Wednesday, March 21, 2012

Thalai Vichi Tai Vastoo

Aadi Granth


ਆਦਿ ਗਰੰਥ:

ਪ੍ਰਸ਼ਨ :- 'ਗੁਰੂ ਗਰੰਥ' ਦੀ ਜਗ੍ਹਾ ਜੋ 'ਆਦਿ ਗਰੰਥ' ਸ਼ਬਦ ਵਰਤਿਆ ਜਾਂਦਾ ਹੈ, 'ਆਦਿ ਗਰੰਥ' ਦਾ ਕੀ ਭਾਵ ਹੈ ?

ਉੱਤਰ :- 'ਆਦਿ ਗਰੰਥ' ਸ੍ਰਿਸ਼ਟੀ ਦਾ 'ਆਦਿ' । ਦੇਖੋ ! ਜੋਤ ਦਾ ਤਾਂ ਆਦਿ-ਅੰਤ ਹੁੰਦਾ ਹੀ ਨਹੀਂ, ਜੋਤ ਤਾਂ ਅਮਰ ਹੈ ਹਮੇਸ਼ਾਂ । ਆਹ ਜਿਹੜੀ ਰਚਨਾ ਹੈ, ਸ੍ਰਿਸ਼ਟੀ/ਮਾਇਆ, ਇਹਦਾ ਆਦਿ-ਅੰਤ ਹੈ, ਕਿਉਂਕਿ ਸ੍ਰਿਸ਼ਟੀ ਰਚੀ ਗਈ ਹੈ, ਉਸਤੋਂ ਪਹਿਲਾਂ ਤਾਂ "ਸੁੰਨ ਸਮਾਧਿ ਲਗਾਇਦਾ {ਪੰਨਾ 1035}" ਹੈ, ਫਿਰ ਉਹਦੇ ਅੰਦਰ ਇੱਛਾ ਪੈਦਾ ਹੋਈ ਸ੍ਰਿਸ਼ਟੀ ਰਚਨਾ ਦੀ । ਉਹਨੂੰ ਭਾਵੇਂ ਇੱਛਾ ਕਹਿ ਲਵੋ, ਭਾਣਾ ਕਹਿ ਲਵੋ ਜਾਂ ਹੁਕਮ ਕਹਿ ਲਵੋ । ਹੁਕਮ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ, ਹੁਕਮ ਦੇ ਹੀ "ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ {ਪੰਨਾ 464}" ਇਹ ਤਾਂ ਸਾਰੀ ਸ੍ਰਿਸ਼ਟੀ, ਭਾਵੇਂ ਜੜ੍ਹ ਭਾਵੇਂ ਚੇਤਨ, ਏਸੇ ਹੁਕਮ ਦੇ ਵਿੱਚ ਹੈ । ਆਹ ਸਾਡੇ ਵਾਲਾ ਉਪਦੇਸ਼ (ਗੁਰਬਾਣੀ ਦਾ ਉਪਦੇਸ਼) ਆਦਮੀ ਨੂੰ ਹੈ, ਆਖਰੀ ਪਉੜੀ ਵਾਲਾ । ਇਸ ਤੋਂ ਪਹਿਲਾਂ 84 ਲੱਖ ਪਉੜੀ ਕੀਹਨੇ ਚੜ੍ਹਾਈ ਹੈ ? ਉਹ ਦੱਸੋ ਕਿ ਉੱਥੇ ਗੁਰੂ ਕੌਣ ਸੀ ? ਜਪੁ ਜੀ ਸਾਹਿਬ ਦੇ ਵਿੱਚ ਹੈ "ਤਿਨਿ ਚੇਲੇ ਪਰਵਾਣੁ", ਜਿੰਨੇ ਵੀ ਜੀਵ ਉਹਨੇ ਪੈਦਾ ਕੀਤੇ ਹਨ, ਉਹਨਾਂ ਸਾਰਿਆਂ ਨੂੰ ਆਪਣੇ ਚੇਲੇ ਬਣਾਇਆ ਹੈ, ਸਾਰਿਆਂ ਨੂੰ ਸਿੱਖਿਆ ਉਦੋਂ ਤੋਂ ਹੀ ਦੇ ਰਿਹਾ ਹੈ, ਰਹਿਣ-ਨੁਮਾਈ ਉਦੋਂ ਤੋਂ ਹੀ ਕਰ ਰਿਹਾ ਹੈ, ਆਪਣੇ ਚੇਲੇ ਪਰਵਾਨ ਕੀਤੇ ਹੋਏ ਹਨ, ਸਾਨੂੰ ਇਸ ਗੱਲ ਦਾ ਗਿਆਨ ਨਹੀਂ ਹੈ, ਇਸ ਕਰਕੇ 'ਆਦਿ' ਕਹਿੰਦੇ ਹਾਂ । ਇਸ ਗਰੰਥ ਤੋਂ ਪਹਿਲਾਂ ਹੋਰ ਕੋਈ ਗਰੰਥ ਹੈ ਹੀ ਨਹੀਂ । ਉਹ (ਹਿੰਦੂ) ਕਹਿੰਦੇ ਹਨ ਕਿ ਸਾਡਾ 'ਸਨਾਤਨ ਧਰਮ' ਹੈ, 'ਸਨਾਤਨ' ਦਾ ਮਤਲਬ ਹੁੰਦਾ ਹੈ 'ਪੁਰਾਣਾ' । ਅਸੀਂ ਕਹਿੰਦੇ ਹਾਂ ਕਿ ਇਹ 'ਆਦਿ ਧਰਮ' ਹੈ 'ਸਚ ਧਰਮ' ਹੈ, ਦੋ ਨਾਮ ਹਨ : 'ਸਚ ਧਰਮ' ਹੈ ਜਾਂ 'ਆਦਿ ਧਰਮ' ਹੈ । ਆਹ ਜਿਹੜਾ ਦੂਜਾ ਨਾਮ ਰੱਖਿਆ ਹੈ 'ਸ੍ਰੀ ਗੁਰੂ ਗਰੰਥ', ਇਹ ਵਿਦਵਾਨਾਂ ਦਾ ਰੱਖਿਆ ਹੋਇਆ ਹੈ, ਗੁਰਮੁਖਾਂ ਦਾ ਰੱਖਿਆ ਹੋਇਆ ਨਾਮ ਨਹੀਂ ਹੈ ਏਹੇ । ਗੁਰਮੁਖਾਂ ਨੇ 'ਆਦਿ' ਕਿਹਾ ਹੈ, ਜਾਂ "ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥" 'ਆਦਿ' ਤੋਂ ਤਾਂ ਗੱਲ ਹੀ ਸ਼ੁਰੂ ਹੋਈ ਹੈ । ਇਸ ਕਰਕੇ 'ਆਦਿ ਗਰੰਥ' ਹੈ ਏਹੇ, ਇਹਦੇ ਵਿਚੋਂ ਹੀ ਸਾਰੇ ਨਿੱਕਲੇ ਹਨ । ਜਿੰਨੀਆਂ ਵੀ ਮੱਤਾਂ ਹਨ, ਉਹ ਸਾਰੀਆਂ ਏਹਦੇ 'ਚੋਂ ਦਿਸ਼ਾਹੀਨ ਹੋਈਆਂ ਹਨ । ਏਸ ਹੁਕਮ ਨਾਲ ਹੀ ਸ੍ਰਿਸ਼ਟੀ ਚੱਲਦੀ ਹੈ । ਉਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈ, ਨਿਆਣੇ ਹੈਗੇ ਨੇ, 'ਸ੍ਰੀ ਗੁਰੂ ਗਰੰਥ' ਸ਼ਾਇਦ ਜਿਆਦਾ ਵਧੀਆ ਸਮਝਦੇ ਹੋਣ ? 'ਆਦਿ' ਦੀ ਗੱਲ ਜਿਆਦਾ ਪ੍ਰਭਾਵਸ਼ਾਲੀ ਹੈ, ਜਦੋਂ ਅਸੀਂ ਉਹਨਾਂ(ਹਿੰਦੂਆਂ) ਨਾਲ ਚਰਚਾ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਇਹ ਕਹਿ ਕੇ ਰੱਦ ਕਰਦੇ ਹਾਂ ਕਿ "ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ {ਪੰਨਾ 955}", ਫਿਰ ਉਹ ਸਚਾ ਧਰਮ ਨਹੀਂ ਹੈ ਜੇ ਪੁਰਾਣਾ ਹੈ ਤਾਂ । ਇਹ ਪੁਰਾਣਾ ਨਹੀਂ ਹੁੰਦਾ, ਇਹ 'ਆਦਿ' ਹੀ ਰਹਿੰਦਾ ਹੈ । ਇਹ ਕੋਈ ground (ਆਧਾਰ) ਹੈ 'ਆਦਿ ਗਰੰਥ' ਕਹਿਣ ਦੀ । 'ਸ੍ਰੀ ਗੁਰੂ ਗਰੰਥ' ਕਹਿਣ ਦੀ ਕੋਈ ground (ਆਧਾਰ) ਨਹੀਂ ਹੈ, ਜੇ ਹੈ ਤਾਂ ਫਿਰ ਦੱਸਣ ਏਹੇ, ਗੁਰਬਾਣੀ 'ਚੋਂ ਸਾਬਤ ਕਰਨ ।






