Thursday, March 18, 2010

Khandaa






ਖੰਡਾ :

ਸਿਖਿਆਰਥੀ: ਕੀ ਦਸਮ ਪਾਤਸ਼ਾਹ ਨੇ ਫਿਰ ਕੋਈ ਅਲੱਗ ਰੂਪ ਵੀ ਦਿੱਤੈ ਖਾਲਸੇ ਨੂੰ? ਪ੍ਰੇਮਾ ਭਗਤੀ ਵਾਲਾ ਤਾਂ ਚੱਲਿਆ ਈ ਆ ਰਿਹਾ ਸੀ, ਉਹ ਤਾਂ ਦਿੱਤਾ ਈ ਦਿੱਤੈ, ਹੈਂ ਜੀ?

ਧਰਮ ਸਿੰਘ ਜੀ: ਉਹ ਪ੍ਰੇਮਾ ਭਗਤੀ ਵਾਲੇ ਤਾਂ ਭਿੰਨ-ਭਿੰਨ ਰੂਪ ਥੇ, ਭਿੰਨ-ਭਿੰਨ ਇਲਾਕਿਆਂ ਦੇ ਆਦਮੀ…ਸਾਰੇ ਥੇ, ਕਿਸੇ ਦਾ ਇੱਕ ਰੂਪ ਨੀ ਉਹ ਹੈਗਾ ਬਾਹਰਲਾ । ਜਦ ਫੌਜ ਬਣਾਈਦੀ ਐ ਫਿਰ ਇੱਕ ਰੂਪ...ਇਹ ‘ਫੌਜ’ ਐ ਪ੍ਰੇਮਾ ਭਗਤੀ ਵਾਲਿਆਂ ਦੀ । ਕੋਈ ਸੰਵਿਧਾਨ ਐ ਸਾਡੇ ਕੋਲ…ਉਹਦੀ ਰਾਖੀ ਕਰਨੀ ਹੈ ਅਸੀਂ, ਉਹਦਾ 'ਗਾਹਾਂ ਪ੍ਰਚਾਰ ਕਰਨੈ, ਉਹਦੇ 'ਤੇ ਹਮਲੇ ਹੋਣੇ ਨੇ, ਇੱਕ ਸਾਡੀ...ਇੱਕ ਕਿਸਮ ਦੀ ਜਥੇਬੰਦੀ ਬਣਨੀ ਐ, ਅਸੀਂ ਉਹਦਾ ਕਿਵੇਂ ਪ੍ਰਚਾਰ ਕਰਨੈ, ਉਹ ਗੱਲ ਸੀਗੀ ਏਹੇ ਫਿਰ, ਉਹਦੇ ਵਾਸਤੇ ਵਰਦੀ ਤਾਂ ਫੌਜ ਦੀ ਹੁੰਦੀਉ ਈ ਐ, ਸਿਵਲ ਵਾਲਿਆਂ ਦੀ ਕੋਈ ਨੀ ਵਰਦੀ ਹੁੰਦੀ ਇੱਕ । ਸਿੱਖ 'ਸਿਵੀਲੀਅਨ' ਐ, ਉਹਨਾਂ ਦੀ ਵਰਦੀ ਨਹੀਂ ਸੀ, ਤੇ ਫੌਜ ਬਣਾਉਣੀ ਸੀ...ਵਰਦੀ ਜਰੂਰੀ ਗੱਲ ਐ ਬਣਾਉਣੀ ਪੈਣੀਉ ਸੀ, ਇੱਕੋ ਵਰਦੀ ਬਣਾਉਣੀ ਪੈਣੀ ਸੀ ਸਭ ਦੀ । ਸਿੱਖ 'ਸਿਵੀਲੀਅਨ' ਐ, ਖਾਲਸਾ 'ਫੌਜ' ਐ ਤੇ 'ਫੌਜ' ਦੀ ਵਰਦੀ ਹੁੰਦੀ ਐ ।

ਸਿਖਿਆਰਥੀ: ਕੀ ‘ਪਾਹੁਲ’ ਅਤੇ ‘ਅਮ੍ਰਿਤ’ ਸ਼ਬਦਾਂ ਵਿੱਚ ਅੰਤਰ ਐ ਜੀ?

