Saturday, November 30, 2013

Tani Chandanu Mastaki Paatee

"ਤਨਿ ਚੰਦਨੁ ਮਸਤਕਿ ਪਾਤੀ ॥"

   ੴ ਸਤਿਗੁਰ ਪ੍ਰਸਾਦਿ ॥ 
"ਪ੍ਰਭਾਤੀ ਭਗਤ ਬੇਣੀ ਜੀ ਕੀ 
ਤਨਿ ਚੰਦਨੁ ਮਸਤਕਿ ਪਾਤੀ ॥ ਰਿਦ ਅੰਤਰਿ ਕਰ ਤਲ ਕਾਤੀ ॥ ਠਗ ਦਿਸਟਿ ਬਗਾ ਲਿਵ ਲਾਗਾ ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥ ਕਲਿ ਭਗਵਤ ਬੰਦ ਚਿਰਾਂਮੰ ॥ ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥ ਨਿਤਪ੍ਰਤਿ ਇਸਨਾਨੁ ਸਰੀਰੰ ॥ ਦੁਇ ਧੋਤੀ ਕਰਮ ਮੁਖਿ ਖੀਰੰ ॥ ਰਿਦੈ ਛੁਰੀ ਸੰਧਿਆਨੀ ॥ ਪਰ ਦਰਬੁ ਹਿਰਨ ਕੀ ਬਾਨੀ ॥੨॥ ਸਿਲ ਪੂਜਸਿ ਚਕ੍ਰ ਗਣੇਸੰ ॥ ਨਿਸਿ ਜਾਗਸਿ ਭਗਤਿ ਪ੍ਰਵੇਸੰ ॥ ਪਗ ਨਾਚਸਿ ਚਿਤੁ ਅਕਰਮੰ ॥ ਏ ਲੰਪਟ ਨਾਚ ਅਧਰਮੰ ॥੩॥ ਮ੍ਰਿਗ ਆਸਣੁ ਤੁਲਸੀ ਮਾਲਾ ॥ ਕਰ ਊਜਲ ਤਿਲਕੁ ਕਪਾਲਾ ॥ ਰਿਦੈ ਕੂੜੁ ਕੰਠਿ ਰੁਦ੍ਰਾਖੰ ॥ ਰੇ ਲੰਪਟ ਕ੍ਰਿਸਨੁ ਅਭਾਖੰ ॥੪॥ ਜਿਨਿ ਆਤਮ ਤਤੁ ਨ ਚੀਨ੍ਹ੍ਹਿਆ ॥ ਸਭ ਫੋਕਟ ਧਰਮ ਅਬੀਨਿਆ ॥ ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥ {ਪੰਨਾ 1351}"

"ਤਨਿ ਚੰਦਨੁ ਮਸਤਕਿ ਪਾਤੀ ॥"

ਇਹ ਵੈਸ਼ਨੂੰ ਭਗਤ 'ਵਿਸ਼ਨੂੰ' ਨਾਲ ਸੰਬੰਧਤ ਹਨ, ਸ਼ਿਵ ਜੀ ਵਾਲੇ ਨਹੀਂ ਹਨ ਏਹੇ । ਸ਼ੈਵ ਹੋਰ ਹਨ, ਉਹ ਸਮਾਧੀ ਲਾਉਂਦੇ ਹਨ, ਸਮਾਧੀ ਤਾਂ ਵੈਸ਼ਨੂੰ ਵਾਲੇ ਵੀ ਲਾਉਂਦੇ ਹਨ, ਪਰ ਇਹ ਹੋਰ ਤਰ੍ਹਾਂ ਦੀ ਲਾਉਂਦੇ ਹਨ, ਇਹਨਾਂ ਕੋਲ ਮਾਲਾ ਹੁੰਦੀ ਹੈ, ਸ਼ਿਵ ਜੀ ਵਾਲਿਆਂ ਕੋਲ ਮਾਲਾ ਨਹੀਂ ਹੁੰਦੀ ।