ਪ੍ਰਸ਼ਨ :- 'ਗੁਰੂ ਖਾਲਸਾ ਜਾਨਿਉ ਪ੍ਰਗਟ ਗੁਰਾਂ ਕੀ ਦੇਹ' ਵਾਲਾ ਦੋਹਰਾ ਬਦਲ ਕੇ 'ਗੁਰੂ ਗਰੰਥ ਜੀ ਮਾਨਿਉ' ਪਤਾ ਨਹੀਂ ਕਦੋਂ ਕਰ ਲਿਆ ? ਉਹਦੇ base (ਆਧਾਰ) 'ਤੇ ਹੀ ਉਹ ਸੋਚੀ ਜਾਂਦੇ ਹਨ ਕਿ ਇਹ ਗੱਲ ਸ਼ਾਇਦ ਦਸਮ ਪਾਤਸ਼ਾਹ ਵੇਲੇ ਹੋਈ ਹੈ, ਉਥੋਂ ਭੁਲੇਖਾ ਪੈਂਦਾ ਹੈ ?

ਉੱਤਰ :- 'ਗੁਰੂ ਮਾਨਿਉ ਗਰੰਥ' ਵਾਲੇ ਦੋਹਰੇ ਤਾਂ ਮਿਸਲਾਂ ਵਾਲਿਆਂ ਨੇ ਲਿਖਾਏ ਹਨ, ਇਹ ਤਾਂ ਬਾਅਦ ਦੀਆਂ ਗੱਲਾਂ ਹਨ । ਗੁਰਿਆਈ ਖਾਲਸੇ ਨੂੰ ਦਿੱਤੀ ਹੈ, ਪੰਜ ਪਿਆਰਿਆਂ ਨੂੰ ਅਖਤਿਆਰ ਦਿੱਤਾ ਹੈ ਅਮ੍ਰਿਤ ਛਕਾਉਣ ਦਾ, ਆਪ ਦਸਮ ਪਾਤਸ਼ਾਹ ਨੇ ਅਮ੍ਰਿਤ ਨਹੀਂ ਛਕਾਇਆ । ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾਇਆ ਅਤੇ ਉਹਨਾਂ ਤੋਂ ਆਪ ਛਕਿਆ । ਖਾਲਸੇ ਨੂੰ ਜਿਮੇਵਾਰੀ ਦਿੱਤੀ ਹੈ, ਗੁਰਿਆਈ ਕਾਹਦੀ ਹੈ ? "ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥ {ਪੰਨਾ 449}", ਉਹ ਤਾਂ ਕਾਰੇ ਲਾਏ ਹਨ ਕਿ ਇਹ ਸਚ ਦਾ ਪ੍ਰਚਾਰ ਕਰੋ । ਜਿਹੜੇ ਦੂਜੀਆਂ ਭ੍ਰਾਂਤੀਆਂ ਪੈਦਾ ਕਰ ਰਹੇ ਹਨ, ਲੋਕਾਂ ਨੂੰ ਪਤਿ-ਹੀਣ ਕਰਕੇ ਡਬੋ ਰਹੇ ਹਨ, ਉਹਨਾਂ ਨੂੰ ਬਚਾਉ । ਇਹ ਸੇਵਾ ਹੈ, ਪਰਮੇਸ਼ਰ ਦੀ ਸਾਰੀ ਜਨਤਾ, ਸਾਰੇ ਜੀਵ ਉਹਦੇ ਹਨ, ਉਹਨਾਂ ਨੂੰ ਅਸੀਂ ਸਿਧੇ ਰਸਤੇ ਪਾਉਣਾ ਹੈ ਕਿ ਪੁਠੇ ਰਸਤੇ ਪਾਉਣਾ ਹੈ, ਕਿ ਜਮ ਦੇ ਜਾਲ 'ਚ ਫਸਾਉਣਾ ਹੈ ? ਉਹ ਲੋਕ ਜਮ ਦੇ ਜਾਲ 