ਧਰਮ ਸਿੰਘ ਜੀ: ਹਾਂ, ‘ਪਾਹੁਲ’ ਬਾਹਰਲੇ ਸਰੀਰ ਦੀ ਐ, ਬਾਹਰਲੇ ਸਰੀਰ ਦੇ ਅਮ੍ਰਿਤ ਜਿਹੜੇ ਪਹਿਲਾਂ ਈ ਹੋਰ 36 ਹੈਗੇ ਨੇ "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ {ਪੰਨਾ 269}" ਫਿਰ ਇਹ ਤਾਂ ਨੰਬਰ 37 'ਤੇ ਪੈਂਦਾ ਜੇ ਇਹਨੂੰ ‘ਅਮ੍ਰਿਤ’ ਕਹਿੰਦੇ, ‘ਪਾਹੁਲ’ ਆ ਏਹੇ ।

ਸਿਖਿਆਰਥੀ: ਕੀ ਪਾਹੁਲ ਸ਼ਬਦ ਕਿਤੇ ਹੋਰ ਵੀ ਵਰਤਿਆ ਹੋਇਐ? ਦਸਮ ਗਰੰਥ ਜਾਂ ਹੋਰ ਕਿਤੇ?

ਧਰਮ ਸਿੰਘ ਜੀ: ਪੁਖਾਲਨ ਦੇ ਵਿੱਚ ਆਇਆ ਹੋਇਐ...ਜਲ ਪਖਾਨ ਜਿਹੜਾ ਕਿਹਾ ਹੋਇਐ "ਜਹਾ ਜਾਈਐ ਤਹ ਜਲ ਪਖਾਨ ॥ {ਪੰਨਾ 1195}" ਉਹ ‘ਪਾਹੁਲ’ ਈ ਐ ਪਖਾਨ ਵੀ, ਕੋਈ ਚੀਜ ਨੂੰ ਧੋਣਾ...ਆਪਣੇ ਇਸ਼ਟ ਨੂੰ ਧੋ ਕੇ ਪੀਣਾ । ਹੁਣ ਜਦ ਅਸੀਂ ਖੰਡਾ ਫੇਰਦੇ ਆਂ...ਉਹ ਵਿੱਚ ਧੋਣਾ ਈ ਐ...ਉਹਦੇ ਵਿੱਚ ।

ਸਿਖਿਆਰਥੀ: ਪਰ ਜੋ ਖੰਡਾ ਸ਼ਬਦ ਆਪ ਜੀ ਨੇ ਵਰਤਿਆ ਹੈ, 'ਖੰਡੇ ਦੀ ਪਾਹੁਲ', ਖੰਡਾ ਸ਼ਬਦ ਦਸਮ ਗਰੰਥ ਵਿੱਚ "ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥"

ਧਰਮ ਸਿੰਘ ਜੀ: ਨਾਮ ਈ ਐ 'ਖੰਡਾ', ਹੋਰ ਕੀ ਐ । ‘ਹੁਕਮ’ ਸਭ ਮੱਤਾਂ ਨੂੰ ਖੰਡਨ ਕਰ ਰਿਹੈ, ਨਾਮ 'ਹੁਕਮ' ਐ । ਹੁਕਮ ਜਾਂ ਨਾਮ ਰੂਪ ਖੰਡਾ ਐ , ਨਾਮ ਦਾ ਸ਼ਾਖਸਾਤ ਰੂਪ, ਕੱਟਣ ਵਾਲਾ, ਖੰਡਨ ਕਰਨ ਵਾਲਾ, ਉਹ ‘ਖੰਡਾ’ ਐ ।

ਸਿਖਿਆਰਥੀ: ਠੀਕ ਐ, ਆਪਾਂ ਫਿਰ ਨਿਰਾਕਾਰੀ ਖੰਡੇ ਦੀ ਗੱਲ ਘੱਟ ਹੁੰਦੀ ਐ, ਜੋ ਪਾਹੁਲ ਸਮੇਂ ਤਿਆਰ ਐ...ਉਹਦੀ ਗੱਲ ਜਿਆਦਾ ਹੋ ਰਹੀ ਐ ।