"ਤਨਿ ਚੰਦਨੁ" ਇਹ ਸਰੀਰ 'ਤੇ ਚੰਦਨ ਦਾ ਲੇਪ ਕਰ ਕੇ ਰਖਦੇ ਹਨ, ਚੰਦਨ ਦਾ ਲੇਪ ਇਸ ਕਰਕੇ ਕਰਦੇ ਹਨ ਤਾਂ ਕਿ ਮਖੀ ਨਾ ਬੈਠੇ, ਮਖੀ ਪਰੇਸ਼ਾਨ ਕਰਦੀ ਹੈ, ਚੰਦਨ 'ਤੇ ਮਖੀ ਨਹੀਂ ਬਹਿੰਦੀ । ਕਬੀਰ ਜੀ ਕਹਿੰਦੇ ਹਨ ਕਿ ਇਹ ਮਥੇ ਨੂੰ ਚੰਦਨ ਲਾ ਕੇ ਬੈਠੇ ਰਹਿੰਦੇ ਹਨ ਕਿਉਂਕਿ ਉਹਦੀ ਸੁਗੰਧੀ ਨਾਲ ਜੀਅ ਲੱਗਿਆ ਰਹਿੰਦਾ ਹੈ ਅਤੇ ਮਖੀ ਵੀ ਨਹੀਂ ਬਹਿੰਦੀ, ਕੰਨਾਂ ਦੇ ਨਾਲ ਏਹੇ ਸਰੀਰ ਵਿਚਲੀ ਆਵਾਜ਼ ਦੀ ਟੈੰ-ਟੈੰ ਸੁਣਦੇ ਹਨ, ਤਾਂ ਹੀ ਉਹ ਕਹਿੰਦੇ ਹਨ "ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥ {ਪੰਨਾ 476}" ਨਾ ਮੈਨੂੰ ਚੰਦਨ ਦੀ ਲੋੜ ਹੈ, ਕਿਉਂਕਿ ਇਹ ਵੀ ਮਾਇਆ ਹੈ, ਇਹਦੇ ਆਸਰੇ ਮੈਂ ਨਹੀਂ ਬਹਿੰਦਾ, ਨਾ ਹੀ ਮੈਨੂੰ ਸਰੀਰ ਦੇ ਵਿਚੋਂ (Heart Beat ਵਗੈਰਾ ਚੋਂ) ਪੈਦਾ ਹੋਣ ਵਾਲੇ ਸ਼ਬਦਾਂ ਦੀ ਲੋੜ ਹੈ ਜਿਹੜੇ ਕਿ ਧਿਆਨ ਨਾਲ ਸੁਣੇ ਤੋਂ ਸੁਣਦੇ ਹਨ, ਇਹ ਵੀ ਮਾਇਆ ਹੀ ਹੈ, ਮੈਨੂੰ ਮਾਇਆ ਦੀ ਲੋੜ ਨਹੀਂ ਹੈ । ਚੰਦਨ ਦੇ ਲਾਉਣ ਦਾ ਕਾਰਨ ਸਿਰਫ ਮਖੀ ਹੈ ਕਿਉਂਕਿ "ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥ {ਪੰਨਾ 1368}" ਚੰਦਨ ਲਾਉਂਦੇ ਹਨ ਅਤੇ "ਮਸਤਕਿ ਪਾਤੀ" ਤੁਲਸੀ ਦੇ ਪੱਤੇ ਚੰਦਨ ਨਾਲ ਚਿਪਕਾ ਕੇ ਰਖਦੇ ਹਨ ।

