Saturday, November 30, 2013

Ajai Gang Jalu Atalu


ਅਜੈ ਚਵਰੁ:


ਸਿਖਿਆਰਥੀ: "ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥ {ਪੰਨਾ 1409}"

ਧਰਮ ਸਿੰਘ ਜੀ: "ਅਜੈ ਚਵਰੁ ਸਿਰਿ ਢੁਲੈ" ਚਵਰ ਵੀ ਅਜੈ ਐ...ਚਉਰ...'ਸਿਰਿ ਢੁਲੈ' ਸਿਰ 'ਤੇ ਢੁਲ ਰਿਹੈ ਚਵਰ...ਚਉਰ । "ਅੰਮ੍ਰਿਤੁ ਮੁਖਿ ਲੀਅਉ ॥" ਮੂੰਹ ਦੇ ਵਿੱਚ ਕੀ ਐ? ਮੂੰਹ 'ਚ ਅਮ੍ਰਿਤ ਐ । 'ਅਜੈ ਚਵਰੁ' ਕੀ ਐ? 'ਅਜੈ ਚਵਰੁ' ਹੁਕਮ ਐ, ਜਿਹੜਾ ‘ਹੁਕਮ’ ਸਿਰ 'ਤੇ ਐ । ਜਿਹੜਾ ਸਿਰ 'ਤੇ ਹਥ ਐ ਉਹੀ 'ਅਜੈ ਚਵਰੁ' ਐ, "ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ {ਪੰਨਾ 1402}" ਅਜੈ ਤਾਂਹੀ ਐ, ਮੇਟ ਨੀ ਸਕਦਾ ਉਹਨੂੰ ਕੋਈ । ਜੀਹਦੇ 'ਤੇ ਉਹਦਾ ਹਥ ਐ, ਉਹਨੂੰ ਕੋਈ...ਮਤਲਬ ਐ...ਹਥ ਨੂੰ ਪਰ੍ਹੇ ਨੀ ਹਟਾ ਸਕਦਾ । ਜੇ ਸਿਰ 'ਤੇ ਹੋਵੇ ਉਹਦੀ ਮੇਹਰ, ਉਹ ‘ਮੇਹਰ’ ਨੂੰ ਕੋਈ ਪ੍ਰਭਾਵਿਤ ਕਰਕੇ ਪਰਲੇ ਪਾਸੇ ਹਟਾ ਦੇਵੇ, ਫਿਰ ਉਹ ‘ਅਜੈ’ ਨੀ ਰਹਿਣੀ । ਉਹਦੀ ਮੇਹਰ...ਕਿਸੇ ਨੂੰ ਪੁਛ ਕੇ ਦਿੰਦਾ ਨੀ, ਕਿਸੇ...ਜੇ ਖੋਹਂਦਾ ਐ ਤਾਂ ਨਾ ਕਿਸੇ ਦੀ ਸਲਾਹ ਲੈਂਦੈ, ਜੇ ਕਿਸੇ ਨੂੰ ਦਿੰਦਾ ਐ ਤਾਂ ਨੀ ਕਿਸੇ ਦੀ ਸਲਾਹ ਲੈਂਦਾ, 'ਅਜੈ' ਐ ਨਾ? "ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥" ਅਮ੍ਰਿਤ ਨਾਮ ਐ ਜੀਹਦੇ ਮੁਖ ਦੇ ਵਿੱਚ, ਜੀਹਦੇ ਅੰਦਰੋਂ ਬਾਣੀ ਦਾ ਪ੍ਰਵਾਹ ਨਿੱਕਲਦੈ, ਇਹ ਸਮਝੋ ਉਹਦੇ ਸਿਰ 'ਤੇ ਉਹਦਾ ਹਥ ਐ । ਪਰਮੇਸ਼ਰ ਦਾ ਹਥ ਐ ਉਹਦੀ ਕਿਰਪਾ ਐ, ਉਹ ਬੁਲਾਉਂਦਾ ਐ, ਤਾਂ ਬੋਲਦੈ ।

ਸਿਖਿਆਰਥੀ: "ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥"

ਧਰਮ ਸਿੰਘ ਜੀ: ਆਹ ਹੁਣ ਤਾਂ ਸਿਧਾ ਈ ਆ ਗਿਆ, ਇਹਦਾ ਕੀ ਕਰਨਗੇ?

