Tuesday, January 11, 2011

Irhaa Pingulaa A-or Sukhmanaa

ਇੜਾ ਪਿੰਗੁਲਾ ਅਉਰ ਸੁਖਮਨਾ :

"ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥ {ਪੰਨਾ 944}"

"ਸੁਖਮਨਾ ਇੜਾ ਪਿੰਗੁਲਾ, ਬੂਝੈ" ਕਿਹਾ ਹੈ, 'ਬੂਝੈ' ਕਾਹਤੋਂ ਕਿਹਾ ਹੈ ? 'ਇੜਾ ਪਿੰਗੁਲਾ ਸੁਖਮਨਾ' ਬਾਰੇ ਤਾਂ ਸਾਨੂੰ ਜੋਗੀਆਂ ਨੇ ਦੱਸਿਆ ਹੋਇਆ ਹੈ, ਫਿਰ ਇਹਦੇ ਵਿਚ ਬੁੱਝਣ ਵਾਲੀ ਕਿਹੜੀ ਗੱਲ ਰਹਿ ਗਈ ? ਅਸਲ ਵਿੱਚ ਜੋਗੀਆਂ ਨੇ 'ਇੜਾ ਪਿੰਗੁਲਾ ਸੁਖਮਨਾ' ਦੱਸੀ ਹੈ ਬਾਹਰਲੇ ਸਰੀਰ ਨਾਲ ਜੋੜ ਕੇ, ਪਰ ਗੁਰਬਾਣੀ ਗੱਲ ਹੀ ਅੰਦਰਲੇ ਸਰੀਰ ਦੀ ਕਰਦੀ ਹੈ ।

ਪਿੰਗੁਲਾ : 'ਚਿੱਤ' ਹੈ, ਪਰਬਤ 'ਤੇ ਪਿੰਗਲ ਨੇ ਚੜ੍ਹਨਾ ਹੈ ਬਾਅਦ ਦੇ ਵਿੱਚ ।
ਇੜਾ : 'ਮਨ' ਹੈ, ਜਿਹੜਾ ਅੜਿਆ ਹੋਇਆ ਹੈ, ਅੜੀਅਲ ਸੁਭਾਅ ਹੈ ਇਹਦਾ, ਤਾਂ ਹੀ ਤਾਂ ਮੰਨਦਾ ਨਹੀਂ ਹੈ, ਨਾ ਮੰਨਣ ਕਰਕੇ ਇਹਦਾ ਨਾਮ 'ਇੜਾ' ਹੈ । ਚਿੱਤ 'ਪਿੰਗੁਲਾ' ਹੈ, ਉਹ ਤਾਂ ਚੱਲਦਾ ਹੀ ਨਹੀਂ ਹੈ । ਮਨ ਚਲਾਏਮਾਨ ਹੈ, ਮਨ ਹੀ ਦੌੜਦਾ ਹੈ, ਪਰ 'ਪਿੰਗੁਲਾ' ਦੌੜਦਾ ਨਹੀਂ ਉਹ ਚਲਾਏਮਾਨ ਨਹੀਂ ਹੈ "ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥ {ਪੰਨਾ 1374}" ਮਨ ਨੂੰ ਤਾਂ 'ਪਿੰਗੁਲਾ' ਕਰਨਾ ਹੈ ਅਸੀਂ, ਮਨ ਦੌੜਦਾ ਬਹੁਤ ਹੈ । ਚਿੱਤ ਖੜ੍ਹਾ ਹੈ "ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥ {ਪੰਨਾ 1195}" ਮਨ ਪੰਗ ਹੋ ਗਿਆ ਤਾਂ ਪਿੰਗੁਲਾ ਹੋ ਗਿਆ, ਅਤੇ ਚਿੱਤ ਪਹਿਲਾਂ ਹੀ ਨਹੀਂ ਸੀ ਚੱਲਦਾ । ਖੱਬਾ ਹੱਥ ਹੁੰਦਾ ਹੈ ਮਨ ਦਾ ਅਤੇ ਸੱਜਾ ਹੱਥ ਹੁੰਦਾ ਹੈ ਚਿੱਤ ਦਾ । ਦਾਲ ਦੇ ਦੋ ਦਾਣੇ ਹਨ, ਇੱਕ ਖੱਬੇ ਪਾਸੇ ਹੈ ਅਤੇ ਇੱਕ ਸੱਜੇ ਪਾਸੇ ਹੈ । ਇੱਕ ਲੱਤ ਤੋਂ 'ਇੜਾ' ਹੈ ਅਤੇ ਇੱਕ ਲੱਤ ਤੋਂ 'ਪਿੰਗੁਲਾ' ਹੈ ਏਹੇ । ਮਨ ਦੌੜਦਾ ਹੈ, ਚਿੱਤ ਨਹੀਂ ਦੌੜਦਾ ।