"ਰਿਦ ਅੰਤਰਿ ਕਰ ਤਲ ਕਾਤੀ ॥" ਹਿਰਦੇ ਦੇ ਵਿੱਚ ਕਲਪਨਾ ਦੀ ਕਾਤੀ ਹੈ, ਮਾਇਆ ਦੀ ਹੀ ਇਛਾ ਹੈ, ਕੂੜ ਦਾ ਛੁਰਾ ਹੈ ਹਿਰਦੇ ਦੇ ਵਿੱਚ, ਇਹਨਾਂ ਦੇ ਹਿਰਦੇ ਵਿੱਚ ਆਪਣੀ ਮਰਜੀ(ਭਾਣਾ) ਹੈ, ਪਰਮੇਸ਼ਰ ਦੀ ਮਰਜੀ(ਭਾਣਾ) ਨਹੀਂ ਹੈ । ਇਹ ਆਪਣੇ ਭਾਣੇ ਚੱਲਦੇ ਹਨ, ਆਪਣੀ ਮਰਜੀ ਦੀ ਭਗਤੀ ਕਰਦੇ ਹਨ, ਜਿਹੋ ਜਿਹੀ ਭਗਤੀ ਇਹਨੂੰ ਪਸੰਦ ਹੈ ਉਹ ਭਗਤੀ ਕਰਦਾ ਹੈ, ਇਹ ਭਗਤੀ ਦਰਗਾਹ ਦੀ ਦੱਸੀ ਹੋਈ ਨਹੀਂ ਹੈ ਅਤੇ ਦਰਗਾਹ ਦੇ ਵਿੱਚ ਇਹ ਭਗਤੀ ਪ੍ਰਵਾਨ ਵੀ ਨਹੀਂ ਹੈ । "ਕਰ ਤਲ ਕਾਤੀ" ਹੈ ਏਹੇ, ਥੱਲੇ ਮਨ ਦੇ ਵਿੱਚ ਲਕੋਈ ਹੋਈ ਕਾਤੀ ਹੈ ਏਹੇ, ਜਿਵੇਂ ਕੋਈ ਥੱਲੇ ਲੁਕਾ ਕੇ ਰਖੇ ਛੁਰੀ । ਦਿਖਾਵਾ ਤਾਂ ਭਗਤੀ ਦਾ ਕਰਦਾ ਹੈ, ਅਸਲ ਦੇ ਵਿੱਚ ਜਿਹੜੇ ਸ਼ਰਧਾਵਾਨ ਹਨ, ਉਹਨਾਂ ਨੂੰ ਠੱਗਣ ਵਾਸਤੇ ਹੈ ਸਭ ਕੁਛ, ਲੋਕ ਜਿੰਨਾ ਵਿਸ਼ਵਾਸ ਕਰਨਗੇ, ਜਿਵੇਂ ਬਗਲਾ 'ਸਮਾਧ' ਲਾਉਂਦਾ ਹੈ, ਡੱਡੀ ਕੋਲੇ ਆਉਂਦੀ ਹੈ, ਉਹ ਉਦੋਂ ਹੀ ਫੜ੍ਹ ਕੇ ਛਕ ਲੈਂਦਾ ਹੈ । ਇਹਨਾਂ ਦਾ ਮਾਇਆ ਦੇ ਵਾਸਤੇ ਹੀ ਹੈ ਸਭ-ਕੁਛ, ਭੁਖ ਮਾਇਆ ਦੀ ਹੀ ਹੈ ਅੰਦਰ ।

"ਠਗ ਦਿਸਟਿ ਬਗਾ ਲਿਵ ਲਾਗਾ ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥" ਓਹੀ ਗੱਲ ਹੈ, ਬਗਲੇ ਵਾਂਗੂੰ ਜੇ ਕੋਈ ਨੇੜ ਨੂੰ ਆਇਆ ਤਾਂ ਠੱਗੀ ਮਾਰ ਲਈ ਉਹਦੇ ਨਾਲ । ਵਿਸ਼ਵਾਸ ਦਿਵਾਉਣਾ ਕਿ ਮੈਂ ਧਾਰਮਿਕ ਹਾਂ, ਕਿਉਂਕਿ ਵਿਸ਼ਵਾਸ ਦਿਵਾ ਕੇ ਹੀ ਠੱਗਿਆ ਜਾ ਸਕਦਾ ਹੈ ਕਿਸੇ ਨੂੰ, ਜਿਹੜਾ ਥੋਡੇ 'ਤੇ ਵਿਸ਼ਵਾਸ ਨਹੀਂ ਕਰਦਾ ਉਹਦੇ ਨਾਲ ਤੁਸੀਂ ਠੱਗੀ ਨਹੀਂ ਮਾਰ ਸਕਦੇ । ਇਹ ਲੋਕ ਧਾਰਮਿਕ ਬਣਨ ਦਾ ਢੌਂਗ ਕਰਕੇ ਵਿਸ਼ਵਾਸ ਦਿਵਾ ਲੈਂਦੇ ਹਨ, ਫਿਰ ਠੱਗੀ ਮਾਰ ਲੈਂਦੇ ਹਨ । ਇਹੀ ਤਕਨੀਕ ਹੈ ਇਹਨਾਂ ਕੋਲ ਅਤੇ ਸੰਤਾਂ ਕੋਲ, ਕਿਉਂਕਿ ਸੰਤ ਅਤੇ ਪੰਡਿਤ ਇੱਕੋ ਹੀ ਗੱਲ ਹੈ, ਇਹ ਸਾਰੇ ਵੈਸ਼ਨੂੰ ਭਗਤ ਹੀ ਹਨ ।

"ਕਲਿ ਭਗਵਤ ਬੰਦ ਚਿਰਾਂਮੰ ॥ ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥" ਕੂੜ ਦ੍ਰਿਸ਼ਟੀ ਨਾਲ ਰੱਤਾ ਹੋਇਆ ਹੈ, ਜਿਹੜੀ ਦ੍ਰਿਸ਼ਟੀ ਤ੍ਰਿਕੁਟੀ ਵਿਚ ਹੈ ਉਹ ਕ੍ਰੂਰ ਦ੍ਰਿਸ਼ਟੀ ਹੈ, ਮਾਇਆ ਦੀ ਦ੍ਰਿਸ਼ਟੀ ਕ੍ਰੂਰ ਦ੍ਰਿਸ਼ਟੀ ਹੈ, ਰਿਧੀਆਂ-ਸਿਧੀਆਂ ਦੀ ਪ੍ਰਾਪਤੀ ਦੀ ਦ੍ਰਿਸ਼ਟੀ ਕ੍ਰੂਰ ਦ੍ਰਿਸ਼ਟੀ ਹੈ, ਜਿਹੜੀ ਭਗਤੀ ਮਾਇਆ ਦੀ ਭੁਖ ਦੀ ਤ੍ਰਿਪਤੀ ਜਾਂ ਮਨੋ-ਕਾਮਨਾਵਾਂ ਦੀ ਪੂਰਤੀ ਵਾਸਤੇ ਹੈ ਉਹ ਕ੍ਰੂਰ ਦ੍ਰਿਸ਼ਟੀ ਹੈ । ਇਛਾ ਕਾਹਦੀ ਹੈ ਭਗਤੀ 'ਚੋਂ ? ਮਾਇਆ ਦੀ । ਇਹੀ ਕ੍ਰੂਰ ਦ੍ਰਿਸ਼ਟੀ ਹੈ, ਦ੍ਰਿਸ਼ਟੀ 'ਮਾਇਆ/ਝੂਠ' 'ਤੇ ਹੀ ਹੈ । "ਕਲਿ ਭਗਵਤ ਬੰਦ ਚਿਰਾਂਮੰ ॥" ਭਗਵੰਤ ਨੇ ਜਿਹੜੀ ਕਲਪਨਾ(ਕਲਿ) ਨੂੰ ਹਮੇਸ਼ਾਂ ਵਾਸਤੇ (ਚਿਰਾਂਮੰ) ਬੰਦ ਕਰਨ ਨੂੰ ਕਹਿਣਾ ਸੀ, ਜਿਹੜੀ ਕਲਪਨਾ ਨੇ ਅਨਹਦ ਸੁੰਨ ਹੋਣਾ ਸੀ, ਉਹ ਤਾਂ ਕੀਤਾ ਨਹੀਂ, ਉਹਦੀ ਬਜਾਏ ਮਾਇਆ ਵਾਲੀ ਕ੍ਰੂਰ ਦ੍ਰਿਸ਼ਟੀ ਹੈ, ਸਗੋਂ ਅੰਤਰ-ਆਤਮਾ ਦੀ ਆਵਾਜ਼ ਹਮੇਸ਼ਾਂ ਵਾਸਤੇ ਦਬਾਅ ਕੇ ਰਖੀ ਹੋਈ ਹੈ, ਪਰ ਚਾਹੀਦਾ ਤਾਂ ਇਹ ਸੀ ਕਿ ਅੰਤਰ-ਆਤਮਾ ਦੀ ਆਵਾਜ਼ ਨਾਲ ਮਨ ਦੀ ਇਛਾ ਨੂੰ ਦਬਾਉਂਦਾ, ਪਰ ਇਸਦੇ ਉਲਟ ਮਨ ਦੀਆਂ ਇਛਾਵਾਂ ਦੇ ਨਾਲ ਅੰਤਰ-ਆਤਮਾ ਦੀ ਆਵਾਜ਼ ਦਬਾਈ ਹੋਈ ਹੈ, ਮਾਇਆ/ਝੂਠ ਨੇ ਸਚ ਨੂੰ ਦਬਾਇਆ ਹੋਇਆ ਹੈ । ਹਿਰਦੇ ਵਿੱਚ ਕੂੜ ਦੀ ਪ੍ਰਧਾਨਗੀ ਹੈ ।