ਸਿਖਿਆਰਥੀ: ਹਾਂਜੀ, ਇਹ ਪੰਗਤੀ ਤੋਂ ਬਚਣਾ ਬਹੁਤ ਔਖਾ ਐ ।

ਧਰਮ ਸਿੰਘ ਜੀ: ਇਥੋਂ ਕੌਣ ਬਚੂਗਾ? ਗੁਰ ਅਰਜਨ ਦੇ ਸਿਰ 'ਤੇ ਛਤਰ ਆਪ ਪਰਮੇਸ਼ਰ ਨੇ ਦਿੱਤੈ । ਚੌਥੇ ਪਾਤਸ਼ਾਹ ਨੇ ਨੀ ਦਿੱਤਾ 'ਪਹਿਲੀ ਤਾਂ ਗੱਲ ਏਹੇ ਐ' । ਫੇਰ ਗੱਲ ਏਹੇ ਐ ਕਿ 'ਗੁਰੂ' ਪਰਮੇਸ਼ਰ ਈ ਐ, ਪਰਮੇਸ਼ਰ ਤੋਂ ਵੱਡਾ ਕੋਈ ਨੀ ਹੈ । ਹੁਣ ਜੀਹਦੇ ਸਿਰ 'ਤੇ ਪਰਮੇਸ਼ਰ ਨੇ ਛਤਰ ਦਿੱਤੈ, ਉਹਨੂੰ ਵਿਅਕਤੀ ਨੀ ਕਹਾਂਗੇ, ਤਾਂ ਕੀ ਕਹਾਂਗੇ? ਇਹ ਭਗਤ ਵੀ ਸਾਰੇ ਵਿਅਕਤੀ ਨੇ, ਆਹ ਭੱਟ ਵੀ ਓ...ਭੱਟਾਂ ਦੇ ਸਿਰ 'ਤੇ ਵੀ ਉਹੀ ਛਤਰ ਐ, ਇਹ ਵਿਅਕਤੀ ਨੀ ਸੀ, ਤਾਂ ਇਹ ਕੀ ਸੀ ਫਿਰ? ਜੇ ਕੋਈ ਅੰਨ੍ਹਾ ਹੋ ਜਾਵੇ ਜਾਣ-ਬੁਝ ਕੇ, ਉਹਨੂੰ ਕੀ ਕਰੀਏ ਅਸੀਂ?

ਸਿਖਿਆਰਥੀ: ਇਹਨਾਂ ਨੇ ਕੀਤੇ ਆ ਜੀ 'ਗੁਰੂ ਅਰਜਨ ਦੇਵ ਜੀ ਦੇ ਸਿਰ ਤੇ ਇਹ ਛਤਰ ਪਰਮੇਸ਼ਰ ਨੇ ਆਪ ਬਖਸ਼ਿਆ ਹੈ ।

ਧਰਮ ਸਿੰਘ ਜੀ: ਹਾਂ, ਅਰਥ ਤਾਂ ਇਹੀ ਕਰਨੇ ਪੈਣਗੇ, ਬਚ ਈ ਨੀ ਸਕਦੇ ਏਥੋਂ ਏਹੇ, ਕਿਵੇਂ ਬਚਣਗੇ ਏਥੋਂ? ਪਰਮੇਸ਼ਰ ਦੀ ਕਿਰਪਾ ਐ, ਹਥ ਐ ਉਹਦਾ ਸਿਰ 'ਤੇ, ਜੇ ਹਥ ਐ ਤਾਂ ਪਰਮੇਸ਼ਰ ਤਾਂ ਆਪ ਹੋ ਨੀ ਸਕਦੇ ਉਹੋ ।