ਧਰਮ ਸਿੰਘ ਜੀ: ਉਹ ਅੱਖਾਂ ਨਾਲ ਦੇਖਣ ਵਾਲੀ ਚੀਜ਼ ਤਾਂ ਸਮਝ ਲੈਂਦੇ ਨੇ, ਜਿਹੜੀ ਉਹਤੋਂ 'ਗਾਹਾਂ ਦੀ ਹੁੰਦੀ ਐ 'ਨਿਰਾਕਾਰੀ', ਉਹ...ਨਾ ਕੋਈ ਸਮਝਾਉਣ ਵਾਲੇ ਈ ਉਹਦੇ 'ਤੇ ਜੋਰ ਦਿੰਦੇ ਨੇ ਤੇ ਨਾ ਸਮਝਣ ਵਾਲਿਆਂ ਨੂੰ ਲੋੜ ਹੁੰਦੀ ਐ, ਜੇ ਸਮਝਾਉਣਾ ਚਾਹੁਣ ਤਾਂ ਉਹਨਾਂ ਦੇ ਸਮਝ 'ਚ ਆਉਂਦੀ ਨੀ । ਇਸ ਕਰਕੇ ਉਹ ਛੱਡ ਈ ਦਿੰਦੇ ਨੇ...ਬਈ ਉਹ ਗੱਲ ਤਾਂ ਔਖੀ ਐ "ਕੋਟਨ ਮਹਿ ਨਾਨਕ ਕੋਊ {ਪੰਨਾ 1427}" ਵਿਰਲਿਆਂ ਦੇ ਸਮਝਣ ਵਾਲੀ ਗੱਲ ਐ, ਵਿਰਲੇ ਆਪ ਈ ਸਮਝ ਲੈਣਗੇ, ਇਹਨਾਂ ਨਾਲ ਆਪਾਂ ਨੇ ਭੀੜਾਂ ਨਾਲ ਕਾਹਨੂੰ ਮਗਜ ਮਾਰਨੈ, ਇਸ ਕਰਕੇ ਉਹ ਢਿੱਲ ਦੇ ਦਿੰਦੇ ਨੇ, ਢਿੱਲ ਦਿੱਤੀ ਹੋਈ ਬੱਸ ਢਿੱਲ ਈ ਬਣ ਜਾਂਦੀ ਐ ਸਾਰੀ ।

ਸਿਖਿਆਰਥੀ: "ਮਿਲਿ ਸਾਧੂ ਖੰਡਲ ਖੰਡਾ ਹੇ ॥ {ਪੰਨਾ 13}"

ਧਰਮ ਸਿੰਘ ਜੀ: ਖੰਡਨ ਕਰਨਾ, ਕੱਟਣਾ, ਉਹ ਕਿਰਿਆ(verb) ਦੇ ਰੂਪ 'ਚ ਐ, noun(ਨਾਂਵ) ਦੇ ਰੂਪ 'ਚ ਨੀ ਆਇਆ ।

ਸਿਖਿਆਰਥੀ: ਤੇ ਦਸਮ ਗਰੰਥ ਵਿੱਚ ਸਭ ਤੋਂ ਪਹਿਲੀ ਜਗ੍ਹਾ ਤਾਂ ਏਹੇ 'ਚੰਡੀ ਦੀ ਵਾਰ' ਵਿੱਚ ਆਉਂਦੈ, ਹੈਂ ਜੀ? "ਪ੍ਰਿਥਮ ਭਗੌਤੀ ਸਿਮਰਿ ਕੈ” ਤੋਂ ਬਾਅਦ ਜੋ “ਸਭ ਥਾਈਂ ਹੋਇ ਸਹਾਇ ॥੧॥” ਪਹਿਲੀ ਪਉੜੀ ਦੀ ਸਮਾਪਤੀ ਐ, ਦੂਸਰੀ ਪਉੜੀ ਐਥੋਂ ਸ਼ੁਰੂ ਹੁੰਦੀ ਐ ਜੀ, "ਪਉੜੀ ॥ ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥ ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਰਚਾਇ ਬਣਾਇਆ ॥" ਐਸ ਪ੍ਰਥਾਇ 'ਖੰਡਾ' ਹੁਕਮ ਵਾਸਤੇ ਆਇਐ, ਹੈਂ ਜੀ?

ਧਰਮ ਸਿੰਘ ਜੀ: ਹਾਂ ਜੀ ਹਾਂ, ਹੁਕਮ ਈ ਪਹਿਲਾਂ ਸਾਜਿਐ ।

No comments:

Post a Comment

Note: Only a member of this blog may post a comment.