"ਨਿਤਪ੍ਰਤਿ ਇਸਨਾਨੁ ਸਰੀਰੰ ॥ ਦੁਇ ਧੋਤੀ ਕਰਮ ਮੁਖਿ ਖੀਰੰ ॥" ਜੇ ਨਿਤਪ੍ਰਤਿ ਇਸ਼ਨਾਨ ਕਰਦਾ ਵੀ ਹੈ ਤਾਂ ਬਾਹਰਲੇ ਸਰੀਰ ਦਾ ਹੀ ਕਰਦਾ ਹੈ । ਇਥੇ ਨਿਤਪ੍ਰਤਿ ਸ਼ਬਦ ਵਰਤਿਆ ਹੈ, ਉਥੇ 'ਦਿਨਸ-ਰਾਤ' ਵਰਤਿਆ ਹੈ "ਸੋਚ ਕਰੈ ਦਿਨਸੁ ਅਰੁ ਰਾਤਿ ॥ {ਪੰਨਾ 265}" 'ਨਿਤਪ੍ਰਤਿ' ਦਾ ਮਤਲਬ ਹੈ ਰੋਜ ਇੱਕ ਵਾਰ ਜਾਂ ਰੋਜ਼ਾਨਾ, ਉਹ ਹੈ ਦਿਨਸ-ਰਾਤ ਲਗਾਤਾਰ, ਲਗਾਤਾਰ ਕੋਈ ਨਹੀਂ ਇਸ਼ਨਾਨ ਕਰਦਾ । ਇਸ ਕਰਕੇ "ਸੋਚ" ਦੇ ਅਰਥ 'ਇਸ਼ਨਾਨ ਕਰਨਾ' ਤਾਂ ਗਰਬ ਗੰਜਨੀ ਵਾਲੇ ਨੇ ਕੀਤੇ ਸੀ, ਪ੍ਰੋਫ਼. ਸਾਹਿਬ ਸਿੰਘ ਨੇ ਉਹਦੀ ਨਕਲ ਮਾਰ ਲਈ, ਉਹਨੇ ਇਹ ਨਹੀਂ ਦੇਖਿਆ ਕਿ ਨਿਤਪ੍ਰਤਿ ਸ਼ਬਦ ਹੈ, ਲਗਾਤਾਰ ਇਸ਼ਨਾਨ ਤਾਂ "ਨਿਤ ਨਿਤ ਮੇਂਡੁਕ ਨਾਵਹਿ ॥ {ਪੰਨਾ 484}" ਲਿਖਿਆ ਹੋਇਆ ਹੈ, ਨਿਤਪ੍ਰਤਿ ਲਫਜ ਵਰਤਿਆ ਹੋਇਆ ਹੈ ਏਥੇ । ਉਥੇ ਸੋਚ ਦਾ ਅਰਥ ਚਿੰਤਾ ਹੈ "ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥ {ਪੰਨਾ 265}" ਉਥੇ ਇਸ਼ਨਾਨ ਨਹੀਂ ਹੈ "ਸੋਚ ਕਰੈ ਦਿਨਸੁ ਅਰੁ ਰਾਤਿ" ਹੈ । ਚਿੰਤਾ/ਸੋਚ ਤਾਂ ਹੈ 'ਦਿਨਸੁ ਅਰੁ ਰਾਤਿ' ਭਗਤੀ ਦੀ, ਤਾਂ ਹੀ ਤਿਆਗੀ ਹੋਇਆ ਘਰ-ਬਾਰ ਛੱਡੀ ਬੈਠਾ ਹੈ, ਪਰ ਮਨ ਦੀ ਮੈਲ ਤਨ ਕਰਕੇ ਨਹੀਂ ਜਾਂਦੀ ਹੁੰਦੀ । ਇਸ਼ਨਾਨ ਤਨ ਦਾ ਕਰਦਾ ਹੈ, ਸਾਧਨਾ ਤਾਂ ਤਨ ਦੀ ਕਰਦਾ ਹੈ 'ਮਨ' ਦੀ ਨਹੀਂ ਕਰਦਾ, ਮਨ ਨੂੰ ਨਹੀਂ ਸਾਧਦਾ "ਮਨ ਸਾਧੇ ਸਿਧਿ" ਹੁੰਦੀ । ਸਾਧਨਾ ਤਾਂ ਕਰਦਾ ਹੈ ਤਨ ਦੇ ਤਲ 'ਤੇ. ਜਿਉਂਦਾ ਤਾਂ ਹੈ ਤਨ ਦੇ ਤਲ 'ਤੇ, ਇਛਾਵਾਂ ਪੂਰੀਆਂ ਨੇ ਤਨ ਦੇ ਤਲ 'ਤੇ, ਇਹ ਗੱਲ ਸੀ ।