ਸਿਖਿਆਰਥੀ: ਪਰਮੇਸ਼ਰ ਤੋਂ ਥੱਲੇ ਆ, ਹਾਂਜੀ ।

ਧਰਮ ਸਿੰਘ ਜੀ: ਥੱਲੇ ਨੇ, ਗੁਰੂ ਤਾਂ ਫਿਰ ਪਰਮੇਸ਼ਰ ਐ, ਪਰਮੇਸ਼ਰ ਤਾਂ ਗੁਰੂ ਐ ਫਿਰ ਉਹੋ ।

ਸਿਖਿਆਰਥੀ: ਹਾਂਜੀ, "ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥"

ਧਰਮ ਸਿੰਘ ਜੀ: ਆਹ ਦੇਖੋ! "ਮਿਲਿ ਨਾਨਕ ਅੰਗਦ ਅਮਰ ਗੁਰ" ਨਾਨਕ, ਅੰਗਦ, ਅਮਰ ਗੁਰ ਮਿਲ ਕੇ, ਕੀਹਦੇ ਨਾਲ? ਸ਼ਬਦ ਗੁਰੂ ਨਾਲ ਮਿਲ ਕੇ, ਵਿਚਾਰਧਾਰਾ ਨਾਲ ਮਿਲ ਕੇ, ਗੁਰਮਤਿ ਵਿਚਾਰਧਾਰਾ ਨਾਲ ਮਿਲ ਕੇ । "ਗੁਰੁ ਰਾਮਦਾਸੁ ਹਰਿ ਪਹਿ ਗਯਉ ॥" ਅਰ ਗੁਰ ਰਾਮਦਾਸ, ਗੁਰ ਅੱਗੇ ਆ ਗਿਆ ਨਾ, ਤਿੰਨ ਗੁਰ ਮਿਲ ਕੇ, ਰਾਮਦਾਸ ਨੂੰ ਫਿਰ ਅੱਡ ਕਰਤਾ, ਫਿਰ ਅੱਡ ਕਰਤਾ । ਤਿੰਨੇ ਨੇ, ਚੌਥਾ ਕਦੇ ਨੀ 'ਕੱਠਾ ਨਾਲ ਰਖਿਆ ਇਹਨਾਂ ਦੇ, ਆਏਂ ਬੇਦੀ-ਸੋਢੀ ਨੇ, ਐਵੇਂ ਨੀ ਬੇਦੀ-ਸੋਢੀ ਉਥੇ ਕਹਿਤਾ, ਇਹ ਫੇਰ ਉਹੀ ਐ । ਹੁਣ ਇਹ ਕਿਉਂ ਐ, ਇਹ ਤਿੰਨ ਜਗ੍ਹਾ ਕਿਉਂ ਆਇਐ? ਤਿੰਨ-ਚਾਰ ਜਗ੍ਹਾ ਇਹੀ ਗੱਲ ਕਿਉਂ ਆਈ ਐ? ਫੇਰ ਸੁੰਦਰ ਨੇ 'ਸਦ' ਅੱਡ...