ਸੁਖਮਨਾ : 'ਬੁੱਧੀ' ਬਣਦੀ ਹੈ ਬਾਅਦ ਵਿੱਚ । ਮਨ ਨੂੰ ਸੁਖ ਦੇਣ ਵਾਲੀ ਹੈ, ਬੁੱਧੀ ਹਮੇਸ਼ਾਂ ਇਹੀ ਜੋਰ ਕਰਦੀ ਹੈ ਕਿ ਮਨ ਨੂੰ ਸੁਖ ਰਹੇ । ਪਹਿਲਾਂ ਤਾਂ ਸੰਸਾਰੀ ਸੁਖਾਂ ਦੇ ਵਿੱਚ ਮਨ ਨੂੰ ਸੁਖ ਦਿੰਦੀ ਹੈ, ਜਦ ਹਾਰ ਜਾਂਦੀ ਹੈ ਫਿਰ ਨਿਰਾਕਾਰੀ ਸੁਖ ਵੱਲ ਹੋ ਜਾਂਦੀ ਹੈ । ਬੁੱਧੀ ਨੂੰ ਹੀ ਸਮਝਾਇਆ ਹੈ ਕਿ "ਸੁਖੁ ਨਾਹੀ ਬਹੁਤੈ ਧਨਿ ਖਾਟੇ ॥ {ਪੰਨਾ 1147}" ਇਹ 'ਸੁਖਮਨਾ' ਹੈ, ਮਨ ਨੂੰ ਸੁਖ ਦੇਣਾ ਬੁੱਧੀ ਦਾ ਕੰਮ ਹੈ । ਬੁੱਧੀ ਹੀ ਸਾਰਾ ਕੰਮ ਕਰਦੀ ਹੈ ਮਨ ਨੂੰ ਸੁਖ ਦੇਣ ਵਾਸਤੇ । "ਇੜਾ ਪਿੰਗੁਲਾ ਅਉਰੁ ਸੁਖਮਨਾ" 'ਸੁਖਮਨਾ' ਬੁੱਧੀ ਦੀ ਗੱਲ ਹੈ, ਦੋਹਾਂ ਦੇ ਵਿਚਾਲੇ ਬੁੱਧੀ ਖੜ੍ਹੀ ਹੈ । ਜਦੋਂ ਇਹ ਗੁਰਮਤਿ ਧਾਰਨੀ ਹੋ ਜਾਂਦੀ ਹੈ ਫਿਰ ਅਸਲ ਵਿੱਚ 'ਸੁਖਮਨਾ' ਬਣਦੀ ਹੈ, ਪਹਿਲਾਂ ਤਾਂ ਇਹ ਆਪਣੇ-ਆਪ ਹੀ ਅਗਿਆਨਤਾ ਨਾਲ 'ਸੁਖਮਨਾ' ਬਣੀ ਹੋਈ ਹੈ । ਪਹਿਲਾਂ ਵੀ 'ਸੁਖਮਨਾ' ਹੀ ਹੈ ਏਹੇ, ਪਰ ਸੁਖ ਹੋ ਨਹੀਂ ਰਿਹਾ "ਜਤਨ ਬਹੁਤ ਸੁਖ ਕੇ ਕੀਏ" ਜਤਨ ਕੀਹਣੇ ਕੀਤੇ ? ਅਕਲ ਨੇ ਹੀ ਕੀਤੇ ਸੁਖ ਦੇ ਸਾਰੇ ਜਤਨ । ਕਿਉਂਕਿ 'ਸੁਖਮਨਾ' ਹੈ ਏਹੇ, ਏਹਨੇ ਸੁਖ ਦੇ ਹੀ ਜਤਨ ਕਰਨੇ ਹਨ । "ਦੁਖ ਕੋ ਕੀਓ ਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥ {ਪੰਨਾ 1428}" ਹੋਣਾ ਤਾਂ ਉਹੀ ਹੈ ਜੋ ਹਰਿ ਨੂੰ ਭਾਉਣਾ ਹੈ, ਸਾਡੀ ਬੁੱਧੀ ਦੇ ਕਰੇ ਤੋਂ ਕੀ ਹੋਣਾ ਹੈ, ਇਹ ਬੁੱਧੀ ਨੂੰ ਸਮਝਾਇਆ ਹੈ ਕਿ ਤੇਰੇ ਕਰੇ ਤੋਂ ਕੀ ਹੋਣਾ ਹੈ ? ਤੂੰ ਉਹਦੇ ਭਾਣੇ 'ਚ ਹੀ ਆ ਜਾ, ਫਿਰ ਸੁਖ ਹੀ ਸੁਖ ਹੈ ।

"ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥ {ਪੰਨਾ 974}"

ਜਿੰਨਾ ਚਿਰ ਇਸ ਪੰਗਤੀ ਨੂੰ ਨਹੀਂ ਸਮਝਦੇ ਉਨਾ ਚਿਰ ਜੋਗੀਆਂ ਵਾਲੀ 'ਇੜਾ ਪਿੰਗੁਲਾ ਸੁਖਮਨਾ' ਨਹੀਂ ਕੱਟ ਹੁੰਦੀ । "ਤੀਨਿ ਬਸਹਿ ਇਕ ਠਾਈ" ਦਾ ਮਤਲਬ ਹੈ ਕਿ ਇਹ ਤਿੰਨੇ ਇੱਕੋ ਜਗ੍ਹਾ ਵਸਦੇ ਹਨ । ਜੋਗੀ ਕਹਿੰਦੇ ਹਨ 'ਇੜਾ' ਆਉਂਦੀ ਹੈ ਖੱਬੇ ਕੰਨ ਤੋਂ, 'ਪਿੰਗੁਲਾ' ਆਉਂਦੀ ਹੈ ਸੱਜੇ ਕੰਨ ਤੋਂ ਅਤੇ ਢੂਈ ਦੀ ਕੰਗਰੋੜ/ਸੰਗਲੀ ਵਿਚੋਂ ਦੀ ਇੱਕ ਨਾੜੀ (ਸੁਖਮਨਾ) ਗਿਚੀ ਵਿੱਚ ਦੀ ਉੱਪਰ ਨੂੰ ਚੜ੍ਹਦੀ ਹੈ । ਇਹ ਅੱਡੋ-ਅੱਡ ਤਿੰਨ ਨਾੜੀਆਂ ਹਨ ਖੂਨ ਦੀਆਂ, ਜੋ ਕਿ ਆ ਕੇ ਤ੍ਰਿਕੁਟੀ (ਜੋਗੀਆਂ ਦਾ ਦਸਮ ਦੁਆਰ) ਵਿੱਚ ਮਿਲਦੀਆਂ ਹਨ । ਉਹ ਕਹਿੰਦੇ ਹਨ ਕਿ ਮਰਨ ਤੋਂ ਬਾਅਦ ਪ੍ਰਾਣ 'ਸੁਖਮਨਾ' ਨਾੜੀ ਵਿੱਚ ਦੀ ਦਸਮ ਦੁਆਰ 'ਚ ਚਲੇ ਜਾਣਗੇ । ਪਰ ਖੂਨ ਦੀ ਨਾੜੀ ਦੇ ਵਿੱਚ ਦੀ ਪ੍ਰਾਣ ਕਿਵੇਂ ਚਲੇ ਜਾਣਗੇ ? ਖੂਨ ਤਾਂ ਖੜ੍ਹ ਜਾਣਾ, ਜੰਮ ਜਾਣਾ ਹੈ, ਸਰੀਰ ਤਾਂ ਮਰ ਜਾਣਾ ਹੈ, ਫਿਰ 'ਸੁਖਮਨਾ' ਕਿਥੋਂ ਹੋ ਗਈ ਏਹੇ ? ਗੁਰਬਾਣੀ ਤਾਂ ਕਹਿੰਦੀ ਹੈ ਕਿ ਤਿੰਨੇ ਇੱਕ ਥਾਂ ਵਸਦੇ ਹਨ, ਪਰ ਜੋਗੀ ਕਹਿੰਦੇ ਹਨ ਕਿ ਤਿੰਨੇ ਇੱਕ ਥਾਂ ਆ ਕੇ ਮਿਲਦੇ ਹਨ । 'ਮਨ. ਬੁੱਧੀ, ਚਿੱਤ' ਇੱਕੋ ਥਾਂ ਵਸਦੇ ਹਨ, ਬੁੱਧੀ ਵਿਚਾਲੇ ਹੈ ਦੋਹਾਂ ਦੇ ।

"ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥ {ਪੰਨਾ 972}"

ਜੇ ਮਨ ਬੰਨ੍ਹਿਆ ਗਿਆ, ਇਥੇ ਪਉਨ 'ਮਨ' ਨੂੰ ਕਿਹਾ ਹੈ, ਪਰ ਜੋਗੀਆਂ ਨੇ ਪਉਨ ਦਾ ਅਰਥ 'ਹਵਾ/ਵਾਯੂ' ਕਰ ਲਿਆ । ਵਾਯੂ ਦਾ ਸਾਡੇ ਨਾਲ ਕੀ ਮਤਲਬ ? ਵਾਯੂ ਦਾ ਤਾਂ ਸਰੀਰ ਨਾਲ ਮਤਲਬ ਹੈ, ਵਾਯੂ ਤਾਂ ਮਾਇਆ ਹੈ । ਵਾਯੂ ਨੂੰ ਕੌਣ ਬੰਨ੍ਹ ਲਊਗਾ, ਕੀ ਵਾਯੂ ਨੂੰ ਬੰਨ੍ਹ ਲਊ ਕੋਈ ? ਭਾਵੇਂ ਬਲੈਡਰ 'ਚ ਪਾ ਲਵੋ ਤਾਂ ਵੀ ਘੁੰਮੀ ਜਾਂਦੀ ਹੈ ਏਹੇ, ਇਹ ਨਹੀਂ ਹਟਦੀ ਘੁੰਮਣੋਂ, ਟਿਊਬ 'ਚ ਭਰ ਲਵੋ ਤਾਂ ਵੀ ਘੁੰਮੀ ਜਾਣਾ ਹੈ ਏਹਨੇ । ਹਵਾ ਨਹੀਂ ਖੜ੍ਹਦੀ, ਹਵਾ ਨੂੰ ਖੜ੍ਹਾਉਣ ਦਾ ਕੋਈ ਤਰੀਕਾ ਨਹੀਂ ਸਾਡੇ ਕੋਲ, ਸਿਰਫ ਭਰ ਹੀ ਸਕਦੇ ਹਾਂ ਕਿਸੇ ਚੀਜ਼ ਵਿੱਚ, ਪਰ ਉਹਦੇ ਅੰਦਰ ਵੀ ਹਿੱਲੀ ਜਾਂਦੀ ਹੈ ਏਹੇ । ਪਉਨੈ ਦਾ ਮਤਲਬ ਹੈ 'ਮਨ', ਮਨ ਨੂੰ ਪਉਨ ਕਿਹਾ ਗਿਆ ਹੈ, ਪਉਨ ਅਤੇ ਮਨ ਦਾ ਸੁਭਾਅ ਇੱਕੋ ਜਿਹਾ ਹੈ । ਜਿੱਦਣ ਦੀ ਪਉਨ/ਹਵਾ ਆਪਣੇ ਮੂਲ/ਆਕਾਸ਼ ਨਾਲੋਂ ਅੱਡ ਹੋਈ ਹੈ ਓਦਣ ਦੀ ਰੁਕੀ ਹੀ ਨਹੀਂ ਏਹੇ, ਮਨ ਵੀ ਜਿੱਦਣ ਦਾ ਆਪਣੇ ਮੂਲ ਨਾਲੋਂ ਅੱਡ ਹੋਇਆ ਹੈ ਇਹ ਵੀ ਨਹੀਂ ਰੁਕਿਆ, ਦੋਹਾਂ ਦਾ ਇੱਕੋ ਹੀ ਸੁਭਾਅ ਹੈ । "ਪਵਨ ਮਨੁ ਸਹਜੇ ਰਹਿਆ ਸਮਾਈ {ਪੰਨਾ 483}" 'ਪਵਨ ਅਤੇ ਮਨ' ਇੱਕੋ ਗੱਲ ਹੈ, ਮਨ ਨੂੰ ਪਵਨ ਕਿਹਾ ਗਿਆ ਹੈ । ਮਨ 'ਪਵਨ ਰੂਪ' ਹੈ, ਤਾਂ ਹੀ ਤਾਂ ਆਕਾਸ਼ ਵਿੱਚ ਉਡਾਰੀਆਂ ਲਾਉਂਦਾ ਫਿਰਦਾ ਹੈ । ਆਕਾਸ਼ ਵਿੱਚ ਜਾਂ ਤਾਂ ਹਵਾ ਫਿਰਦੀ ਹੈ, ਜਾਂ ਮਨ ਫਿਰਦਾ ਹੈ । ਹੋਰ ਕੋਈ ਚੀਜ਼ ਸੁੱਟ ਕੇ ਵੇਖ ਲਉ, ਥੱਲੇ ਆਉਂਦੀ ਹੈ, ਪਾਣੀ ਨੂੰ ਉੱਤੇ ਨੂੰ ਮਾਰ, ਥੱਲੇ ਨੂੰ ਆਊ । ਪਰ ਹਵਾ ਨਹੀਂ ਆਉਂਦੀ ਥੱਲੇ ਨੂੰ, ਉੱਡਦੀ ਫਿਰਦੀ ਹੈ ਆਕਾਸ਼ ਦੇ ਵਿੱਚ, ਏਵੇਂ ਹੀ ਮਨ ਫਿਰਦਾ ਹੈ ਆਕਾਸ਼ ਵਿੱਚ ਉਡਾਰੀਆਂ ਲਾਉਂਦਾ । ਜੇ ਮਨ ਬੰਨ੍ਹਿਆ ਗਿਆ ਤਾਂ ਤਿੰਨੇ ਬਚ ਗਏ ਫਿਰ, ਤਿੰਨੋ ਬੰਧ ਇੱਕ ਜਗ੍ਹਾ ਹੋ ਗਏ, ਫਿਰ ਨਹੀਂ ਮਰਦੇ "ਬੰਧਿ ਰਹਾਉਗੋ ॥"


"ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥ {ਪੰਨਾ 972}"

ਚੰਦ ਅਰ ਸੂਰਜ ਦਾ ਮਤਲਬ ਹੈ 'ਮਨ ਅਤੇ ਚਿੱਤ' । ਜਦੋਂ ਚੰਦ ਅਤੇ ਸੂਰਜ ਇੱਕ ਜਗ੍ਹਾ ਹੋ ਗਏ ਤਾਂ ਫਿਰ ਹਨੇਰਾ ਕਾਹਤੋਂ ਹੋਊਗਾ ? ਜਦ ਚੰਦ ਦੀ ਜਗ੍ਹਾ ਸੂਰਜ ਆ ਗਿਆ ਤਾਂ ਪੂਰਾ ਚਾਨਣ ਹੋਜੂਗਾ, ਦਿਨ ਚੜ੍ਹ ਗਿਆ ਫਿਰ ਤਾਂ, ਪ੍ਰਭਾਤ ਵੀ ਨਹੀਂ ਹੋਈ ਦਿਨ ਚੜ੍ਹ ਗਿਆ "ਉਦੈ ਭਾਨੁ ਜਬ ਚੀਨਾ ॥ {ਪੰਨਾ 331}" ਬ੍ਰਹਮ ਜੋਤਿ ਰਲ ਗਿਆ, ਜੋਤੀ ਜੋਤਿ ਮਿਲ ਗਈ, ਚੰਦ੍ਰਮੇ ਦੀ ਜੋਤਿ 'ਸੂਰਜ' 'ਚ ਮਿਲ ਗਈ । "ਬ੍ਰਹਮ ਜੋਤਿ ਮਿਲਿ ਜਾਉਗੋ ॥" ਮਨ/ਚੰਦ ਦੀ ਜੋਤਿ ਕੀਹਦੇ 'ਚ ਰਲ ਗਈ ? ਚਿੱਤ/ਸੂਰਜ 'ਚ ਰਲ ਗਈ । ਜਿਵੇਂ ਚੰਦ੍ਰਮਾ ਦੀ ਜੋਤਿ ਸੂਰਜ ਵਿੱਚ ਲੀਨ ਹੋ ਜਾਂਦੀ ਹੈ, ਉਵੇਂ ਹੀ ਮਨ ਦੀ ਜੋਤਿ ਚਿੱਤ ਵਿੱਚ ਲੀਨ ਹੋ ਜਾਂਦੀ ਹੈ





No comments:

Post a Comment

Note: Only a member of this blog may post a comment.