"ਦੁਇ ਧੋਤੀ ਕਰਮ ਮੁਖਿ ਖੀਰੰ ॥" ਦੋ ਧੋਤੀਆਂ ਰਖਦਾ ਹੈ "ਦੁਇ ਧੋਤੀ ਬਸਤ੍ਰ ਕਪਾਟੰ ॥ {ਪੰਨਾ 470}", "ਮੁਖਿ ਖੀਰੰ" ਕੀ ਹੈ ? ਦੂਧਾ-ਧਾਰੀ ਹੈ, ਕਹਿੰਦਾ ਜੀ ਦੁਧ ਹੀ ਪੀਂਦੇ ਹਾਂ, ਹੋਰ ਅੰਨ ਨਹੀਂ ਖਾਂਦੇ ।

"ਰਿਦੈ ਛੁਰੀ ਸੰਧਿਆਨੀ ॥ ਪਰ ਦਰਬੁ ਹਿਰਨ ਕੀ ਬਾਨੀ ॥੨॥" ਪਰ ਦਰਬ ਹਿਰਨ ਦੀ ਆਦਤ ਹੈ ਇਹਨੂੰ, ਕਿ ਮੇਰੇ ਕੋਈ ਅੜਿੱਕੇ ਚੜ੍ਹ ਜਾਵੇ, ਸੇਵਕ ਹੋ ਜਾਵੇ, ਮੇਰੇ 'ਤੇ ਕੋਈ ਵਿਸ਼ਵਾਸ ਕਰ ਲਵੇ । ਉਹਦੀ ਸਾਰੀ ਸੰਪਤੀ ਮੇਰੇ ਕੋਲ ਕਿਵੇਂ ਆ ਜਾਵੇ ? ਇਹ ਛੁਰੀ ਹਰ ਵਖਤ ਹਿਰਦੇ ਵਿਚ ਸਿੰਨ੍ਹ ਕੇ ਰਖਦਾ ਹੈ । ਇਹਦੀ ਤਾਕ ਵਿੱਚ ਰਹਿੰਦਾ ਹੈ ਕਿ ਜਿਹੜਾ ਅੜਿੱਕੇ ਆ ਗਿਆ ਉਹ ਨਹੀਂ ਛੱਡਣਾ । ਇਹ ਛੁਰੀ ਹਰ ਵਖਤ ਸਿੰਨ੍ਹ ਕੇ ਰਖਦਾ ਹੈ "ਸੰਧਿਆਨੀ", ਕਦੇ ਵੀ ਇਸ ਛੁਰੀ ਨੂੰ ਮਿਆਨ 'ਚ ਨਹੀਂ ਪਾਉਂਦਾ, ਨਾ ਹੀ ਕਿਤੇ ਰਖ ਕੇ ਭੁੱਲਦਾ ਹੈ, ਬਈ ਜੇ ਭੁੱਲ ਗਿਆ ਤਾਂ ਕਿਤੇ ਲਭਣੀ ਪਵੇ, ਇਸ ਕਰਕੇ ਹਰ ਵਖਤ ਛੁਰੀ ਤਿਆਰ ਰਖਦਾ ਹੈ, ਕਿ ਜਦੋਂ ਕੋਈ ਮਿਲ ਗਿਆ ਤਾਂ ਉਦੋਂ ਹੀ ਝਟਕਾ ਕਰ ਦੇਣਾ ਹੈ, ਜਿਥੇ ਮਿਲ ਗਿਆ ਉਥੇ ਹੀ ਹਲਾਲ ਕਰ ਲੈਣਾ ਹੈ, ਆਏਂ ਰਖਦਾ ਹੈ ਛੁਰੀ "ਹਥਿ ਛੁਰੀ ਜਗਤ ਕਾਸਾਈ ॥ {ਪੰਨਾ 471}"