ਅਮਰਦਾਸ ਦੀ 'ਸਦ' ਐ, ਅੰਗਦ ਦੀ ਨੀ ਹੈ, ਨਾਨਕ ਦੀ ਨੀ ਹੈ । ਤਿੰਨਾਂ ਦੀ 'ਸਦ' 'ਕੱਠੀਓ ਐ 'ਇੱਕ', ਏਥੇ ਵੀ ਤਿੰਨ 'ਕੱਠੇ ਈ ਨੇ, 'ਸਦ' ਵੀ 'ਕੱਠੀ ਐ । ਇਹ ਬੁਝਾਰਤ ਕੀ ਐ? ਇਹ ਬੁਝਾਰਤ ਏਥੋਂ ਨੀ ਸੀ ਪਤਾ ਲੱਗਣਾ, ਉਥੋਂ ਈ ਪਤਾ ਲੱਗਣਾ ਸੀ 'ਦਸਮ ਗਰੰਥ' ਤੋਂ ਈ, ਇਹ ਬੁਝਾਰਤ ਈ ਖੁੱਲ੍ਹੀ ਐ ਉਥੇ, ਇਹ ਬੁਝਾਰਤ, ਬੁਝਾਰਤ ਈ ਰਹਿ ਜਾਣੀ ਸੀ, ਜੇ ਉਥੇ ਨਾ ਖੋਲਦੇ 'ਬਚਿੱਤਰ ਨਾਟਕ' ਦੇ ਵਿੱਚ । ਇਹ ਕੀ ਜਾਣਨ? ਮੂਰਖ ਕੀ ਜਾਣੇ? ਉਹ ਤਾਂ ਉਹ ਗੱਲ ਹੋ ਗਈ ਕਹਿੰਦਾ 'ਬਾਗਾ ਤੇਰੀ ਜੜ ਵਧੇ, ਭੌਰਿਆ ਜੁਗ ਜੁਗ ਜੀਅ, ਉੱਜੜ ਖੇੜਾ ਫਿਰ ਵਸੇ, ਮੂਰਖ ਜਾਣੇ ਕੀ ।' ਇਹ ਤਾਂ ਖੇੜਾ ਉੱਜੜ ਕੇ ਵੱਸਦੈ ''ਬਸੈ ਤ ਉਡਰਿ ਜਾਹਿ ॥ {ਪੰਨਾ 1382}" ਜੇ ਵਸਣੈ ਤਾਂ ਉੱਡ ਜਾਹ, ਉੱਜੜ ਜਾਹ । ਸੰਸਾਰ 'ਚੋਂ ਉੱਜੜ ਕੇ ਈ ਆਪਣੇ ਘਰ ਵੱਸ ਸਕਦੈ, ਸੰਸਾਰ 'ਚੋਂ ਉੱਜੜੂ ਤਾਂ ਹੀ ਵਸੂਗਾ ਨਿੱਜ ਘਰ ਜਾ ਕੇ 'ਉੱਜੜ ਖੇੜਾ ਫਿਰ ਵਸੇ, ਮੂਰਖ ਜਾਣੇ ਕੀ ।' ਮੂਰਖਾਂ ਨੂੰ ਕੀ ਪਤਾ ਐ, ਕੀ ਬੁਝਾਰਤਾਂ ਨੇ ਏਹੇ? ਚੁੱਪ ਕਰ ਜਾਣਗੇ ਕੋਈ ਨੀ ! ਆਪ ਈ ਚੁੱਪ ਕਰ ਜਾਣਗੇ, ਇਹ ਛੇਤੀਓ ਈ ਚੁੱਪ ਕਰ ਜਾਂਦੇ ਹੁੰਦੇ ਨੇ ਵਿਦਵਾਨ, ਵਿਦਵਾਨਾਂ ਦੇ ਪੱਲੇ ਈ ਕੁਛ ਨੀ ਹੁੰਦਾ ।

