Saturday, March 9, 2013

Aadhi Biaadhi Upaadhi

 ਆਧਿ ਬਿਆਧਿ ਉਪਾਧਿ :

"ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥ ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥ ਗਉੜੀ ਥਿਤੀ ਮ: ੫ {ਪੰਨਾ 297}"

ਦੇਖੋ ! 'ਆਧਿ ਬਿਆਧਿ ਉਪਾਧਿ' ਦੇ ਨਾਲ ਰਸ ਆ ਗਿਆ, ਸਿੱਧਾ ਹੀ ਹਿਸਾਬ ਹੈ ਕਿ ਇਹ ਤਿੰਨੇ ਰਸ ਹਨ । ਤਿੰਨ ਪ੍ਰਕਾਰ ਦੇ ਰਸ ਹਨ ਏਹੇ । ਦੇਖੋ ! ਜਦੋਂ ਕੋਈ ਗਰੀਬ ਹੁੰਦਾ ਹੈ ਤਾਂ ਉਹਦੇ ਵੀ ਰਸ ਹੁੰਦੇ ਹਨ, ਜਦੋਂ ਥੋੜ੍ਹਾ ਜਿਹਾ ਅਮੀਰ ਹੋ ਜਾਂਦਾ ਹੈ ਤਾਂ ਉਹਦੇ ਰਸ ਹੋਰ ਬਦਲ ਜਾਂਦੇ ਹਨ, ਜਦੋਂ ਹੋਰ ਅਮੀਰ ਹੋ ਜਾਂਦਾ ਹੈ ਤਾਂ ਉਹਦੇ ਰਸ ਹੋਰ ਬਦਲ ਜਾਂਦੇ ਹਨ । ਕਦੇ ਆਦਮੀ ਨੂੰ ਇਹ ਸੀ ਕਿ ਨੰਗੇ ਪੈਰੀਂ ਪੈਦਲ ਚੱਲਦਾ ਹੈ, ਚਲੋ ਜੁੱਤੀ ਹੀ ਮਿਲ ਜਾਵੇ, ਫਿਰ ਉਹਨੂੰ ਇਹ ਹੋਇਆ ਕਿ ਸਵਾਰੀ ਮਿਲ ਜਾਵੇ, ਜਿਵੇਂ ਕਿ ਘੋੜਾ ਜਾਂ ਸਾਇਕਲ ਜਾਂ ਮੋਟਰ-ਸਾਇਕਲ ਮਿਲ ਜਾਵੇ, ਜਦ ਉਹ ਮਿਲ ਗਿਆ ਫਿਰ ਉਹ ਕਹਿੰਦਾ ਕਿ ਕਾਰ ਮਿਲ ਜਾਵੇ, ਮੋਟਰ-ਸਾਇਕਲ 'ਤੇ ਧੁੱਪ ਲੱਗਦੀ ਹੈ ਜਾਂ ਮੀਂਹ ਲੱਗਦਾ ਹੈ, ਫਿਰ ਉਹ ਕਹਿੰਦਾ ਹੈ ਕਿ ਹਵਾਈ ਜਹਾਜ ਮਿਲ ਜਾਵੇ, ਇਹ ਜੋ ਵਧਦਾ ਜਾਂਦਾ ਹੈ ਇਸਨੂੰ 'ਉਪਾਧਿ' ਕਹਿੰਦੇ ਹਨ । ਜੋ ਵਧੀ ਜਾਂਦੀ ਹੈ ਚੀਜ਼, ਇਹ ਮਨ ਦੀ ਉਪਾਧੀ ਹੈ, ਮਨ ਦੀ ਸ਼ਰਾਰਤ ਹੈ ਇਹੇ 'ਗਾਹਾਂ ਤੋਂ 'ਗਾਹਾਂ ਵਧਾਈ ਜਾਂਦਾ ਹੈ ਅਤੇ ਬੁਧੀ ਉਹਨੂੰ ਡਾਂਟਦੀ ਨਹੀਂ ਹੈ । ਜਿਵੇਂ ਕਿ ਬੱਚਾ ਸ਼ਰਾਰਤ ਕਰਦਾ ਹੈ, ਆਪਾਂ ਕਹਿੰਦੇ ਹਾਂ ਕਿ ਬੱਚੇ ਨੂੰ ਸ਼ਰਾਰਤ ਸੁੱਝਦੀ ਹੈ 'idle brain is devil's workshop (ਵਿਹਲਾ ਦਿਮਾਗ ਸ਼ੈਤਾਨ ਦਾ ਘਰ)' ਇਸ ਕਰਕੇ ਦਿਮਾਗ ਨੂੰ ਵਿਹਲਾ ਨਹੀਂ ਛੱਡਣਾ ਚਾਹੀਦਾ । ਇਹ ਗੁਰਬਾਣੀ ਵਿਚਾਰਦਾ ਹੀ ਰਹੇ "ਸਾਸਿ ਸਾਸਿ ਸਿਮਰਹੁ ਗੋਬਿੰਦ ॥ {ਪੰਨਾ 295}" ਜੇ ਵਿਹਲਾ ਰਹੂ ਤਾਂ ਫਿਰ ਇਹਨੂੰ ਏਹੀ ਹੈ ਕਿ ਫਲਾਣੇ ਦੇ ਕੋਠੀ ਆ, ਆਪਣੀ ਵੀ ਐਹੋ-ਜਿਹੀ ਜਾਂ ਇਸਤੋਂ ਵਧੀਆ ਚਾਹੀਦੀ ਹੈ, ਜਾਂ ਇਹਨੂੰ ਢਾਹ ਦੇਈਏ ਹੁਣ ਪੈਸੇ ਬਥੇਰੇ ਆ ਗਏ, ਇਹ 'ਉਪਾਧੀ' ਹੈ । ਜਿੰਨੀ ਵੀ ਉਪਾਧੀ ਹੈ, ਉਹਦੇ ਨਾਲ ਕੀ ਪੈਦਾ ਹੁੰਦਾ ਹੈ ? ਉਹਦੇ ਨਾਲ 'ਤਾਪ' ਪੈਦਾ ਹੁੰਦਾ ਹੈ, 'ਚਿੰਤਾ' ਪੈਦਾ ਹੋਊਗੀ । ਜੇ ਕਾਰ ਲਉਂਗੇ ਤੁਸੀਂ ਤਾਂ ਉਹਦਾ ਖਰਚਾ ਤਾਂ ਹੈ ਹੀ ਫਿਰ, ਉਹ ਖਰਚਾ ਹੀ 'ਚਿੰਤਾ' ਪੈਦਾ ਕਰਦਾ ਹੈ । ਇਹ ਰਸ 'ਚਿੰਤਾ ਜਾਂ ਤਾਪ' ਦਾ ਘਰ ਹਨ । 'ਆਧਿ ਬਿਆਧਿ' ਤਾਂ ਕੁਛ ਲੋੜਾਂ ਹਨ ਸਾਨੂੰ । ਦੇਖੋ ! ਇੱਕ ਤਾਂ ਸਾਡੀ ਲੋੜ ਹੈ, ਲੋੜ ਤਾਂ 'ਆਧਿ' ਹੈ । ਸਰੀਰ ਦੀ ਲੋੜ ਹੈ, ਉਹ ਤਾਂ 'ਆਧਿ' ਹੈ, ਉਹਦੇ ਬਿਨਾਂ ਤਾਂ ਸਰਦਾ ਨਹੀਂ ਹੈ । ਜੋ ਅਸੀਂ ਥੋੜ੍ਹੀ ਜਿਹੀ ਵਧਾ ਲਈ, ਉਹ 'ਬਿਆਧਿ' ਹੈ । ਜਿਵੇਂ ਕਿ ਜਾਨਵਰ ਦਾਣੇ ਚੱਕਦੇ ਹਨ, ਖਾ ਲੈਂਦੇ ਹਨ, ਇਹ 'ਆਧਿ' ਹੈ । ਸਾਨੂੰ ਇਹ ਹੈ ਕਿ ਰੋਟੀ ਦੇ ਨਾਲ ਕੁਛ ਸਲੂਣਾ ਚਾਹੀਦਾ ਹੈ, ਸਬਜ਼ੀ, ਤੜਕਾ ਜਾਂ ਸਲਾਦ ਚਾਹੀਦਾ ਹੈ, ਇਹ 'ਬਿਆਧਿ' ਹੋ ਗਈ ਅਤੇ ਜੋ ਬਹੁਤੇ ਅਮੀਰ ਹਨ ਉਹਨਾਂ ਦੇ 'ਉਪਾਧਿ' ਸਾਨੂੰ ਪਤਾ ਹੀ ਹੈ ਕਿ Five-Star ਹੋਟਲਾਂ ਵਿੱਚ ਕੀ-ਕੀ ਹੋ ਰਿਹਾ ਹੈ, ਖਾਣੇ ਦੇ ਕਿੰਨੇ-ਕਿੰਨੇ ਪੈਸੇ ਹਨ, ਉਹ 'ਉਪਾਧਿ' ਹੈ । ਹੁਣ ਇਹਦੇ ਪਿੱਛੇ ਚਿੰਤਾ ਤਾਂ ਹੈਗੀ ਹੀ ਹੈ, ਹਰੇਕ ਖਰਚੇ ਦੇ ਪਿੱਛੇ 'ਚਿੰਤਾ' ਹੈ । ਜਦੋਂ ਮਨ ਵਡਿਆਈ ਦੇ ਪਿੱਛੇ ਭੱਜਦਾ ਹੈ, ਮਤਲਬ ਕਿ ਵਡਿਆਈ ਚਾਹੁੰਦਾ ਹੈ ਤਾਂ ਇਹ 'ਉਪਾਧੀ' ਹੈ "ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥ {ਪੰਨਾ 1290}" ਲੋਕ ਕਹਿੰਦੇ ਆ ਕਿ ਸਾਡਾ ਜੀ ਹੁਣ Standard ਹੈ, ਕੀ ਕਰੀਏ ? ਭਾਵੇਂ ਔਖੇ ਵੀ ਹਨ, ਕੁੜੀਆਂ ਦੇ ਵਿਆਹ ਔਖੇ ਹੋ ਕੇ ਕਰਨੇ ਪੈਂਦੇ ਹਨ, ਕਰਜਾ ਚੱਕ ਕੇ ਕਰਨੇ ਪੈਂਦੇ ਹਨ, ਕੀ ਕਰੀਏ ਕਹਿੰਦੇ ਨੱਕ ਨਹੀਂ ਰਹਿੰਦਾ, ਇਹ 'ਉਪਾਧਿ' ਹੈ ।

"ਬਿਰਾਜਿਤ ਰਾਮ ਕੋ ਪਰਤਾਪ ॥ ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ ॥੧॥ ਰਹਾਉ ॥ ਸਾਰਗ ਮਹਲਾ ੫ {ਪੰਨਾ 1223}ਇਹ ਜਿਹੜੇ ਤਿੰਨ 'ਆਧਿ ਬਿਆਧਿ ਉਪਾਧਿ' ਹਨ, ਇਹਨਾਂ ਦੇ ਕਾਰਨ (ਵਜ੍ਹਾ ਨਾਲ) 'ਤਾਪ ਭਾਵ ਚਿੰਤਾ' ਹੈ । ਇਹ ਆਪ 'ਤਾਪ' ਨਹੀਂ ਹਨ, ਇਹ 'ਕਾਰਨ' ਹਨ 'ਤਾਪ' ਦਾ । ਜਿਵੇਂ ਕਿ ਪੰਛੀ ਹੈ ਇੱਕ, ਉਹਨੂੰ ਵੀ ਭੁੱਖ ਲੱਗਦੀ ਹੈ, ਉਹਨੂੰ ਵੀ ਉੱਡਣਾ ਪੈਂਦਾ ਹੈ ਖਾਣੇ ਵਾਸਤੇ, ਹਾਲਾਂਕਿ 'ਬਿਆਧਿ ਅਤੇ ਉਪਾਧਿ' ਨਹੀਂ ਹਨ ਉਹਦੇ ਵਿੱਚ, ਐਨੀ ਤਾਂ ਲੋੜ (ਆਧਿ) ਹੀ ਹੈ ਉਹਨੂੰ, ਲੋੜ ਵੀ ਚਿੰਤਾ ਦਾ ਕਾਰਨ ਹੈ । ਲੋੜ ਤੋਂ ਵੱਧ (ਬਿਆਧਿ) ਜੇ ਅਸੀਂ ਕਰਦੇ ਹਾਂ ਤਾਂ ਉਹ ਵੀ ਚਿੰਤਾ ਦਾ ਕਾਰਨ ਹੈ । ਜੇ ਬਹੁਤ ਜਿਆਦਾ ਹਾਈ-ਫਾਈ (ਉਪਾਧਿ) ਬਣਨਾ ਚਹੁੰਦੇ ਹਾਂ ਤਾਂ ਫਿਰ ਹੋਰ ਚਿੰਤਾ ਦਾ ਕਾਰਨ ਹੈ ਪਰ ਜਦੋਂ ਗਿਆਨ ਆ ਜਾਂਦਾ ਹੈ ਤਾਂ ਤਿੰਨਾ ਦੀ ਚਿੰਤਾ ਖਤਮ ਹੋ ਜਾਂਦੀ ਹੈ, ਜਦ ਭਾਣੇ 'ਚ ਚੱਲਦਾ ਹੈ ਤਾਂ ਤਿੰਨਾ ਦੀ ਚਿੰਤਾ ਖਤਮ ਹੋ ਜਾਂਦੀ ਹੈ । ਤਿੰਨਾਂ 'ਆਧਿ ਬਿਆਧਿ ਉਪਾਧਿ' ਤੋਂ ਪੈਦਾ ਹੋਈ ਚੀਜ਼ ਦਾ ਨਾਮ 'ਤਾਪ/ਚਿੰਤਾ' ਹੈ । ਦੇਖੋ ! "ਕਰਣ ਕਾਰਣ ਪ੍ਰਭੁ ਏਕੁ ਹੈ {ਪੰਨਾ 276}" 'ਕਰਣ ਕਾਰਣ' ਅਲੱਗ ਚੀਜ਼ ਹੈ ਅਤੇ 'ਪ੍ਰਭੁ' ਅਲੱਗ ਚੀਜ਼ ਹੈ ਜਿਹੜਾ ਇੱਕ ਹੈ, ਹੁਣ ਪ੍ਰਭੁ ਨੂੰ 'ਕਰਣ ਕਾਰਣ' ਤਾਂ ਨੀ ਕਹਿ ਸਕਦੇ ਅਸੀਂ, ਉਹਦਾ ਕਾਰਣ ਹੈ ਉਹੋ । ਜਿਵੇਂ 'ਭਰਮ' ਦੇ ਕਾਰਨ ਭੈਅ ਹੈ ਸਾਨੂੰ, ਭਰਮ 'ਭੈਅ' ਦਾ ਕਾਰਨ ਹੈ । ਹੁਣ ਭਰਮ ਨੂੰ ਭੈਅ ਨਹੀਂ ਕਹਿ ਸਕਦੇ, ਭੈਅ ਹੋਰ ਚੀਜ਼ ਹੈ ਭਰਮ ਹੋਰ ਚੀਜ਼ ਹੈ, ਦੋ ਅੱਡ-ਅੱਡ ਚੀਜ਼ਾਂ ਹੋ ਗਈਆਂ, ਸ਼ਾਇਦ ਹੁਣ ਗੱਲ ਸਮਝ 'ਚ ਆ ਗਈ ਹੋਵੇ । ਹਾਲਾਂਕਿ ਭੈ ਅਤੇ ਭਰਮ ਇੱਕੋ ਹੀ ਹਨ ਦੋਵੇਂ, ਜੇ ਭੈ ਹੈ ਤਾਂ ਭਰਮ ਹੈ ਅਤੇ ਜੇ ਭਰਮ ਹੈ ਤਾਂ ਭੈ ਹੈ, ਪਰ ਭਰਮ 'ਭੈ' ਨਹੀਂ ਹੈ, ਭਰਮ ਹੋਰ ਚੀਜ਼ ਹੈ । ਜਾਣਾ ਪਹਿਲਾਂ ਭਰਮ ਨੇ ਹੈ । ਦੇਖੋ ! ਇਥੇ ਇਲਾਜ ਕਾਹਦਾ ਕਰਿਆ ਹੈ ਅਸੀਂ ? ਇਲਾਜ ਅਸੀਂ ਕਰਿਆ ਹੈ ਬੀਜ/ਮੂਲ ਦਾ, ਕਾਰਨ ਦਾ । ਇਲਾਜ ਭੈ ਦਾ ਨਹੀਂ ਕੀਤਾ, ਇਲਾਜ ਭੈ ਦੇ 'ਕਾਰਨ' ਦਾ ਕੀਤਾ ਹੈ "ਹਮਰਾ ਭਰਮੁ ਗਇਆ ਭਉ ਭਾਗਾ ॥ {ਪੰਨਾ 655}" ਇਵੇਂ ਹੀ ਕਿਹਾ "ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ {ਪੰਨਾ 466}", ਜਿਥੋਂ ਕੋਈ ਚੀਜ਼ ਪੈਦਾ ਹੁੰਦੀ ਹੈ ਉਹ ਉਹਦਾ 'ਬੀਜ' ਹੈ । 'ਆਧਿ ਬਿਆਧਿ ਉਪਾਧਿ' ਚਿੰਤਾ ਦਾ 'ਬੀਜ' ਹੈ । ਭੁਲੇਖਾ ਇਹ ਪੈਂਦਾ ਹੈ ਕਿ ਤਿੰਨ ਹੀ 'ਆਧਿ ਬਿਆਧਿ ਉਪਾਧਿ' ਹਨ ਅਤੇ ਤਿੰਨ ਹੀ ਤਾਪ ਹਨ, ਅਸਲ ਵਿੱਚ ਹਿੰਦੂ ਮੱਤ ਵਾਲਿਆਂ ਨੇ 'ਆਧਿ ਬਿਆਧਿ ਉਪਾਧਿ' ਨੂੰ ਹੀ 'ਤਾਪ' ਮੰਨ ਲਿਆ, ਜਿਵੇਂ ਸਰੀਰ ਅਤੇ ਆਤਮਾ ਨੂੰ ਉਹਨਾਂ ਨੇ ਅੱਡ-ਅੱਡ ਨਹੀਂ ਮੰਨਿਆ, ਇਵੇਂ ਉਹਤੋਂ ਪੈਦਾ ਹੋਣ ਵਾਲੀ ਜਿਹੜੀ ਚੀਜ਼ ਹੈ ਉਹ ਮੰਨ ਲਈ ਅਤੇ ਮੂਲ ਚੀਜ਼ ਛੱਡ ਦਿੱਤੀ ।

No comments:

Post a Comment

Note: Only a member of this blog may post a comment.