"ਸਿਲ ਪੂਜਸਿ ਚਕ੍ਰ ਗਣੇਸੰ ॥ ਨਿਸਿ ਜਾਗਸਿ ਭਗਤਿ ਪ੍ਰਵੇਸੰ ॥" 'ਸਿਲ ਪੂਜਸਿ' ਪਥਰ ਪੂਜਾ ਕਰਦਾ ਹੈ, ਸਿਲ/ਪਥਰ ਦੀ ਮੂਰਤੀ ਬਣਾ ਕੇ ਪੂਜਦਾ ਹੈ । ਗਣੇਸ਼ ਦੇ ਜੋ ਚਕ੍ਰ ਦੱਸੇ ਹਨ ਉਹ ਕਢਦਾ ਹੈ, ਗਣੇਸ਼ ਦਾ ਉਪਾਸਕ ਹੈ । ਗਣੇਸ਼ ਨੇ ਚੱਕਰ 'ਚ ਪਾਇਆ ਹੋਇਆ ਹੈ, ਗਣੇਸ਼ ਵਾਲੀ ਭਗਤੀ 'ਚ ਚੱਕਰ 'ਚ ਪਿਆ ਹੋਇਆ ਹੈ, ਗਣੇਸ਼ ਵਾਲੇ ਭਰਮ ਜਾਲ 'ਚ ਫਸਿਆ ਹੋਇਆ ਹੈ । "ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥" ਤਾਂ ਹੀ ਦਸਮ ਪਾਤਸ਼ਾਹ ਨੇ ਕਿਹਾ ਹੈ "ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥" ਜੋ 'ਗਰੰਥ' ਗਣੇਸ਼ ਨੇ ਲਿਖੇ ਹਨ ਉਹਦੇ ਚੱਕਰ 'ਚ ਪਿਆ ਹੋਇਆ ਹੈ, ਸਾਰੇ ਗ੍ਰੰਥਾਂ ਨੂੰ ਗਣੇਸ਼ ਦੀ ਲਿਖਤ ਮੰਨਦੇ ਹਨ ਏਹੇ(ਹਿੰਦੂ), ਸਾਰਿਆਂ ਨਾਲੋਂ ਜਿਆਦਾ ਵਿਦਵਾਨ ਗਣੇਸ਼ ਨੂੰ ਮੰਨਦੇ ਹਨ । "ਨਿਸਿ ਜਾਗਸਿ ਭਗਤਿ ਪ੍ਰਵੇਸੰ ॥" ਰਾਤ ਭਰ ਜਾਗਦੇ ਰਹਿਣ ਨੂੰ ਭਗਤੀ 'ਚ ਪ੍ਰਵੇਸ਼ ਸਮਝਦਾ ਹੈ, ਭਾਵ ਕਿ ਜਗਰਾਤੇ ਕਰਦਾ ਹੈ, ਜਗਰਾਤੇ ਦੀ ਰੀਸੇ 'ਰੈਨ-ਸਬਾਈ' ਕਰਨ ਲੱਗ ਗਏ, ਇਹ ਵੀ ਹਿੰਦੂ ਹੀ ਹਨ । ਜਿੰਨ੍ਹਾਂ ਨੇ ਰੈਨ-ਸਬਾਈਆਂ ਸ਼ੁਰੂ ਕੀਤੀਆਂ ਹਨ ਉਹ ਸਾਰੇ ਹੀ ਸਨਾਤਨੀ ਸਿਖ ਹਨ । ਜਿਹੜੇ ਸਨਾਤਨੀ 'ਸਿਖ' ਹੋ ਗਏ, ਇਹਨਾਂ ਨੇ ਰੈਨ-ਸਬਾਈਆਂ ਸ਼ੁਰੂ ਕਰ ਲਈਆਂ, ਉਹ ਜਗਰਾਤੇ ਸੀ ਇਹ ਰੈਨ-ਸਬਾਈ ਹੋ ਗਈ, ਗੱਲ ਉਹੀ ਹੈ ।

"ਪਗ ਨਾਚਸਿ ਚਿਤੁ ਅਕਰਮੰ ॥ ਏ ਲੰਪਟ ਨਾਚ ਅਧਰਮੰ ॥੩॥" ਪੈਰਾਂ ਕਰਕੇ ਨਚਦੇ ਹਨ "ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨ੍ਹ੍ਹਿ ਸਿਰ ॥ ਉਡਿ ਉਡਿ ਰਾਵਾ ਝਾਟੈ ਪਾਇ ॥ {ਪੰਨਾ 465}" ਉਹ ਸਰੀਰ ਕਰਕੇ ਨਚਦੇ ਹਨ ਪੈਰਾਂ ਨਾਲ । ਇਹ ਲੰਪਟ ਨਾਚ ਹੈ, ਪਖੰਡ ਹੈ ਏਹੇ ਸਾਰਾ । "ਨਾਚਨੁ ਸੋਇ ਜੁ ਮਨ ਸਿਉ ਨਾਚੈ ॥ {ਪੰਨਾ 872}" ਸਰੀਰ ਤੋਂ ਅਲੱਗ ਹੋ ਕੇ ਮਨ ਦੇ ਨਾਲ ਬੁਧਿ ਨਚੇ, ਉਹ ਖੁਸ਼ੀ ਹੈ ਹੋਰ ਗੱਲ ਹੈ ਉਹੋ । ਜਿਥੇ ਸਰੀਰ involve(ਸ਼ਾਮਿਲ) ਹੋ ਗਿਆ ਧਰਮ 'ਚ, ਉਹ 'ਅਕਰਮ' ਹੋ ਗਿਆ 'ਪਖੰਡ' ਹੋ ਗਿਆ ।