ਸਿਖਿਆਰਥੀ: "ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥"

ਧਰਮ ਸਿੰਘ ਜੀ: ਆਹ ਦੇਖਲੋ! 'ਹਰਿਬੰਸ' ਹਰਿਬੰਸ ਉਹਦਾ ਨਉਂ ਐ ਭੱਟ ਦਾ "ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ" ਹਰਿਬੰਸ ਕਹਿੰਦਾ ਜੀਹਨੇ ਸੰਸਾਰ ਦੇ ਵਿੱਚ ਜਸ 'ਕੱਠਾ ਕੀਤੈ ਐ ਨਾ...ਜਸ, ਜੀਹਨੇ ਪਰਮੇਸ਼ਰ ਦਾ ਜਸ ਗਾਇਐ, ਉਹਦਾ ਸੰਸਾਰ ਨੇ ਤਾਂ ਜਸ ਆਪ ਈ ਕੀਤੈ । ਜੀਹਨੇ ਸੰਸਾਰ ਦੇ ਵਿੱਚ ਜਸ ਖੱਟ ਲਿਆ "ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥" ਉਹਨੂੰ ਮਰਿਆ ਹੋਇਆ, ਸ੍ਰੀ ਗੁਰ ਨੂੰ ਕੌਣ ਕਹੂਗਾ ਮਰਿਆ ਹੋਇਐ? ਐਹ ਵਿਦਵਾਨ ਤਾਂ ਫਿਰ ਇਹ ਮੰਨਦੇ ਨੇ...ਇੱਕ ਪਾਸੇ ਤਾਂ ਵਿਅਕਤੀ ਨੀ ਮੰਨਦੇ, ਇੱਕ ਪਾਸੇ ਬਰਸੀਆਂ ਮਨਾਉਂਦੇ ਨੇ, ਓ ਬਰਸੀਆਂ ਕੀਹਦੀਆਂ ਮਨਾਈ ਦੀਆਂ ਨੇ ਫਿਰ? ਕੈਲੰਡਰ ਕੀਹਦੇ ਨਉਂ 'ਤੇ ਬਣਾਈ ਦੇ ਨੇ? ਵਿਅਕਤੀ ਦੇ ਨਉਂ 'ਤੇ ਪਹਿਲਾਂ ਬਣੇ ਹੋਏ ਐ, ਤੁਸੀਂ ਤਾਂ ਵਿਅਕਤੀ ਮੰਨਦੇ ਓ, ਸਾਬਤ ਕਰਦੇ ਓ, ਤੁਸੀਂ ਤਾਂ ਮੰਨਦੇ ਓ ਬਈ ਉਹ ਮਰਗੇ । ਓ ਜਿਉਂਦਿਆਂ ਦੀਆਂ ਬਰਸੀਆਂ ਮਨਾਈ ਦੀਆਂ ਨੇ? ਕਰਮ ਕੀ ਕਰਦੇ ਨੇ, ਮੂੰਹ ਤੇ ਕੀ ਬੋਲਦੇ ਨੇ? ਕਥਨੀ ਕੀ ਐ, ਕਰਨੀ ਕੀ ਐ? ਕਰਨੀ ਅਰ ਕਥਨੀ 'ਚ ਫਰਕ ਐ ਵਿਦਵਾਨ ਦੇ । ਉਹ ਕਹਿੰਦੈ "ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥" 'ਗੁਰੂ' ਨੀ ਹੈ ਲਫਜ਼ ਫੇਰ ਵੀ 'ਗੁਰ' ਈ ਵਰਤਿਐ "ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥" ਉਹਨੂੰ ਮੋਇਆ ਕੌਣ ਕਹਿੰਦੈ? ਜੋਤੀ ਜੋਤਿ ਸਮਾਉਣਾ ਕਹਿ ਦਿੰਨੇ ਆਂ, ਮੋਇਆ ਨੀ ਕਹਿੰਦੇ, ਫਿਰ ਬਰਸੀਆਂ ਮਨਾਉਂਨੇ ਆਂ, ਉਹ ਕਾਹਦੀ ਮਨਾਉਂਨੇ ਆਂ? ਜਨਮ ਪਦਾਰਥ ਮਿਲਿਆ ਮੰਨਦੇ ਆਂ, ਜਾਂ ਨਹੀਂ ਮੰਨਦੇ? ਫਿਰ "ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ {ਪੰਨਾ 394}" ਦਾ ਕੀ ਬਣੂਗਾ? ਕੁਛ ਜਵਾਬ ਨੀ ਇਹਨਾਂ ਕੋਲ, ਪੰਡਤ ਨੇ ਏਹੇ, ਹਾਂ...ਸੰਪਰਦਾਇਕ ਨੇ, ਸੰਪਰਦਾਈ ਨੇ, ਈਰਖਾਲੂ ਨੇ, ਅਗਿਆਨੀ ਨੇ, rigid ਨੇ, ਮੂਰਖ ਨੇ, ਪਖੰਡੀ...ਸਾਰੇ ਈ, ਇਹਨਾਂ 'ਚ ਕੱਟੜਵਾਦ, ਅਗਿਆਨੀ ਨੇ, ਗਿਆਨ ਨਹੀਂ ਐ, ਗਿਆਨ ਵਾਲੀ ਕੋਈ ਗੱਲ ਨੀ ।

No comments:

Post a Comment

Note: Only a member of this blog may post a comment.