'ਚ ਫਸਾ ਰਹੇ ਹਨ । ਅਸੀਂ ਉਹਨਾਂ ਤੋਂ ਉਲਟ ਹਾਂ ਅਤੇ ਉਹ ਸਾਡੇ ਉਲਟ ਹਨ । ਉਹ ਸਾਨੂੰ ਵੈਰ ਤਾਂ ਕਰਦੇ ਹਨ, ਕਿਉਂਕਿ ਉਹਨਾਂ ਦੀ ਗਿਣਤੀ ਜਿਆਦਾ ਹੈ । ਸਾਰੇ ਭਗਤ ਕਹਿੰਦੇ ਹਨ ਕਿ ਅਸੀਂ ਬੁਲਾਏ ਬੋਲਦੇ ਹਾਂ, ਫਿਰ ਇਹ ਤਾਂ ਪਰਮੇਸ਼ਰ ਦਾ ਧਰਮ ਹੈ, ਉਹਨੇ ਬੁਲਾਇਆ ਹੈ, ਦਰਗਾਹੋਂ ਆਇਆ ਹੋਇਆ ਹੈ । ਦਰਗਾਹੋਂ ਆਇਆ ਹੋਇਆ ਕਰਕੇ ਹੀ 'ਆਦਿ' ਹੈ ਏਹੇ । ਜਦੋਂ ਸ੍ਰਿਸ਼ਟੀ ਅਜੇ ਨਹੀਂ ਸੀ "ਅਵਲਿ ਅਲਹ ਨੂਰੁ ਉਪਾਇਆ {ਪੰਨਾ 1349}" ਕੀਹਨੇ ਉਪਾਇਆ ਫਿਰ ਨੂਰੁ ? ਜੀਹਨੇ ਨੂਰੁ ਪੈਦਾ ਕੀਤਾ, ਉਹੀ ਤਾਂ 'ਹੁਕਮ' ਹੈ । "ਦੁਯੀ ਕੁਦਰਤਿ ਸਾਜੀਐ {ਪੰਨਾ 463}" ਕੀਹਨੇ ਸਾਜੀ ? ਹੁਕਮ ਨਾਲ ਸਾਜੀ । ਜਿਹੜੀ ਗੁਰਬਾਣੀ ਹੈ, ਇਹ ਕੀ ਹੈ ? ਉਹ ਕਹਿੰਦੇ ਹਨ "ਮੈ ਕਹਿਆ ਸਭੁ ਹੁਕਮਾਉ ਜੀਉ ॥ {ਪੰਨਾ 763}" ਇਹ ਵੀ 'ਹੁਕਮ' ਹੀ ਹੈ । ਜੇ ਇਹ 'ਆਦਿ' ਨਾ ਹੋਇਆ ਤਾਂ ਫਿਰ ਹੋਇਆ ਕੀ? ਉਹਨਾਂ ਨੂੰ ਤਾਂ ਸਮਝ ਹੀ ਨਹੀਂ ਕਿ 'ਆਦਿ' ਜਿਆਦਾ ਸ੍ਰੇਸ਼ਟ ਸ਼ਬਦ ਹੈ 'ਸ੍ਰੀ ਗੁਰੂ ਗਰੰਥ' ਨਾਲੋਂ, ਇਹਦੇ ਸਬੂਤ ਗੁਰਬਾਣੀ 'ਚੋਂ ਮਿਲਦੇ ਹਨ । ਗੁਰਬਾਣੀ ਤੋਂ ਅੱਗੇ ਜਾਣ ਜਾਂ ਪਿਛੇ ਰਹਿਣ ਦੀ ਕੋਸ਼ਿਸ਼ ਨਾ ਕਰੋ । ਜੋ ਗੁਰਬਾਣੀ ਹੈ ਇਹਦੇ ਵਿਚੋਂ ਹੀ ਸ਼ਬਦ ਲਉ, ਜੇ ਅਸੀਂ ਆਪਣੀ ਮਰਜੀ ਨਾਲ ਕੋਈ ਅਰਥ ਲੈ ਲੈਂਦੇ ਹਾਂ ਤਾਂ ਦਿਸ਼ਾਹੀਨ ਹੋ ਜਾਈਦਾ ਹੈ ।

ਆਦਿ ਸਚੁ ਜੁਗਾਦਿ ਸਚੁ - ਵਿਆਖਿਆ

>>>Download<<<