"ਮ੍ਰਿਗ ਆਸਣੁ ਤੁਲਸੀ ਮਾਲਾ ॥ ਕਰ ਊਜਲ ਤਿਲਕੁ ਕਪਾਲਾ ॥" ਮ੍ਰਿਗ ਦੀ ਸ਼ਾਲ/ਖੱਲ(ਮ੍ਰਿਗਸ਼ਾਲਾ) 'ਤੇ ਬਹਿ ਕੇ ਮਾਲਾ ਫੇਰਦਾ ਹੈ, ਤਪ ਕਰਦਾ ਹੈ, ਜਾਂ ਜੋ ਵੀ ਭਗਤੀ ਕਰਦਾ ਹੈ । ਤੁਲਸੀ ਦੀ ਮਾਲਾ ਰਖੀ ਹੋਈ ਹੈ 'ਮ੍ਰਿਗਸ਼ਾਲਾ' 'ਤੇ ਬੈਠ ਕੇ ਫੇਰਦਾ ਹੈ । ਦੇਖੋ ! ਮਾਸ ਤਾਂ ਖਾਂਦਾ ਨਹੀਂ, ਪਰ ਚੰਮ ਦੇ ਉੱਤੇ ਬਹਿੰਦਾ ਹੈ, ਚੰਮ 'ਤੇ ਕਾਹਤੋਂ ਬਹਿੰਦਾ ਹੈ ਫਿਰ ? ਚਮੜਾ ਤਾਂ ਹੀ ਆਊ ਜੇ ਪਹਿਲਾਂ ਮਰੂ । ਐਹੋ ਜਿਹਾ ਧਰਮ ਹੈ ਇਹਨਾਂ ਦਾ, ਕਹਿੰਦੇ ਗੁੜ ਤਾਂ ਖਾਣਾ ਨਹੀਂ ਪਰ ਗਦਾਣਾ ਜਿੰਨਾ ਮਰਜੀ ਦੇ ਦਿਉ ਪੀਣ ਨੂੰ, ਗੁੜ ਨੂੰ ਨਹੀਂ ਹਥ ਲਾਉਣਾ ਪਰ ਗਦਾਣਾ ਪੀ ਲਵਾਂਗੇ, ਉਹਦੇ 'ਚ ਵੀ ਤਾਂ ਗੁੜ ਹੀ ਪਿਆ ਹੋਇਆ ਹੈ । ਜਦ ਥੋਡੇ ਮ੍ਰਿਗਸ਼ਾਲਾ ਆ ਗਈ ਭਗਤੀ ਦੇ ਵਿੱਚ, ਫਿਰ ਮਾਸ ਤਾਂ ਵਿਚੇ ਹੀ ਆ ਗਿਆ । ਸਰੀਰ ਸਾਰਾ ਮਾਸ ਹੀ ਹੈ ਉੱਤੇ ਬੈਠਾ ਹੈ ਜਿਹੜਾ, ਇਹਨੂੰ ਕਿਤੇ ਹੋਰ ਸੁੱਟ ਆਉ ਫਿਰ । "ਕਰ ਊਜਲ ਤਿਲਕੁ ਕਪਾਲਾ" ਸਾਰਾ ਮਥਾ ਹੀ ਤਿਲਕ ਲਾ ਕੇ ਚਿੱਟਾ ਕਰ ਲੈਂਦਾ ਹੈ, ਚੰਦਨ ਘਸਾ ਕੇ ਪਾਉਂਦਾ ਹੈ ਵਿੱਚ ਚਿੱਟਾ ਜਿਹਾ, ਫਿਰ ਚਿੱਟਾ ਹੀ ਦਿਸਦਾ ਹੈ ਉਹੋ ।





No comments:

Post a Comment

Note: Only a member of this blog may post a comment.