੂੰ ਪਤਾ ਹੈ ਕਿਰਪਾ ਦਾ ਕਿ ਮੈਂ ਕਿਹੜੀ ਕਰਨੀ ਹੈ, ਕਿਹੜੀ ਇਹਨੂੰ ਲੋੜ ਹੈ, "ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ {ਪੰਨਾ 468}" ਜੀਅ ਨੂੰ ਕਿਹੜੀ ਦਇਆ ਦੀ ਲੋੜ ਹੈ, ਉਹਨੂੰ ਇਸ ਗੱਲ ਦੀ ਸਮਝ ਹੈ ।
ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥ {ਪੰਨਾ 727}
ਮੈਂ ਤੇਰੇ ਦਰ 'ਤੇ ਪੇਸ਼ ਹੋਣਾ ਹੈ, ਤੂੰ ਕਰੀਮਾ ਹੈ ਭਾਵ ਕਿਰਪਾ ਕਰਨ ਵਾਲਾ ਹੈਂ, ਰਹੀਮਾ ਭਾਵ ਰਹਿਮ ਦਿਲ ਵੀ ਹੈਂ, ਇਹੀ ਤੈਨੂੰ ਸਾਰਿਆਂ ਨੇ ਮੰਨਿਆ ਹੈ । ਸਾਰੇ ਮੰਨਦੇ ਹਨ ਕਿ ਤੂੰ ਕਰੀਮ ਹੈਂ ਰਹੀਮ ਹੈਂ । ਮੈਂ ਤਾਂ ਤੇਰੇ ਦਰ 'ਤੇ ਹਰ ਵਕਤ ਹਾਜਰ ਹਾਂ, ਮੈਂ ਜੋ ਵੀ ਕੁਛ ਕਰਦਾ ਹਾਂ ਤੈਥੋਂ ਹੁਕਮ ਲੈ ਕੇ ਹੀ ਕਰਦਾ ਹਾਂ, ਮੈਂ ਤਾਂ ਤੇਰੀ ਆਗਿਆ ਦੇ ਵਿੱਚ ਹੀ ਹਾਂ । ਇਥੇ ਵੀ ਅਲਾਹ ਆਪਣੇ 'ਮੂਲ' ਵਾਸਤੇ ਹੀ ਆਇਆ ਹੈ ।
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥
ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥ {ਪੰਨਾ 64}
ਇਹ ਵੀ ਉਹੀ ਗੱਲ ਹੈ, 'ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ' ਇਹ ਸਾਰੇ ਅਲਾਹੁ ਦੇ ਹੀ ਗੁਣ ਹਨ । "ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ" ਤੂੰ ਇੱਕੋ ਥਾਂ 'ਤੇ ਥਿਰ ਰਹਿੰਦਾ ਹੈਂ ਪਰ ਦੁਨੀ ਆਵਣ-ਜਾਣ ਵਾਲੀ ਹੈ, ਕਿਉਂਕਿ ਤੂੰ ਦੁਨੀ ਭਾਵ ਮਾਇਆ ਵਿੱਚ ਨਹੀਂ ਰਲਦਾ, ਮਾਇਆ ਤੋਂ ਅਲੱਗ ਰਹਿੰਦਾ ਹੈਂ ।
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥
ਕਾਰਣ ਕਰਣ ਕਰੀਮ ॥
ਕਿਰਪਾ ਧਾਰਿ ਰਹੀਮ ॥੧॥ ਰਹਾਉ ॥ {ਪੰਨਾ 885}
ਤੈਨੂੰ ਕੋਈ ਖੁਦਾ ਕਹਿੰਦਾ ਹੈ ਕੋਈ ਰਾਮ ਕਹਿੰਦਾ ਹੈ, ਕੋਈ ਗੁਸਈਆ ਕਰਕੇ ਤੈਨੂੰ ਸੇਵਦਾ ਹੈ ਕੋਈ ਅਲਾਹ ਕਰਕੇ । ਕਾਰਣ ਕਰਣ ਹੈਂ ਤੂੰ 'ਕਰੀਮ' ਕਿਰਪਾ ਕਰਨ ਵਾਲਾ ਹੈਂ, ਹੇ ਰਹੀਮ ! ਰਹਿਮ ਕਰਨ ਵਾਲੇ ਮੇਰੇ 'ਤੇ ਵੀ ਕਿਰਪਾ ਧਾਰ | ਇਥੇ ਵੀ ਅਲਾਹ ਆਪਣੇ 'ਮੂਲ' ਵਾਸਤੇ ਹੀ ਆਇਆ ਹੈ ।
ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥ {ਪੰਨਾ 397}
ਹੇ ਅਲਾ ਜਿਸਨੂੰ ਤੂੰ ਅੰਦਰੋਂ ਸੋਝੀ ਦੇਵੇਂ, ਉਹੀ ਇਧਰ (ਸਚ ਵਾਲੇ ਪਾਸੇ) ਲੱਗਦਾ ਹੈ, ਉਹੀ ਮੁਖ ਉੱਜਲ ਹੈ । ਇਥੇ ਵੀ ਅਲਾ ਆਪਣੇ 'ਮੂਲ' ਵਾਸਤੇ ਹੀ ਆਇਆ ਹੈ ।
ਮੁਸਲਮਾਨ ਧਰਮ ਦੇ ਵਿੱਚ ਅਲਾਹ ਤੋਂ ਅੱਗੇ ਤਾਂ ਗੱਲ ਹੈ ਹੀ ਨਹੀਂ, ਸਾਰੀਆਂ ਮੱਤਾਂ ਏਥੇ ਹੀ ਬੰਦ ਹਨ, 2 ਪਦਾਰਥਾਂ 'ਤੇ ਹੀ ਬੰਦ ਹਨ । ਅੱਗੇ ਦਾ ਰਸਤਾ ਇੱਕੋ ਹੀ ਹੈ, ਜਦ ਕਬੀਰ ਜੀ ਨੇ ਕਿਹਾ "ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ {ਪੰਨਾ 331}" ਛੁੱਟਣ ਦੀ ਵਿਧੀ ਹੈ ਹੀ ਇੱਕ ਅਤੇ ਉਹਨੂੰ ਕੋਈ ਵਿਰਲਾ ਜਾਣਦਾ ਹੈ, ਉਹ ਹੈ ਗੁਰਮਤਿ । ਸਾਰੀਆਂ ਮੱਤਾਂ ਨੂੰ ਗੁਰਮਤਿ ਨੇ ਉਪਦੇਸ਼ ਦਿੱਤਾ ਹੈ, ਜੇ ਕਿਸੇ ਮਤਿ ਨੂੰ ਉਪਦੇਸ਼ ਨਹੀਂ ਦਿੱਤਾ ਤਾਂ ਉਹ ਵੇਦ ਮਤਿ ਹੈ, ਇਹ ਕਿਹਾ ਹੈ ਕਿ ਜਿਹੜੀ ਵੇਦ ਮਤਿ ਹੈ, ਇਹੀ ਇੱਕੋ ਮਤਿ ਹੈ । "ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ {ਪੰਨਾ 1350}" ਤਾਂ ਅਲੱਗ ਗੱਲ ਹੈ ਕਿ ਉਹਦੇ 'ਚ ਸਚ ਵੀ ਹੈ ਝੂਠ ਵੀ ਹੈ । ਦਸਮ ਪਾਤਸ਼ਾਹ ਨੇ ਕਿਹਾ "ਕਹੂੰ ਬੇਦ ਬਾਨੀ ਕਹੂੰ ਸਾਰਦਾ ਭਵਾਨੀ" ਸਾਰਦਾ ਭਵਾਨੀ ਵੀ ਤੈਨੂੰ ਹੀ ਕਹਿੰਦੇ ਹਨ, ਬੇਦ ਬਾਣੀ ਵੀ ਤੈਨੂੰ ਹੀ ਕਹਿੰਦੇ ਹਨ । ਉਹ ਨਾਮ ਜੋ ਪਿਛੋਂ ਚਲੇ ਆਏ ਹਨ ਉਹ ਲੈ ਲਏ, ਉਹਨਾਂ ਨਾਲ ਕੋਈ alergy ਨਹੀਂ ਹੈ । ਇਹਨਾਂ ਨੇ ਮਤਿ ਤੋਂ ਜਿਹੜਾ ਰਾਹ ਬਦਲ ਲਿਆ ਸੀ , ਅਰਥਾਂ ਦੇ ਅਨਰਥ ਕਰਕੇ ਦੂਜੇ ਪਾਸੇ ਲੈ ਗਏ ਸੀ, ਮਾਇਆ ਦੇ ਵਿੱਚ ਹੀ ਘੁਮਾ ਦਿੱਤੀ ਸੀ ਗੱਲ, ਤਿੰਨ ਲੋਕ 'ਚ ਹੀ ਰਹਿ ਗਏ ਸੀ, ਉਸ ਵਿਚੋਂ ਬਾਹਰ ਕਢਿਆ ਹੈ ।